ਚੰਡੀਗੜ੍ਹ: ਅਦਾਕਾਰ ਸੋਨੂ ਸੂਦ ਇੱਕ ਵਾਰ ਫਿਰ ਮਸੀਹਾ ਬਣ ਕੇ ਨਿੱਤਰਿਆ ਹੈ। ਪਿਛਲੇ ਦੋ ਸਾਲਾਂ ਵਿੱਚ ਕਰੋਨਾ ਮਹਾਮਾਰੀ ਦੌਰਾਨ ਅਦਾਕਾਰ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਨੇ ਪਹਿਲਾਂ ਹੀ ਦੁਨੀਆ ਭਰ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਜਾਣਕਾਰੀ ਅਨੁਸਾਰ ਅਦਾਕਾਰ ਨੇ ਬਿਹਾਰ ਵਿੱਚ ਰਹਿੰਦੀ ਚਹੁਮੁਖੀ ਨਾਂ ਦੀ ਇੱਕ ਨਿੱਕੀ ਬੱਚੀ ਨੂੰ ਨਵਾਂ ਜੀਵਨ ਦੇਣ ਵਿੱਚ ਮਦਦ ਕੀਤੀ ਹੈ। ਇਸ ਬੱਚੀ ਦੇ ਜਨਮ ਤੋਂ ਚਾਰ ਲੱਤਾਂ ਤੇ ਚਾਰ ਹੱਥ ਸਨ, ਜਿਸ ਦੀ ਸਰਜਰੀ ਲਈ ਸੋਨੂ ਸੂਦ ਨੇ ਆਰਥਿਕ ਮਦਦ ਕੀਤੀ ਹੈ। ਅਦਾਕਾਰ ਦੇ ਇਸ ਉੱਦਮ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਸੋਨੂ ਸੂਦ ਨੇ ਵੀਰਵਾਰ ਰਾਤੀ ਆਪਣੇ ਇੰਸਟਾਗ੍ਰਾਮ ‘ਤੇ ਚਹੁਮੁਖੀ ਦੀ ਤਸਵੀਰ ਸਾਂਝੀ ਕਰਕੇ ਦੱਸਿਆ ਸੀ ਕਿ ਸਫ਼ਲ ਸਰਜਰੀ ਤੋਂ ਬਾਅਦ ਇਹ ਬੱਚੀ ਇੱਕ ਆਮ ਜ਼ਿੰਦਗੀ ਜਿਉਣ ਲਈ ਬਿਲਕੁਲ ਤਿਆਰ ਹੈ। ਬੱਚੀ ਦੇ ਮਾਤਾ-ਪਿਤਾ ਦੇ ਆਰਥਿਕ ਪੱਖੋਂ ਐਨੇ ਸਮਰੱਥ ਨਹੀਂ ਸਨ ਕਿ ਉਹ ਬੱਚੀ ਦੀ ਸਰਜਰੀ ਦਾ ਭਾਰ ਚੁੱਕ ਸਕਦੇ, ਜਿਸ ਮਗਰੋਂ ਸੋਨੂ ਸੂਦ ਨੇ ਇਸ ਸਰਜਰੀ ਲਈ ਆਰਥਿਕ ਮਦਦ ਦਿੱਤੀ। ਬੱਚੀ ਦੀਆਂ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਅਦਾਕਾਰ ਨੇ ਲਿਖਿਆ, ‘ਮੇਰਾ ਤੇ ਚਹੁਮੁਖੀ ਕੁਮਾਰੀ ਦਾ ਸਫ਼ਰ ਕਾਮਯਾਬ ਰਿਹਾ।’ ਅਦਾਕਾਰ ਵੱਲੋਂ ਪਾਈ ਗਈ ਇਸ ਪੋਸਟ ‘ਤੇ ਫਿਲਮ ਜਗਤ ਦੀਆਂ ਹਸਤੀਆਂ ਅਤੇ ਸੋਨੂ ਦੇ ਪ੍ਰਸ਼ੰਸਕਾਂ ਵੱਲੋਂ ਉਸ ਦੀ ਸ਼ਲਾਘਾ ਕੀਤੀ ਗਈ ਹੈ। ਅਦਾਕਾਰ ਸੁਨੀਲ ਸ਼ੈੱਟੀ, ਈਸ਼ਾ ਗੁਪਤਾ, ਰਿਧਿਮਾ ਪੰਡਿਤ ਤੇ ਪੂਜਾ ਬੱਤਰਾ ਸਣੇ ਕਈ ਕਲਾਕਾਰਾਂ ਨੇ ਉਸ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈ। -ਟ੍ਰਿਬਿਊਨ ਵੈੱਬ ਡੈਸਕ