ਗੁਰਮੀਤ ਸਿੰਘ*
ਚਿੱਟ ਹਿੱਕੀ ਜਲ ਕੁਕੜੀ ਸ਼ਰਮੀਲਾ ਪੰਛੀ ਹੈ ਜੋ ਅਕਸਰ ਕੁਦਰਤੀ ਅਤੇ ਸ਼ਹਿਰੀ ਨਿਵਾਸ ਸਥਾਨਾਂ ਜਿਵੇਂ ਕਿ ਗਿੱਲੇ ਖੇਤਰਾਂ, ਨਦੀਆਂ ਅਤੇ ਛੱਪੜਾਂ ਵਿੱਚ ਖੁੱਲ੍ਹੇ ਤੌਰ ‘ਤੇ ਘੁੰਮਦਾ ਫਿਰਦਾ ਦੇਖਿਆ ਜਾ ਸਕਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਵ੍ਹਾਈਟ ਬਰੈਸਟਡ ਵਾਟਰਹੈਨ’ (White breasted water hen) ਅਤੇ ਹਿੰਦੀ ਵਿੱਚ ਜਲਮੁਰਗੀ ਕਿਹਾ ਜਾਂਦਾ ਹੈ। ਇਹ ਪੰਛੀ ਭਾਰਤੀ ਉਪ ਮਹਾਂਦੀਪ, ਪੂਰਬੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ, ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਵਿੱਚ ਪਾਇਆ ਜਾਂਦਾ ਹੈ। ਵੱਡੇ ਨਰ ਪੰਛੀ ਦਾ ਭਾਰ 200 ਤੋਂ 330 ਗ੍ਰਾਮ ਹੁੰਦਾ ਹੈ ਜਦੋਂਕਿ ਮਾਦਾ ਦਾ ਭਾਰ 160 ਤੋਂ 230 ਗ੍ਰਾਮ ਹੁੰਦਾ ਹੈ। ਇਨ੍ਹਾਂ ਪੰਛੀਆਂ ਵੱਲੋਂ ਆਪਣੇ ਸਰੀਰ ਨੂੰ ਪਿੱਛੇ ਵੱਲ ਨੂੰ ਚਪਟਾ ਕੀਤਾ ਜਾਂਦਾ ਹੈ ਤਾਂ ਜੋ ਕਾਨ੍ਹੇ ਜਾਂ ਹੇਠਲੇ ਵਾਧੇ ਵਿੱਚੋਂ ਆਸਾਨੀ ਨਾਲ ਲੰਘ ਸਕਣ। ਇਨ੍ਹਾਂ ਦੀ ਛੋਟੀ ਪੂਛ, ਪੀਲੀ ਚੁੰਜ ਲੱਤਾਂ ਅਤੇ ਨਹੁੰਦਰਾਂ ਲੰਮੀਆਂ ਅਤੇ ਮਾਸ-ਹੀਣ ਹੁੰਦੀਆਂ ਹਨ।
ਇਹ ਆਮਤੌਰ ‘ਤੇ ਇਕੱਲਾ ਜਾਂ ਜੋੜਿਆਂ ਦੇ ਰੂਪ ਵਿੱਚ ਝੀਲਾਂ ਅਤੇ ਤਾਲਾਬਾਂ ਦੇ ਕੰਢਿਆਂ ਉੱਤੇ ਨੜਿਆਂ ਅਤੇ ਡੀਲੇ ਦੇ ਝੁੰਡਾਂ ਵਿੱਚ ਮਿਲਦਾ ਹੈ। ਮੌਨਸੂਨ ਦੀ ਰੁੱਤ ਵਿੱਚ ਜਦੋਂ ਨਾਲੀਆਂ ਪਾਣੀ ਨਾਲ ਭਰ ਜਾਂਦੀਆਂ ਹਨ ਅਤੇ ਸੜਕਾਂ ਦੇ ਕੰਢੇ ਮੀਂਹ ਨਾਲ ਚਲ੍ਹੇ ਜਿਹੇ ਬਣ ਜਾਂਦੇ ਹਨ ਤਾਂ ਇਹ ਕੁਝ ਸਮੇਂ ਲਈ ਮੈਦਾਨਾਂ ਵੱਲ ਰੁਖ਼ ਕਰ ਲੈਂਦਾ ਹੈ ਅਤੇ ਸੜਕਾਂ ਜਾਂ ਬੰਨਿਆਂ ਦੇ ਨੇੜੇ ਘਾਹ ਦੇ ਮੈਦਾਨਾਂ ਵੱਲ ਚਲੇ ਜਾਂਦਾ ਹੈ। ਇਹ ਆਮਤੌਰ ‘ਤੇ ਸ਼ਰਮੀਲਾ ਪੰਛੀ ਹੈ। ਇਹ ਲੋਕਾਂ ਦੇ ਜ਼ਿਆਦਾ ਨੇੜੇ ਆਉਣਾ ਪਸੰਦ ਨਹੀਂ ਕਰਦਾ ਅਤੇ ਥੋੜ੍ਹਾ ਜਿਹਾ ਸ਼ੱਕ ਹੋਣ ‘ਤੇ ਹੀ ਆਪਣੇ ਆਪ ਨੂੰ ਓਹਲੇ ਕਰ ਲੈਂਦਾ ਹੈ। ਜੇਕਰ ਇਸ ਨੂੰ ਛੇੜੋ ਨਾ ਤਾਂ ਇਹ ਝੱਟ ਹੀ ਭੇਤੀ ਵੀ ਹੋ ਜਾਂਦਾ ਹੈ। ਇਹ ਪਿੰਡਾਂ ਦੇ ਵਿੱਚ ਛੱਪੜਾਂ, ਟੋਭਿਆਂ ਦੇ ਨੇੜੇ ਰਹਿਣ ਵਾਲੇ ਜ਼ਿਮੀਂਦਾਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਾਂ ਆਪਣਾ ਕਰੀਬੀ ਸਮਝਦਾ ਹੈ।
ਇਨ੍ਹਾਂ ਦੀ ਖੁਰਾਕ ਵਿੱਚ ਕੀੜੇ-ਮਕੌੜੇ, ਘੋਗੇ, ਬੀਜ ਅਤੇ ਹੋਰ ਬਨਸਪਤੀਆਂ ਅਤੇ ਛੋਟੇ ਡੱਡੂ ਆਦਿ ਹੁੰਦੇ ਹਨ। ਇਨ੍ਹਾਂ ਦਾ ਪ੍ਰਜਣਨ ਸਥਾਨ ਦਲਦਲੀ ਖੇਤਰ ਵਿੱਚ ਹੁੰਦਾ ਹੈ। ਇਹ ਪੰਛੀ ਚੁੱਪ ਰਹਿਣ ਵਾਲਾ ਹੈ, ਸਿਵਾਏ ਵਰਖਾ ਦੀ ਰੁੱਤ ਦੇ, ਜਦੋਂ ਇਹ ਸੰਤਾਨ ਉਤਪਾਦਨ ਦੇ ਕਾਰਜ ਵਿੱਚ ਲੱਗਿਆ ਹੁੰਦਾ ਹੈ। ਉਸ ਵੇਲੇ ਨਰ ਬਹੁਤ ਚੁਸਤ ਤੇ ਉਤਸ਼ਾਹਿਤ ਹੋ ਜਾਂਦਾ ਹੈ ਅਤੇ ਰੌਲਾ ਪਾਉਂਦਾ ਹੈ। ਇਸ ਦਾ ਆਲ੍ਹਣਾ ਧਰਤੀ ਉੱਤੇ ਜਾਂ ਪਾਣੀ ਦੇ ਨੇੜੇ, ਕਿਸੇ ਦੋ ਚਾਰ ਫੁੱਟ ਉੱਚੀ ਝਾੜੀ ਉੱਤੇ ਤੀਲਿਆਂ, ਪੌਦਿਆਂ ਦੀਆਂ ਜੜਾਂ ਅਤੇ ਟਾਹਣੀਆਂ ਦਾ ਬਣਾਇਆ ਖੋਲ ਜਿਹਾ ਹੁੰਦਾ ਹੈ। ਮਾਦਾ 6 ਜਾਂ 7 ਆਂਡੇ ਦਿੰਦੀ ਹੈ। ਦੋਵੇਂ ਨਰ ਤੇ ਮਾਦਾ ਚੂਚਿਆਂ ਨੂੰ ਪ੍ਰਫੁੱਲਿਤ ਕਰਨ ਅਤੇ ਪਾਲਣ ਪੋਸ਼ਣ ਵਿੱਚ ਹਿੱਸਾ ਲੈਂਦੇ ਹਨ।
ਚਿੱਟ ਹਿੱਕੀ ਜਲ ਕੁਕੜੀ ਦੀ ਮੌਜੂਦਗੀ ਬਹੁਤ ਵੱਡੀ ਸੀਮਾ ਵਿੱਚ ਹੁੰਦੀ ਹੈ। ਕੁਦਰਤੀ ਨਿਵਾਸ ਸਥਾਨਾਂ ਦਾ ਵਿਨਾਸ਼ ਅਤੇ ਉਨ੍ਹਾਂ ਵਿੱਚ ਤਬਦੀਲੀ ਇਨ੍ਹਾਂ ਪ੍ਰਜਾਤੀਆਂ ਲਈ ਮੁੱਖ ਖ਼ਤਰਾ ਹਨ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ-ਆਈ.ਯੂ.ਸੀ.ਐੱਨ. ਨੇ ਇਨ੍ਹਾਂ ਨੂੰ ਸ਼੍ਰੇਣੀਬੱਧ ਅਤੇ ਮੁਲਾਂਕਣ ਕੀਤਾ ਹੈ ਅਤੇ ‘ਘੱਟ ਤੋਂ ਘੱਟ ਚਿੰਤਾ’ ਦੀ ਸ਼੍ਰੇਣੀ ਵਜੋਂ ਸੂਚੀਬੱਧ ਕੀਤਾ ਹੈ। ਜੇਕਰ ਸਾਰੇ ਪਿੰਡ ਵਾਸੀ ਆਪਣੇ ਆਪਣੇ ਪਿੰਡਾਂ ਵਿੱਚ ਛੱਪੜਾਂ, ਟੋਬਿਆਂ ਦਾ ਖਿਆਲ ਰੱਖਣ ਤਾਂ ਚਿੱਟ ਹਿੱਕੀ ਜਲ ਕੁਕੜੀ ਦੀ ਗਿਣਤੀ ਘੱਟ ਹੋਣ ਤੋਂ ਬਚ ਸਕਦੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910