ਸੁਰਜੀਤ ਜੱਸਲ
ਪਿਛਲੇ ਦਿਨਾਂ ਵਿੱਚ ਰਿਲੀਜ਼ ਹੋਈਆਂ ਫਿਲਮਾਂ ਤੋਂ ਲੱਗਦਾ ਹੈ ਕਿ ਪੰਜਾਬੀ ਸਿਨਮਾ ਹੁਣ ਵਿਆਹਾਂ ਦੇ ਕਾਮੇਡੀ ਮਾਹੌਲ ਤੋਂ ਨਿਕਲ ਕੇ ਸਮਾਜ ਨਾਲ ਜੁੜੀਆਂ ਪਰਿਵਾਰਕ ਕਹਾਣੀਆਂ ਵੱਲ ਆਇਆ ਹੈ। ਇੰਨ੍ਹੀਂ ਦਿਨੀਂ ਚਰਚਾ ਵਿੱਚ ਫਿਲਮ ‘ਮਾਹੀ ਮੇਰਾ ਨਿੱਕਾ’ ਜਿਹਾ ਵੀ ਸਮਾਜਿਕ ਕਹਾਣੀ ਦਾ ਆਧਾਰ ਹੈ ਜੋ ਮਧਰੇ ਕੱਦ ਵਾਲੇ ਵਿਅਕਤੀ ਦੀ ਜ਼ਿੰਦਗੀ ਨਾਲ ਜੁੜੀ, ਇਹ ਦੱਸਣ ਦਾ ਯਤਨ ਕਰਦੀ ਹੈ ਕਿ ਕਿਸੇ ਵਿਅਕਤੀ ਦੀ ਪਛਾਣ ਉਸ ਦਾ ਕੱਦ, ਰੰਗ-ਰੂਪ ਜਾਂ ਪਹਿਰਾਵਾ ਨਹੀਂ ਹੁੰਦਾ ਬਲਕਿ ਉਸ ਦਾ ਚੰਗਾ ਸੁਭਾਅ, ਕਾਬਲੀਅਤ ਹੀ ਉਸ ਦੀ ਅਸਲ ਪਛਾਣ ਹੁੰਦੇ ਹਨ। ਕਾਮੇਡੀ ਤੇ ਮਨੋਰੰਜਨ ਦੇ ਰੰਗ ਵਿੱਚ ਰੰਗੀ ਇਹ ਫਿਲਮ ਨੌਜਵਾਨ ਦਿਲਾਂ ਵਿਚਲੀ ਮੁਹੱਬਤ ਅਤੇ ਜਜ਼ਬਾਤਾਂ ਨੂੰ ਵੀ ਬਾਖੂਬੀ ਪੇਸ਼ ਕਰਦੀ ਹੈ।
ਰੰਜੀਵ ਸਿੰਗਲਾ ਪ੍ਰੋਡਕਸ਼ਨ ਦੀ ਇਸ ਫਿਲਮ ਦੀ ਕਹਾਣੀ ਮੁਤਾਬਕ ਮਧਰੇ ਕੱਦ ਵਾਲੇ ਪਤੀ ਤੋਂ ਦੁਖੀ ਪਤਨੀ ਆਪਣੀ ਧੀ ਲਈ ਉੱਚੇ ਲੰਮੇ, ਸੋਹਣੇ ਸੁਨੱਖੇ ਗੱਭਰੂ ਮੁੰਡੇ ਦੀ ਭਾਲ ਕਰਦੀ ਹੈ, ਪਰ ਹੋ ਕੁਝ ਹੋਰ ਹੀ ਜਾਂਦਾ ਹੈ। ਅਨੀਤਾ ਦੇਵਗਨ ਪੰਜਾਬੀ ਸਿਨਮਾ ਦੀ ਸਿਰਮੌਰ ਅਦਾਕਾਰਾ ਹੈ। ਉਸ ਨੇ ਇਸ ਫਿਲਮ ਵਿੱਚ ਵੀ ਕਮਾਲ ਦੀ ਅਦਾਕਾਰੀ ਕੀਤੀ ਹੈ। ਪਿਉ-ਪੁੱਤ ਦੀ ਜੋੜੀ ਜਸਵਿੰਦਰ ਭੱਲਾ ਤੇ ਪੁਖਰਾਜ ਭੱਲਾ ਵੀ ਇਸ ਫਿਲਮ ਦੀ ਸ਼ਾਨ ਬਣੇ ਹਨ। ਜਿੱਥੇ ਪੁਖਰਾਜ ਭੱਲਾ ਹੀਰੋ ਬਣਕੇ ਪਛਾਣ ਗੂੜ੍ਹੀ ਕਰੇਗਾ, ਉੱਥੇ ਜਸਵਿੰਦਰ ਭੱਲਾ ‘ਵੈਦ’ ਬਣਿਆ ਕੱਦ ਵਧਾਉਣ ਦੇ ਨੁੁਸਖੇ ਦਿੰਦਾ ਨਵੀਂ ਕਾਮੇਡੀ ਕਰਦਾ ਨਜ਼ਰ ਆਉਂਦਾ ਹੈ।
ਮਾਡਲਿੰਗ ਤੋਂ ਫਿਲਮੀ ਪਰਦੇ ‘ਤੇ ਆਈ ਹਸ਼ਨੀਨ ਚੌਹਾਨ ਦੀ ਪੁਖਰਾਜ ਭੱਲਾ ਨਾਲ ਰੁਮਾਂਟਿਕ ਜੋੜੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਫਿਲਮ ਦਾ ਨਿਰਦੇਸ਼ਕ ਸਤਿੰਦਰ ਸਿੰਘ ਦੇਵ ਹੈ ਜੋ ਅਨੇਕਾਂ ਨਾਮੀਂ ਨਿਰਦੇਸ਼ਕਾਂ ਦਾ ਸਹਾਇਕ ਰਿਹਾ ਹੈ। ਉਸ ਨੇ ਹਰੇਕ ਦ੍ਰਿਸ਼ ਨੂੰ ਬਾਖੂਬੀ ਫਿਲਮਾਇਆ ਹੈ। ਫਿਲਮ ਦੀ ਕਹਾਣੀ ਜਗਦੇਵ ਸੇਖੋਂ ਨੇ ਲਿਖੀ ਹੈ। ਸਕਰੀਨ ਪਲੇਅ ਅਮਨ ਸਿੱਧੂ ਨੇ ਲਿਖਿਆ ਹੈ ਜਦੋਂਕਿ ਡਾਇਲਾਗ ਅਮਨ ਸਿੱਧੂ ਤੇ ਭਿੰਦੀ ਤੋਲਾਵਾਲ ਨੇ ਲਿਖੇ ਹਨ। ਫਿਲਮ ਵਿੱਚ ਪੁਖਰਾਜ ਭੱਲਾ, ਹਸ਼ਨੀਨ ਚੌਹਾਨ, ਜਸਵਿੰਦਰ ਭੱਲਾ, ਅਨੀਤਾ ਦੇਵਗਨ, ਸੀਮਾ ਕੌਸ਼ਲ, ਕਰਨਵੀਰ ਦਿਓਲ, ਸੁੱਖੀ ਚਹਿਲ, ਏਕਤਾ ਗੁਲਾਟੀ ਖੇੜਾ, ਹਨੀ ਮੱਟੂ, ਜੱਗੀ ਧੂਰੀ, ਅਸ਼ੋਕ ਪਾਠਕ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫਿਲਮ ਦਾ ਸੰਗੀਤ ਗੁਰਮੀਤ ਸਿੰਘ ਤੇ ਜੱਗੀ ਸਿੰਘ ਨੇ ਦਿੱਤਾ ਹੈ। ਕਮਲ ਖਾਂ, ਪ੍ਰਭ ਗਰੇਵਾਲ ਤੇ ਗੁਰਲੇਜ਼ ਅਖ਼ਤਰ ਨੇ ਪਲੇਅ ਬੈਕ ਗਾਇਆ ਹੈ। ਆਮ ਪੰਜਾਬੀ ਫਿਲਮਾਂ ਤੋਂ ਹਟਕੇ ਬਣੀ ਇਹ ਫਿਲਮ ਪਰਿਵਾਰ ਸਮੇਤ ਵੇਖਣਯੋਗ ਹੈ।
ਸੰਪਰਕ: 98146-07737