ਮੁੰਬਈ: ਆਪਣੀ ਆਉਣ ਵਾਲੀ ਫ਼ਿਲਮ ‘ਪ੍ਰਿਥਵੀਰਾਜ’ ਦੇ ਪ੍ਰਚਾਰ ਲਈ ਅਦਾਕਾਰ ਅਕਸ਼ੈ ਕੁਮਾਰ ਤੇ ਮਾਨੁਸ਼ੀ ਛਿੱਲਰ ਅਤੇ ਫ਼ਿਲਮ ਦੇ ਨਿਰਦੇਸ਼ਕ ਚੰਦਰ ਪ੍ਰਕਾਸ਼ ਦਿਵੇਦੀ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਨਜ਼ਰ ਆਉਣਗੇ। ਇਸ ਸ਼ੋਅ ਦੇ ਮੇਜ਼ਬਾਨ ਕਪਿਲ ਸ਼ਰਮਾ ਨਾਲ ਗੱਲਬਾਤ ਦੌਰਾਨ ਮਾਨੁਸ਼ੀ ਨੇ ਅਕਸ਼ੈ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਉਸ ਨੂੰ ਅਕਸ਼ੈ ਦੀਆਂ ਕਾਮੇਡੀ ਫ਼ਿਲਮਾਂ ਬਹੁਤ ਪਸੰਦ ਹਨ ਤੇ ਉਹ ਅਕਸ਼ੈ ਦੀ ਵੱਡੀ ਪ੍ਰਸ਼ੰਸਕ ਹੈ। ਉਸ ਨੇ ਕਿਹਾ, ”ਅਕਸ਼ੈ ਸਰ ਨੇ ਜੋ ਵੀ ਕਾਮੇਡੀ ਫ਼ਿਲਮਾਂ ਕੀਤੀਆਂ ਹਨ, ਮੈਨੂੰ ਬਹੁਤ ਪਸੰਦ ਹਨ। ਮੈਂ ਉਨ੍ਹਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ, ਪਰ ਫ਼ਿਲਮ ‘ਪ੍ਰਿਥਵੀਰਾਜ’ ਦੇਖਣ ਤੋਂ ਬਾਅਦ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ‘ਪ੍ਰਿਥਵੀਰਾਜ’ ਮੇਰੀ ਪਸੰਦੀਦਾ ਫ਼ਿਲਮ ਹੈ।” ਅਕਸ਼ੈ ਨੇ ਵੀ ਮਾਨੁਸ਼ੀ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਹੈ। ਅਕਸ਼ੈ ਨੇ ਕਿਹਾ, ”ਜੇ ਮੈਂ ਮਾਨੁਸ਼ੀ ਬਾਰੇ ਗੱਲ ਕਰਾਂ ਤਾਂ ਉਸ ਦੀ ਯਾਦਾਸ਼ਤ ਬਹੁਤ ਤੇਜ਼ ਹੈ! ਉਹ ਆਪਣੇ ਸਾਰੇ ਸੰਵਾਦ ਯਾਦ ਰੱਖਣ ਦੇ ਨਾਲ-ਨਾਲ, ਮੇਰੇ ਅਤੇ ਹੋਰ ਅਦਾਕਾਰਾਂ ਦੇ ਡਾਇਲਾਗ ਵੀ ਯਾਦ ਰੱਖਦੀ ਸੀ। ਉਹ ਸਭ ਤੋਂ ਔਖੇ ਸ਼ਬਦਾਂ ਨੂੰ ਯਾਦ ਰੱਖ ਸਕਦੀ ਹੈ।” ‘ਦਿ ਕਪਿਲ ਸ਼ਰਮਾ ਸ਼ੋਅ’ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ‘ਤੇ ਪ੍ਰਸਾਰਿਤ ਹੁੰਦਾ ਹੈ। -ਆਈਏਐੱਨਐੱਸ