ਕਾਨ: ਇੱਥੇ ਲੰਘੀ ਦੇਰ ਰਾਤ 75ਵੇਂ ਕਾਨ ਫਿਲਮ ਫੈਸਟੀਵਲ ਦੇ ਸਮਾਪਤੀ ਸਮਾਰੋਹ ਮੌਕੇ ਸਵੀਡਿਸ਼ ਨਿਰਦੇਸ਼ਕ ਰੁਬੇਨ ਓਸਟਲੰਡ ਦੀ ਫਿਲਮ ‘ਟਰਾਇਐਂਗਲ ਆਫ ਸੈਡਨੈੱਸ’ ਨੂੰ ਪਾਮ ਡੀ’ਓਰ ਐਵਾਰਡ ਨਾਲ ਸਨਮਾਨਿਆ ਗਿਆ। ਕਾਨ ਫਿਲਮ ਸਮਾਰੋਹ ਦਾ ਵਿਸ਼ੇਸ਼ ਐਵਾਰਡ ਜਿੱਤਣ ਵਾਲੀ ਰੁਬੇਨ ਦੀ ਇਹ ਦੂਜੀ ਫਿਲਮ ਹੈ। ਉਸ ਨੇ 2017 ਵਿੱਚ ‘ਦਿ ਸਕੁਏਅਰ’ ਲਈ ਪਾਮ ਡੀ’ਓਰ ਜਿੱਤਿਆ ਸੀ। ਰੁਬੇਨ ਹੁਣ ਨੌਵੇਂ ਨਿਰਦੇਸ਼ਕ ਬਣ ਗਏ ਹਨ, ਜਿਸ ਨੇ ਦੋ ਵਾਰ ਪਾਮ ਡੀ’ਓਰ ਐਵਾਰਡ ਜਿੱਤਿਆ ਹੈ।
ਸਰਵੋਤਮ ਨਿਰਦੇਸ਼ਕ ਦਾ ਐਵਾਰਡ ‘ਡਿਸੀਜ਼ਨ ਟੂ ਲੀਵ’ ਲਈ ਕੋਰਿਆਈ ਨਿਰਦੇਸ਼ਕ ਪਾਰਕ ਚਾਨ-ਵੁੱਕ ਨੂੰ ਮਿਲਿਆ। ਦੂਜੀ ਸਰਵੋਤਮ ਫਿਲਮ ਦਾ ਐਵਾਰਡ ਫਰਾਂਸੀਸੀ ਨਿਰਦੇਸ਼ਕ ਕਲੇਰ ਡੈਨਿਸ ਦੀ ‘ਸਟਾਰਜ਼ ਐਟ ਨੂਨ’ ਅਤੇ ਬੈਲਜੀਅਮ ਦੇ ਨੌਜਵਾਨ ਨਿਰਮਾਤਾ ਲੁਕਾਚ ਧੌਂਟ ਦੀ ਫਿਲਮ ‘ਕਲੋਜ਼’ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ। ਜਾਪਾਨੀ ਨਿਰਦੇਸ਼ਕ ਚੀ ਹਯਾਕਾਵਾ ਨੇ ਆਪਣੀ ਪਹਿਲੀ ਫਿਲਮ ‘ਪਲਾਨ 75’ ਲਈ ਏ ਕੈਮਰਾ ਡੀ’ਓਰ ਸਪੈਸ਼ਲ ਮੈਨਸ਼ਨ ਪੁਰਸਕਾਰ ਜਿੱਤਿਆ। ਕੋਰੀਅਨ ਅਦਾਕਾਰ ਸੌਂਗ ਕਾਂਗ-ਹੋ ਨੂੰ ਜਾਪਾਨੀ ਨਿਰਦੇਸ਼ਕ ਹਿਰੋਕਾਜ਼ੂ ਕੋਰੇ-ਏਡਾ ਦੀ ਫਿਲਮ ‘ਬਰੋਕਰ’ ਵਿੱਚ ਅਦਾਕਾਰੀ ਬਦਲੇ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ। ਇਸੇ ਤਰ੍ਹਾਂ ਇਰਾਨੀ-ਡੈਨਿਸ਼ ਫਿਲਮ ਨਿਰਮਾਤਾ ਅਲੀ ਅੱਬਾਸੀ ਦੀ ‘ਹੋਲੀ ਸਪਾਈਡਰ’ ਵਿੱਚ ਭੂਮਿਕਾ ਨਿਭਾਉਣ ਲਈ ਇਰਾਨੀ ਅਭਿਨੇਤਰੀ ਜ਼ਾਰ ਆਮਿਰ ਇਬਰਾਹਮੀ ਨੂੰ ਸਰਵੋਤਮ ਅਦਾਕਾਰਾ ਦਾ ਐਵਾਰਡ ਮਿਲਿਆ। ਬੈਸਟ ਸਕਰੀਨਪਲੇਅ ਐਵਾਰਡ ਮਿਸਰੀ-ਸਵੀਡਿਸ਼ ਨਿਰਦੇਸ਼ਕ ਤਾਰਿਕ ਸਾਲੇਹ ਦੀ ‘ਬੁਆਏ ਫਰੌਮ ਹੈਵਨ’ ਨੂੰ ਮਿਲਿਆ। ਨੇਪਾਲ ਦੇ ਅਵਿਨਾਸ਼ ਬਿਕਰਮ ਸ਼ਾਹ ਦੀ ਸ਼ਾਰਟ ਫਿਲਮ ‘ਲੋਰੀ’ ਨੇ ਇੱਕ ਵਿਸ਼ੇਸ਼ ਐਵਾਰਡ ਜਿੱਤਿਆ। ਜੱਜਾਂ ਦੀ ਅਗਵਾਈ ਫਰਾਂਸੀਸੀ ਅਦਾਕਾਰ ਵਿਨਸੈਂਟ ਲਿੰਡਨ ਨੇ ਕੀਤੀ ਸੀ। ਜਿਊਰੀ ਵਿੱਚ ਭਾਰਤੀ ਅਦਾਕਾਰਾ ਦੀਪਿਕਾ ਪਾਦੂਕੋਣ ਵੀ ਸ਼ਾਮਲ ਸੀ। -ਪੀਟੀਆਈ
ਦਿੱਲੀ ਦੇ ਸ਼ੌਨਕ ਸੇਨ ਦੀ ‘ਆਲ ਦੈਟ ਬਰੀਦਜ਼’ ਨੂੰ ਬੈਸਟ ਦਸਤਾਵੇਜ਼ੀ ਐਵਾਰਡ
ਦਿੱਲੀ ਦੇ ਸ਼ੌਨਕ ਸੇਨ ਦੀ ‘ਆਲ ਦੈਟ ਬਰੀਦਜ਼’ ਨੇ 75ਵੇਂ ਕਾਨ ਫਿਲਮ ਫੈਸਟੀਵਲ ਵਿੱਚ ਸਰਵੋਤਮ ਦਸਤਾਵੇਜ਼ੀ ਲਈ 2022 ਲਿ’ਓਇਲ ਡੀ’ਓਰ (ਗੋਲਡਨ ਆਈ) ਐਵਾਰਡ ਜਿੱਤਿਆ। ਸੇਨ ਦਾ ਇਹ ਐਵਾਰਡ ਕਾਨ ਵਿੱਚ ਦੋ ਸਾਲਾਂ ਅੰਦਰ ਭਾਰਤ ਦੀ ਦੂਜੀ ਪ੍ਰਾਪਤੀ ਹੈ। 2021 ਵਿੱਚ ਪਾਇਲ ਕਪਾੜੀਆ ਦੀ ‘ਏ ਨਾਈਟ ਆਫ ਨੋਇੰਗ ਨਥਿੰਗ’ ਨੇ ਲਿ’ਓਇਲ ਡੀ’ਓਰ ਐਵਾਰਡ ਜਿੱਤਿਆ ਸੀ। ਇਸੇ ਤਰ੍ਹਾਂ ਸੈਮ ਸਾਦਿਕ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਪਾਕਿਸਤਾਨੀ ਫਿਲਮ ‘ਜੁਆਏਲੈਂਡ’ ਨੇ ਫੈਸਟੀਵਲ ‘ਚ ਜਿਊਰੀ ਪੁਰਸਕਾਰ ਜਿੱਤਿਆ, ਜਿਸ ਨਾਲ ਇਹ ਪੁਰਸਕਾਰ ਜਿੱਤਣ ਵਾਲੀ ਉਪ-ਮਹਾਂਦੀਪ ਦੀ ਇਹ ਪਹਿਲੀ ਫਿਲਮ ਬਣ ਗਈ। ਫਿਲਮ ਦੇ ਮੁੱਖ ਕਿਰਦਾਰਾਂ ਵਿੱਚ ਇੱਕ ਕਿੰਨਰ ਦੀ ਭੂਮਿਕਾ ਅਸਲ ਜ਼ਿੰਦਗੀ ‘ਚ ਕਿੰਨਰ ਅਲੀਨਾ ਖ਼ਾਨ ਨੇ ਨਿਭਾਈ ਹੈ।