ਮੁੰਬਈ, 8 ਜੂਨ
ਉੱਘੇ ਲੇਖਕ ਅਤੇ ਗੀਤਕਾਰ ਗੁਲਜ਼ਾਰ ਨੇ ਕਿਹਾ ਕਿ ਉਹ ਬਹੁਤ ਖੁਸ਼ ਹੋਇਆ ਜਦੋਂ ਉਸ ਨੂੰ ਸ੍ਰੀਜੀਤ ਮੁਖਰਜੀ ਦੀ ਹਿੰਦੀ ਫ਼ਿਲਮ ‘ਸ਼ੇਰਦਿਲ: ਦਿ ਪੀਲੀਭੀਤ ਸਾਗਾ’ ਦੇ ਟਾਈਟਲ ਗੀਤ ਵਿੱਚ ਗਾਇਕ ਕੇਕੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। ਕੇਕੇ ਨਾਮ ਨਾਲ ਮਸ਼ਹੂਰ ਕ੍ਰਿਸ਼ਨਕੁਮਾਰ ਕੁਨਾਥ ਦੀ ਪਿਛਲੇ ਹਫ਼ਤੇ ਕੋਲਕਾਤਾ ਵਿੱਚ ਮੌਤ ਹੋ ਗਈ ਸੀ। ਗੁਲਜ਼ਾਰ ਦੇ ਨਿਰਦੇਸ਼ਨ ਹੇਠ ਸਾਲ 1996 ਵਿੱਚ ਬਣੀ ਫਿਲਮ ‘ਮਾਚਿਸ’ ਤੋਂ ਕੇਕੇ ਨੇ ਪਿੱਠਵਰਤੀ ਗਾਇਕ ਵਜੋਂ ਸ਼ੁਰੂਆਤ ਕੀਤੀ ਸੀ। ਗੁਲਜ਼ਾਰ ਨੇ ਕਿਹਾ ਕਿ ਹਾਲ ਹੀ ਵਿਚ ਰਿਲੀਜ਼ ਹੋਇਆ ਕੇਕੇ ਦਾ ਗੀਤ ਉਸ ਲਈ ਹਮੇਸ਼ਾਂ ਖ਼ਾਸ ਰਹੇਗਾ। ਗੁਲਜ਼ਾਰ ਨੇ ਕਿਹਾ,”ਸ੍ਰੀਜੀਤ ਨੇ ‘ਸ਼ੇਰਦਿਲ’ ਨਾਲ ਮੇਰੇ ‘ਤੇ ਵੱਡਾ ਅਹਿਸਾਨ ਕੀਤਾ ਹੈ। ਮੈਂ ਉਸ ਲਈ ਸਿਰਫ਼ ਫਿਲਮ ਹੀ ਨਹੀਂ ਲਿਖੀ ਬਲਕਿ ਇਸ ਨਾਲ ਮੈਨੂੰ ਲੰਬੇ ਸਮੇਂ ਬਾਅਦ ਗਾਇਕ ਕੇਕੇ ਨਾਲ ਮਿਲਣ ਦਾ ਮੌਕਾ ਵੀ ਮਿਲਿਆ। ਕੇਕੇ ਨੇ ਮੇਰੀ ਫਿਲਮ ‘ਮਾਚਿਸ’ ਵਿੱਚ ‘ਛੋੜ ਆਏ ਹਮ ਵੋ ਗਲੀਆਂ…’ ਗਾਇਆ ਸੀ।”87 ਸਾਲਾ ਗੀਤਕਾਰ ਨੇ ਕਿਹਾ,”ਕੇਕੇ ਜਦੋਂ ਫਿਲਮ ‘ਸ਼ੇਰਦਿਲ’ ਲਈ ਗੀਤ ਗਾਉਣ ਆਇਆ ਤਾਂ ਮੈਂ ਬਹੁਤ ਖ਼ੁਸ਼ ਹੋਇਆ ਪਰ ਇਹ ਦੁੱਖ ਵਾਲੀ ਗੱਲ ਵੀ ਸੀ ਕਿ ਇਹ ਉਸ ਦੇ ਅੰਤਿਮ ਗੀਤਾਂ ਵਿੱਚੋਂ ਇੱਕ ਸੀ। ਇਹ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਇਸ ਦੌਰਾਨ ਅਲਵਿਦਾ ਕਹਿਣ ਹੀ ਆਇਆ ਸੀ। ਨਿਰਦੇਸ਼ਕ ਮੁਖਰਜੀ ਨੇ ਕਿਹਾ ਕਿ ਗੁਲਜ਼ਾਰ ਤੇ ਕੇਕੇ ਨਾਲ ਇਕੱਠਿਆਂ ਕੰਮ ਕਰ ਕੇ ਸੁਫ਼ਨਾ ਪੂਰਾ ਹੋਇਆ ਹੈ। ਉਸ ਨੇ ਕਿਹਾ,”ਅਸੀਂ ਗੁਲਜ਼ਾਰ ਸਾਹਿਬ ਦੀ ਸ਼ਾਇਰੀ ਸੁਣ ਕੇ ਹੋਏ ਵੱਡੇ ਹੋਏ ਹਾਂ। ਦਿਲ ਦੇ ਮਾਮਲੇ ਵਿੱਚ ਅਸੀਂ ਕੇਕੇ ਦੀ ਆਵਾਜ਼ ਸੁਣਦੇ ਰਹੇ ਹਾਂ।” -ਪੀਟੀਆਈ