ਮੁੰਬਈ: ‘ਬ੍ਰਹਮਾਸਤਰ ਭਾਗ-1: ਸ਼ਿਵਾ’ ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ, ਜਿਸ ਵਿੱਚ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਨਜ਼ਰ ਆ ਰਹੇ ਹਨ। ਫ਼ਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਆਖਿਆ ਕਿ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖ਼ਰੀ ਉਤਰੇਗੀ। ਤਿੰਨ ਮਿੰਟ ਦੇ ਟਰੇਲਰ ਵਿੱਚ ਫ਼ਿਲਮ ਦੇ ਪ੍ਰਭਾਵਸ਼ਾਲੀ ਦ੍ਰਿਸ਼ ਦਿਖਾਏ ਗਏ ਹਨ। ਟਰੇਲਰ ਬਿੱਗ ਬੀ ਦੇ ਬੋਲਾਂ ਨਾਲ ਸ਼ੁਰੂ ਹੁੰਦਾ ਹੈ। ਉਹ ਉਨ੍ਹਾਂ ਪੰਜ ਤੱਤਾਂ ਬਾਰੇ ਗੱਲਬਾਤ ਕਰਦੇ ਹਨ ਜਿਨ੍ਹਾਂ ਨੇ ਸਦੀਆਂ ਤੋਂ ਅਸਤਰਾਂ (ਹਥਿਆਰਾਂ) ਵਿੱਚ ਆਪਣੀਆਂ ਸ਼ਕਤੀਆਂ ਰੱਖੀਆਂ ਹਨ। ਇਸ ਫ਼ਿਲਮ ਦੀ ਕਹਾਣੀ ਸਾਰੇ ਅਸਤਰਾਂ ਤੋਂ ਵੱਡੇ ‘ਬ੍ਰਹਮਾਸਤਰ’ ਬਾਰੇ ਹੈ। ਇਸ ਮਗਰੋਂ ਸ਼ਿਵਾ (ਰਣਬੀਰ) ਨਜ਼ਰ ਆਉਂਦਾ ਹੈ, ਜੋ ਬਾਅਦ ਵਿੱਚ ਈਸ਼ਾ (ਆਲੀਆ) ਨੂੰ ਮਿਲਦਾ ਹੈ। ਉਹ ਸ਼ਿਵਾ ਦੇ ਭੇਤ ਨੂੰ ਜਾਣਦੀ ਹੈ ਕਿ ਅੱਗ ਉਸ ਨੂੰ ਸਾੜ ਨਹੀਂ ਸਕਦੀ। ਇਸ ਫ਼ਿਲਮ ਵਿੱਚ ਨਾਗਾਰਜੁਨ ਅਤੇ ਮੌਨੀ ਰਾਏ ਖਲਨਾਇਕ ਦੀ ਭੂਮਿਕਾਵਾਂ ਵਿੱਚ ਹਨ। ਨਿਰਦੇਸ਼ਕ ਅਯਾਨ ਮੁਖਰਜੀ ਨੇ ਕਿਹਾ, ”ਇਹ ਇੱਕ ਨਵੇਂ ਤਰ੍ਹਾਂ ਦੇ ਸਿਨੇਮਾ ਦੀ ਸ਼ੁਰੂਆਤ ਹੈ। ਮੈਨੂੰ ਉਮੀਦ ਹੈ ਕਿ ‘ਬ੍ਰਹਮਾਸਤਰ’ ਇਸ ਤਰ੍ਹਾਂ ਦੀ ਫ਼ਿਲਮ ਹੈ ਜਿਸ ‘ਤੇ ਦੇਸ਼ ਵਾਸੀਆਂ ਨੂੰ ਮਾਣ ਹੋਵੇਗਾ। ਇਹ ਫ਼ਿਲਮ ਸਾਡੇ ਮਾਣਮੱਤੇ ਇਤਿਹਾਸ ਦੁਆਲੇ ਘੁੰਮਦੀ ਹੋਈ ਸਾਡੇ ਅਮੀਰ ਵਿਰਸੇ ਦੀ ਬਾਤ ਪਾਵੇਗੀ।” -ਆਈਏਐੱਨਐੱਸ