ਮੁੰਬਈ: ਅਦਾਕਾਰ ਆਮਿਰ ਖ਼ਾਨ ਦੀ ਕ੍ਰਿਕਟ ਡਰਾਮਾ ਫਿਲਮ ‘ਲਗਾਨ’ ਰਿਲੀਜ਼ ਹੋਈ ਨੂੰ ਅੱਜ ਪੂਰੇ 21 ਵਰ੍ਹੇ ਹੋ ਗਏ ਹਨ। ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਅੱਜ ਅਦਾਕਾਰ ਦੇ ਘਰ ਫ਼ਿਲਮ ਦੀ ਪੂਰੀ ਟੀਮ ਇਕੱਠੀ ਹੋਈ ਤੇ ਜਸ਼ਨ ਮਨਾਇਆ। ‘ਲਗਾਨ’ ਭਾਰਤੀ ਸਿਨੇਮਾ ਦੀਆਂ ਸਭ ਤੋਂ ਸਫ਼ਲ ਫਿਲਮਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਇਹ ਦੂਸਰੀ ਅਜਿਹੀ ਭਾਰਤੀ ਫਿਲਮ ਹੋਣ ਦਾ ਵੀ ਮਾਣ ਵੀ ਰੱਖਦੀ ਹੈ, ਜਿਸ ਨੂੰ ‘ਮਦਰ ਇੰਡੀਆ’ ਤੋਂ ਬਾਅਦ ਵਿਦੇਸ਼ੀ ਭਾਸ਼ਾ ਦੀਆਂ ਫਿਲਮਾਂ ਦੀ ਸ਼੍ਰੇਣੀ ਵਿੱਚ ਆਸਕਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ। ਪਿਛਲੇ ਸਾਲ ਇਸ ਦਿਨ ਫਿਲਮ ਦੀ ਸਾਰੀ ਟੀਮ ਆਨਲਾਈਨ ਮਾਧਿਅਮ ਰਾਹੀਂ ਇਕੱਠੀ ਹੋਈ ਸੀ ਤੇ ਇਸ ਸਾਲ ਇਹ ਜਸ਼ਨ ਆਮਿਰ ਖ਼ਾਨ ਦੇ ਘਰੇ ਮਨਾਇਆ ਗਿਆ। ਸਾਲ 2001 ਵਿੱਚ ਰਿਲੀਜ਼ ਹੋਈ ਇਹ ਫਿਲਮ ਆਸ਼ੂਤੋਸ਼ ਗੋਵਾਰੀਕਰ ਵੱਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ, ਜਿਸ ਵਿੱਚ 1893 ਦਾ ਅੰਗਰੇਜ਼ੀ ਰਾਜ ਦਾ ਸਮਾਂ ਦਿਖਾਇਆ ਗਿਆ ਹੈ। ਇਹ ਕਹਾਣੀ ਭਾਰਤ ਦੇ ਇੱਕ ਅਜਿਹੇ ਪਿੰਡ ਦੀ ਕਹਾਣੀ ਹੈ, ਜੋ ਕਈ ਸਾਲਾਂ ਦੇ ਸੋਕੇ ਦੇ ਬਾਵਜੂਦ ਅੰਗਰੇਜ਼ਾਂ ਵੱਲੋਂ ਥੋਪੇ ਗਏ ਟੈਕਸਾਂ ਦਾ ਭੁਗਤਾਨ ਕਰਨ ਲਈ ਮਜਬੂਰ ਹੈ। -ਆਈਏਐੱਨਐੱਸ