ਮੁੰਬਈ: ਅਦਾਕਾਰ ਵਰੁਣ ਧਵਨ ਨੇ ਆਖਿਆ ਕਿ ਉਹ ਸਭ ਤੋਂ ਛੋਟੀ ਉਮਰ ਵਿੱਚ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਅਰੁਣ ਖੇਤਰਪਾਲ ਦੇ ਜੀਵਨ ਬਾਰੇ ਸ੍ਰੀਰਾਮ ਰਾਘਵਨ ਵੱਲੋਂ ਬਣਾਈ ਜਾਣ ਵਾਲੀ ਫਿਲਮ ਵਿੱਚ ਕੰਮ ਨਹੀਂ ਕਰ ਰਿਹਾ ਹੈ। ਵਰੁਣ ਨੇ ਆਸ ਜਤਾਈ ਕਿ ਇੱਕ ਦਿਨ ਨਿਰਦੇਸ਼ਕ ਕਿਸੇ ਨਵੇਂ ਅਦਾਕਾਰ ਨਾਲ ਇਹ ਫਿਲਮ ਜ਼ਰੂਰ ਬਣਾਏਗਾ। ਦਿਨੇਸ਼ ਵਿਜਾਨ ਵੱਲੋਂ 2019 ਵਿੱਚ ਇਸ ਫਿਲਮ ਦਾ ਐਲਾਨ ਕੀਤਾ ਗਿਆ ਸੀ, ਪਰ ਕਰੋਨਾਵਾਇਰਸ ਕਾਰਨ ਇਹ ਫਿਲਮ ਮੁਲਤਵੀ ਹੁੰਦੀ ਰਹੀ ਹੈ। ਫਿਲਮ ਬਾਰੇ ਗੱਲ ਕਰਦਿਆਂ ਵਰੁਣ ਨੇ ਦੱਸਿਆ, ‘ਜਦੋਂ ਵੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀ ਗੱਲ ਚੱਲੀ ਤਾਂ ਕਰੋਨਾ ਦੇ ਕੇਸ ਵੱਧਦੇ ਰਹੇ। ਮੇਰੀ ਬਹੁਤ ਇੱਛਾ ਸੀ ਕਿ ਮੈਂ ਇਹ ਫਿਲਮ ਕਰਾਂ, ਪਰ ਹੁਣ ਮੇਰੇ ਲਈ ਇਹ ਸੰਭਵ ਨਹੀਂ ਹੈ ਕਿਉਂਕਿ ਹੁਣ ਮੈਂ ਕਈ ਹੋਰ ਪ੍ਰਾਜੈਕਟਾਂ ਵਿੱਚ ਰੁੱਝਿਆ ਹੋਇਆ ਹਾਂ।’ ਜ਼ਿਕਰਯੋਗ ਹੈ ਕਿ ਵਰੁਣ ਧਵਨ ਆਪਣੀ ਫਿਲਮ ‘ਜੁਗ ਜੁਗ ਜੀਓ’ ਦੀ ਰਿਲੀਜ਼ ਦੀਆਂ ਤਿਆਰੀਆਂ ਵਿੱਚ ਰੁਝਿਆ ਹੋਇਆ ਹੈ। -ਪੀਟੀਆਈ