ਪਰਮਜੀਤ ਕੌਰ ਸਰਹਿੰਦ
ਕਿਸੇ ਵੀ ਦੇਸ਼, ਸੂਬੇ ਜਾਂ ਖਿੱਤੇ ਦੇ ਰੀਤੀ- ਰਿਵਾਜ ਉੱਥੋਂ ਦੇ ਸੱਭਿਆਚਾਰ ਦਾ ਪ੍ਰਤੱਖ ਦਰਸ਼ਨ ਹੁੰਦੇ ਹਨ। ਇਨ੍ਹਾਂ ਰਸਮਾਂ ਵਿੱਚ ਪਰਿਵਾਰਕ, ਭਾਈਚਾਰਕ ਤੇ ਸਮਾਜਿਕ ਸਾਂਝ ਪ੍ਰਮੁੱਖ ਹੁੰਦੀ ਹੈ।
ਵਿਆਹ ਦੀਆਂ ਰਸਮਾਂ ਦੀ ਗੱਲ ਕੀਤੀ ਜਾਵੇ ਤਾਂ ਸਾਹੇ ਚਿੱਠੀ ਤੋਂ ਸ਼ੁਰੂ ਹੋ ਕੇ ਬੰਨੋ ਦੀ ਡੋਲੀ ਆਉਣ ਤੋਂ ਬਾਅਦ ਵੀ ਛੋਟੀਆਂ- ਮੋਟੀਆਂ ਰੀਤਾਂ ਹੁੰਦੀਆਂ ਰਹਿੰਦੀਆਂ ਹਨ। ਅੱਜ ਤਾਂ ਵਿਆਹ ਦੀਆਂ ਰਸਮਾਂ ਇੱਕ- ਦੋ ਦਿਨਾਂ ਵਿੱਚ ਸਿਮਟ ਕੇ ਰਹਿ ਗਈਆਂ ਹਨ। ਬੀਤੇ ਸਮੇਂ ਅਰਥ ਭਰਪੂਰ ਤੇ ਰੌਣਕ ਭਰੀਆਂ ਰਸਮਾਂ ਮਹੀਨੇ ਤੋਂ ਵੀ ਵੱਧ ਸਮਾਂ ਚੱਲਦੀਆਂ ਰਹਿੰਦੀਆਂ ਸਨ। ਸਾਹੇ ਚਿੱਠੀ ਤੋਰ ਕੇ ਜਾਂ ਮੰਗਵਾ ਕੇ ਵਿਆਹ ਦੇ ਕੰਮ ਸ਼ੁਰੂ ਕੀਤੇ ਜਾਂਦੇ। ਮਾਂਹ ਹੱਥ ਲਾਉਣ ਦਾ ਸ਼ਗਨ ਕਰਕੇ ਪੀਹਣ ਕਰਨਾ, ਆਟਾ ਪਿਹਾਉਣਾ, ਦਾਲ- ਚੌਲ ਚੁਗਣੇ ਜਾਂ ਛੱਟਣੇ ਤੇ ਆਟਾ ਛਾਣਨਾ। ਇਹ ਸਾਰੇ ਕੰਮ ਸ਼ਰੀਕੇ-ਭਾਈਚਾਰੇ ਦੀਆਂ ਔਰਤਾਂ ਰਲ ਕੇ ਕਰਦੀਆਂ। ਕੰਮ ਕਰਦੀਆਂ ਔਰਤਾਂ ਮੁੰਡੇ ਦੇ ਵਿਆਹ ਮੌਕੇ ਘੋੜੀਆਂ ਤੇ ਵਿਢੜੇ ਗਾਉਂਦੀਆਂ। ਕੁੜੀ ਦੇ ਵਿਆਹ ਮੌਕੇ ਸੁਹਾਗ ਗਾਏ ਜਾਂਦੇ। ਵਿਢੜੇ ਤੇ ਸਿੱਠਣੀਆਂ ਲੋਕ-ਕਾਵਿ ਦੀ ਅਜਿਹੀ ਵਿਧਾ ਹੈ ਜੋ ਮੁੰਡੇ- ਕੁੜੀ ਦੋਵਾਂ ਦੇ ਵਿਆਹ ਵਿੱਚ ਲਾਗੂ ਹੁੰਦੀ ਹੈ। ਕੰਮ ਕਰਦੀਆਂ ਔਰਤਾਂ ਕੋਲੋਂ ਕੋਈ ਦਿਓਰ- ਜੇਠ ਲੰਘਦਾ ਜੇ ਸਹਿਜ ਸੁਭਾਅ ਵੀ ਉਨ੍ਹਾਂ ਵੱਲ ਝਾਤੀ ਮਾਰ ਲੈਂਦਾ ਤਾਂ ਉਸ ਦੀ ਖੈਰ ਨਾ ਹੁੰਦੀ। ਮਸਤੀ ਵਿੱਚ ਆਈਆਂ ਭਰਜਾਈਆਂ ਉਹਨੂੰ ਸਿੱਠਣੀ ਦਿੰਦੀਆਂ :
ਬਲਵਿੰਦਰ ਸਿਉਂ ਇਉਂ ਝਾਕੇ ਜਿਵੇਂ
ਚਾਮਚੜਿੱਕ ਦੇ ਡੇਲੇ,
ਅਸੀਂ ਨਹੀਂ ਲੈਣੇ ਪੱਤਾਂ ਬਾਝ ਕਰੇਲੇ।
ਬਲਵਿੰਦਰ ਸਿਉਂ ਵਿਚਾਰਾ ਪੱਤਰੇ ਵਾਚ ਜਾਂਦਾ ਤੇ ਪਿੱਛੇ ਮੁੜ ਕੇ ਨਾ ਦੇਖਦਾ। ਹੱਸਦੀਆਂ-ਖੇਡਦੀਆਂ ਔਰਤਾਂ ਔਖੇ ਕੰਮ ਵੀ ਸੌਖਿਆਂ ਨਬੇੜ ਲੈਂਦੀਆਂ। ਇਨ੍ਹਾਂ ਰੰਗਲੀਆਂ ਤੇ ਰੌਣਕ ਭਰੀਆਂ ਰਸਮਾਂ ਨਾਲ ਕੇਵਲ ਵਿਆਹ ਵਾਲੇ ਘਰ ਹੀ ਨਹੀਂ ਬਲਕਿ ਗਲੀ- ਗੁਆਂਢ ਤੇ ਸ਼ਰੀਕੇ-ਕਬੀਲੇ ਵਿੱਚ ਵੀ ਵਿਆਹ ਬੀਤਦਾ। ਵਿਆਹ ਤੋਂ ਘੱਟੋ ਘੱਟ ਪੰਦਰਾਂ ਜਾਂ ਇੱਕੀ ਦਿਨ ਪਹਿਲਾਂ ਗੌਣ ਬਿਠਾਇਆ ਜਾਂਦਾ। ਰਾਤ ਦੇ ਰੋਟੀ- ਟੁੱਕ ਤੋਂ ਵਿਹਲੀਆਂ ਹੋ ਕੇ ਗੁਆਂਢਣਾਂ ਤੇ ਭਾਈਚਾਰੇ ਵਾਲੀਆਂ ਔਰਤਾਂ ਕਾਰਜ ਵਾਲੇ ਘਰ ਆ ਜੁੜਦੀਆਂ ਤੇ ਖੁੱਲ੍ਹੇ ਵਿਹੜੇ ਜਾਂ ਛੱਤ ਉੱਤੇ ਬੈਠ ਕੇ ਦੇਰ ਰਾਤ ਤੱਕ ਗੀਤ ਗਾਉਂਦੀਆਂ ਰਹਿੰਦੀਆਂ। ਕੁੜੀਆਂ ਦੇ ਵਿਆਹ ਵੇਲੇ ਖੁਸ਼ੀ ਦੇ ਨਾਲ ਧੀ ਨੂੰ ਘਰੋਂ ਵਿਦਾ ਕਰਨ ਦਾ ਵੈਰਾਗ ਵੀ ਮਾਹੌਲ ਵਿੱਚ ਰਲਿਆ ਹੁੰਦਾ। ਪੁੱਤਰ ਦੇ ਵਿਆਹ ਸਮੇਂ ਪਰਿਵਾਰ ਦੇ ਧਰਤੀ ‘ਤੇ ਪੈਰ ਨਾ ਲੱਗਦੇ।
ਭਰਾ ਦੇ ਵਿਆਹ ਦਾ ਚਾਅ ਸਭ ਤੋਂ ਵੱਧ ਭੈਣ ਨੂੰ ਹੁੰਦਾ। ਜੇ ਭੈਣ ਛੋਟੀ ਤੇ ਕੁਆਰੀ ਹੁੰਦੀ, ਇਸ ਚਾਅ ਵਿੱਚ ਹੋਰ ਵੀ ਇਜ਼ਾਫਾ ਹੋ ਜਾਂਦਾ ਕਿਉਂਕਿ ਨਣਦ ਆਪਣੀ ਭਰਜਾਈ ਨੂੰ ਸਹੇਲੀ ਦੇ ਰੂਪ ਵਿੱਚ ਵੀ ਦੇਖਦੀ।
ਵਿਆਹ ਨਾਲ ਸਬੰਧਿਤ ਇੱਕ ਰਿਵਾਜ ਸੰਦੂਕ ਜਾਂ ਪੇਟੀ ਖੁਲ੍ਹਾਈ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ। ਵਹੁਟੀ ਦੇ ਦਾਜ ਦੇ ਕੱਪੜਿਆਂ ਵਿੱਚ ਜਿੱਥੇ ਸੱਸ, ਦਾਦਸ (ਦਾਦੀ ਸੱਸ), ਦਰਾਣੀ, ਜੇਠਾਣੀ, ਨਾਨਕਿਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਕੱਪੜੇ ਦਿੱਤੇ ਜਾਂਦੇ ਹਨ, ਉੱਥੇ ਨਣਦਾਂ ਨੂੰ ਵੀ ਬਰਾਬਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਛੋਟੀ ਨਣਦ ਨੂੰ ਸੰਦੂਕ ਜਾਂ ਪੇਟੀ ਖੋਲ੍ਹਣ ਦੇ ਸ਼ਗਨ ਵਜੋਂ ਇੱਕ ਸੂਟ ਵੱਖਰਾ ਦਿੱਤਾ ਜਾਂਦਾ। ਨਣਦ ਕੁਆਰੀ ਹੋਵੇ ਜਾਂ ਵਿਆਹੀ ਇਸ ਦਾ ਕੋਈ ਫ਼ਰਕ ਨਹੀਂ ਪੈਂਦਾ। ਛੋਟੀ ਨਣਦ ਨੂੰ ਭਰਜਾਈ ਦੇ ਪੇਕਿਆਂ ਤੋਂ ਆਉਣ ਵਾਲੇ ਸੰਦੂਕ ਜਾਂ ਪੇਟੀ ਖੁਲ੍ਹਾਈ ਦੇ ਸੂਟ ਦਾ ਭਰਜਾਈ ਦੇ ਆਉਣ ਜਿਨ੍ਹਾਂ ਹੀ ਚਾਅ ਹੁੰਦਾ।
ਛੇ ਕੁ ਦਹਾਕੇ ਪਹਿਲਾਂ ਇਸ ਰਸਮ ਦਾ ਰੰਗ-ਰੂਪ
ਕੁਝ ਹੋਰ ਸੀ। ਸਮੇਂ ਦੇ ਨਾਲ ਬਾਕੀ ਵਰਤਾਰਿਆਂ
ਵਾਂਗ ਇਹ ਰਿਵਾਜ ਵੀ ਬਦਲ ਗਿਆ। ਵਿਆਹ
ਮੌਕੇ ਕੁੜੀ ਨੂੰ ਪਿਛਲੇ ਸਮੇਂ ਸੰਦੂਕ ਦਿੱਤਾ ਜਾਂਦਾ
ਸੀ। ਸੰਦੂਕ ਨਾਲ ਸਬੰਧਤ ਬੋਲੀਆਂ ਜਾਂ ਗੀਤ ਵੀ
ਸੁਣਨ ਨੂੰ ਮਿਲਦੇ ਹਨ। ਜਿਵੇਂ:
* ਨਿੰਮ ਦੇ ਸੰਦੂਕ ਵਾਲੀਏ
ਕਿਹੜੇ ਪਿੰਡ ਮੁਕਲਾਵੇ ਜਾਣਾ।
* ਗੱਡੇ ਉੱਤੇ ਆ ਗਿਆ
ਸੰਦੂਕ ਮੁਟਿਆਰ ਦਾ।
ਸਮਾਂ ਪਾ ਕੇ ਲੱਕੜ ਜਾਂ ਲੋਹੇ- ਇਸਪਾਤ ਦੀਆਂ ਪੇਟੀਆਂ ਦੇਣ ਦਾ ਰੁਝਾਨ ਹੋ ਗਿਆ। ਕੁੜੀ ਨੂੰ ਦਾਜ ਵਿੱਚ ਦਿੱਤੇ ਸੰਦੂਕ ਜਾਂ ਪੇਟੀ ਨੂੰ ਤਾਲਾ ਨਹੀਂ ਸੀ ਲਗਾਇਆ ਜਾਂਦਾ। ਉਸ ਦੇ ਕੁੰਡੇ ਨੂੰ ਮੌਲ਼ੀ (ਖੰਮ੍ਹਣੀ) ਦਾ ਜੋੜਾ ਬੰਨ੍ਹਿਆ ਜਾਂਦਾ। ਸਹੁਰੇ ਘਰ ਪੁੱਜਣ ‘ਤੇ ਗੁਆਂਢਣਾਂ ਤੇ ਭਾਈਚਾਰੇ ਦੀਆਂ ਔਰਤਾਂ ਨੂੰ ਸੱਦ ਕੇ ਸੰਦੂਕ ਜਾਂ ਪੇਟੀ ਖੋਲ੍ਹਣ ਦੀ ਰਸਮ ਕੀਤੀ ਜਾਂਦੀ। ਛੋਟੀ ਨਣਦ ਕੁੰਡੇ ਨੂੰ ਬੰਨ੍ਹੀ ਮੌਲ਼ੀ ਖੋਲ੍ਹਦੀ। ਛੋਟੀ ਨਣਦ ਦੀ ਅਣਹੋਂਦ ਵਾਲੇ ਪਰਿਵਾਰ ਵਿੱਚ ਵੱਡੀ ਨਣਦ ਇਹ ਰਸਮ ਨਿਭਾਉਂਦੀ। ਦਾਜ ਦਾ ਸਾਰਾ ਸਾਮਾਨ ਵਿਹੜੇ ਜਾਂ ਸਵਾਤ ਵਿੱਚ ਡਾਹੇ ਮੰਜਿਆਂ ਉੱਤੇ ਸਲੀਕੇ ਨਾਲ ਰੱਖਿਆ ਜਾਂਦਾ। ਵਹੁਟੀ ਦੇ ਸੂਟ ਅਲੱਗ ਰੱਖੇ ਜਾਂਦੇ। ਇਕੱਠੀਆਂ ਹੋਈਆਂ ਔਰਤਾਂ ਜਾਂ ਵਹੁਟੀ ਨਣਦ ਨੂੰ ਵਹੁਟੀ ਵਾਲੇ ਸੂਟਾਂ ਵਿੱਚੋਂ ਇੱਕ ਮਨਪਸੰਦ ਸੂਟ ਚੁੱਕਣ ਲਈ ਕਹਿੰਦੀਆਂ। ਜੇ ਉਹ ਝਿਜਕਦਿਆਂ ਸੂਟ ਨਾ ਚੁੱਕਦੀ ਤਾਂ ਕੋਈ ਹੋਰ ਸਿਆਣੀ ਔਰਤ ਜਾਂ ਨਵੀਂ ਆਈ ਭਰਜਾਈ ਆਪ ਹੀ ਆਪਣੀ ਨਣਦ ਨੂੰ ਕੋਈ ਵੀ ਸੂਟ ਚੁੱਕ ਕੇ ਫੜਾ ਦਿੰਦੀ। ਵਿਆਹੀ ਨਣਦ ਨੂੰ ਭਰਜਾਈ ਆਪਣੇ ਦਾਜ ਵਿੱਚ ਲਿਆਂਦੀਆਂ ਹੱਥੀਂ ਬੁਣੀਆਂ ਪੱਖੀਆਂ, ਕਢਾਈ ਕੀਤੇ ਰੁਮਾਲ, ਝੋਲੇ, ਮੇਜ਼ਪੋਸ਼, ਬੁਣੇ ਹੋਏ ਨਾਲੇ ਤੇ ਕਢਾਈ ਕੀਤੀ ਕੋਈ ਫੋਟੋ ਜਾਂ ਸੀਨਰੀ ਵੀ ਸੌਗਾਤ ਵਜੋਂ ਦੇ ਦਿੰਦੀ। ਇਹ ਰਸਮਾਂ-ਰੀਤਾਂ ਮੋਹ-ਪਿਆਰ ਦੀਆਂ ਪ੍ਰਤੀਕ ਹੁੰਦੀਆਂ। ਦਾਜ ਦਾ ਦਿਖਾਵਾ ਦੇਖਣ ਆਈਆਂ ਕੁੜੀਆਂ- ਬੁੜ੍ਹੀਆਂ ਆਈ ਨੂੰਹ ਦੀ ਵਡਿਆਈ ਕਰਦੀਆਂ।
ਮਨੁੱਖੀ ਸੋਚ ਦੇ ਨਾਲ ਰਿਵਾਜ ਵੀ ਬਦਲਦੇ ਗਏ। ਸੰਦੂਕ ਦੀ ਥਾਂ ਪੇਟੀ ਪ੍ਰਧਾਨ ਹੋ ਗਈ। ‘ਪੇਟੀ ਖੁਲ੍ਹਾਈ ਦਾ ਸੂਟ’ ਦੀ ਪਰਚੀ ਲੱਗਿਆ ਸੂਟ ਪੇਟੀ ਦਾ ਢੱਕਣ ਖੋਲ੍ਹਣ ਸਾਰ ਉੱਤੇ ਹੀ ਪਿਆ ਦਿਸਣ ਲੱਗਾ। ਭਾਵੇਂ ਸੂਟ ਵਧੀਆ ਹੀ ਹੁੰਦਾ, ਪਰ ਨਣਦ ਦੇ ਮਨ ਪਸੰਦ ਸੂਟ ਲੈਣ ਦਾ ਮਾਣ ਤੇ ਚਾਅ ਮਨ ਮਸੋਸ ਕੇ ਰਹਿ ਜਾਂਦਾ। ਨਵੀਂ ਭਰਜਾਈ ਆਪਣੇ ਸਾਰੇ ਸੂਟ ਸਲਾਈ ਕਰਵਾ ਕੇ ਲਿਆਉਣ ਲੱਗੀ। ਹੱਥ ਦੀਆਂ ਬਣਾਈਆਂ ਪੱਖੀਆਂ ਤੇ ਹੋਰ ਕਸੀਦਾਕਾਰੀਆਂ ਬਿਜਲਈ ਸਾਮਾਨ, ਕੈਸ਼ ਜਾਂ ਚੈੱਕ ਵਿੱਚ ਬਦਲ ਗਈਆਂ। ਆਧੁਨਿਕ ਸਮਾਜ ਵਿੱਚ ਸੰਦੂਕ ਤੇ ਪੇਟੀਆਂ ਕਿਤੇ ਖੱਲ- ਖੂੰਜੇ ਜਾ ਵੜੇ ਜਾਂ ਸੱਭਿਆਚਾਰਕ ਪ੍ਰੋਗਰਾਮਾਂ ਦੇ ਸਟੇਜਾਂ ਉੱਤੇ ਜਾ ਚੜ੍ਹੇ। ਸੰਦੂਕ ਜਾਂ ਪੇਟੀ ਖੁਲ੍ਹਾਈ ਦਾ ਸੂਟ ਇਸ ਚਕਾਚੌਂਧ ਵਿੱਚ ਕਿਤੇ ਰੁਲ ਕੇ ਰਹਿ ਗਿਆ। ਕੀ ਪਿੰਡ, ਕੀ ਸ਼ਹਿਰ ਘਰ-ਘਰ ਵਿੱਚ ਬਣੇ ਕਪਬੋਰਡਾਂ ਨੇ ਇਹ ਰੀਤੀ- ਰਿਵਾਜ ਆਪਣੇ ਤਹਿਖਾਨਿਆਂ ਵਿੱਚ ਛੁਪਾ ਲਏ।
ਕੋਈ ਵੀ ਨਣਦ ਆਪਣੀ ਭਰਜਾਈ ਦੇ ਪੇਕਿਆਂ ਦੇ ਸੂਟ ਖੁਣੋਂ ਥੁੜੀ ਨਹੀਂ ਹੁੰਦੀ, ਪਰ ਇੱਕ ਰੀਝ ਇੱਕ ਅਨੋਖਾ ਜਿਹਾ ਚਾਅ ਹੁੰਦਾ ਸੀ ਕੁੜੀਆਂ ਨੂੰ ਇਸ ਸੰਦੂਕ ਜਾਂ ਪੇਟੀ ਖੁਲ੍ਹਾਈ ਦੇ ਸੂਟ ਦਾ। ਕਈ ਪਰਿਵਾਰਾਂ ਵਿੱਚ ਇਹ ਅਪਣੱਤ ਭਰਿਆ ਵਰਤਾਰਾ ਅਜੇ ਵੀ ਹੈ, ਪਰ ਆਮਤੌਰ ‘ਤੇ ਇਹ ਰਸਮਾਂ ਵਿੱਚੋਂ ਮਨਫ਼ੀ ਹੋ ਗਿਆ ਹੈ। ਭਾਵੇਂ ਸੱਸ-ਸਹੁਰੇ ਤੇ ਹੋਰ ਰਿਸ਼ਤੇਦਾਰਾਂ ਲਈ ਅਜੇ ਵੀ ਕੱਪੜੇ-ਲੀੜੇ ਦੇਣ ਦਾ ਰਿਵਾਜ ਪ੍ਰਚੱਲਿਤ ਹੈ ਜਿਸ ਵਿੱਚ ਨਣਦਾਂ ਦੇ ਸੂਟ ਵੀ ਹੁੰਦੇ ਹਨ, ਪਰ ਘਰ ਦੀਆਂ ਧੀਆਂ- ਭੈਣਾਂ ਦਾ ਉਹ ਮੋਹ ਵੰਨਾਂ ਤੇ ਮਾਣਮੱਤਾ ਸ਼ਗਨਾਂ ਦਾ ਸੂਟ ਮੁੜ- ਮੁੜ ਯਾਦ ਆਉਂਦਾ ਹੈ। ਯਾਦ ਆਉਂਦਾ ਹੈ ਆਪਣੇ ਭਰਾਵਾਂ ਦੇ ਸਹੁਰਿਆਂ ਤੋਂ ਆਇਆ ਸੰਦੂਕ ਜਾਂ ਪੇਟੀ ਖੁਲ੍ਹਾਈ ਦਾ ਸੂਟ। ਯਾਦ ਆਉਂਦੀ ਹੈ ਕੁੰਡੇ ਨਾਲੋਂ ਸੂਹੀ ਮੌਲ਼ੀ ਦਾ ਕੂਲਾ਼ ਜਿਹਾ ਜੋੜਾ ਖੋਲ੍ਹਣਾ। ਭਾਵੇਂ ਇਨ੍ਹਾਂ ਰੀਤੀ- ਰਿਵਾਜਾਂ ਜਾਂ ਪੁਰਾਣੇ ਸੰਦੂਕਾਂ, ਪੇਟੀਆਂ, ਚਰਖਿਆਂ ਤੇ ਚੱਕੀਆਂ ਦਾ ਅੱਜ ਦੇ ਸਮੇਂ ਨਾਲ ਕੋਈ ਮੇਲ ਨਹੀਂ ਹੈ, ਫਿਰ ਵੀ ਉਹ ਆਪਣੇ ਵਡੇਰਿਆਂ, ਆਪਣੇ ਪੁਰਖਿਆਂ ਵਾਂਗ ਚੇਤਿਆਂ ਵਿੱਚ ਵਸਦੇ ਹਨ। ਭੁਲਾਇਆਂ ਵੀ ਨਹੀਂ ਭੁੱਲਦੀਆਂ ਉਹ ਰੌਣਕਾਂ, ਉਹ ਮੋਹ ਭਿੱਜੀਆਂ ਰੰਗ ਰੱਤੀਆਂ ਰਸਮਾਂ।
ਸੰਪਰਕ: 98728-98599