ਮੁੰਬਈ: ਕੈਨੇਡੀਅਨ ਗਾਇਕ ਤੇ ਰੈਪਰ ਡਰੇਕ ਨੇ ਆਪਣੇ ਰੇਡੀਓ ਸ਼ੋਅ ‘ਟੇਬਲ ਫਾਰ ਵਨ’ ਦੇ ਪਹਿਲੇ ਐਪੀਸੋਡ ਦੌਰਾਨ ਮਰਹੂਮ ਪੰਜਾਬੀ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਦਾ ਗੀਤ ਵਜਾ ਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਜ਼ਿਕਰਯੋਗ ਹੈ ਕਿ ਡਰੇਕ ਨੇ ਹਾਲ ਹੀ ਵਿੱਚ ਆਪਣੀ ਨਵੀਂ ਐਲਬਮ ‘ਆਨੈਸਟਲੀ, ਨੈਵਰਮਾਈਂਡ’ ਰਿਲੀਜ਼ ਕੀਤੀ ਹੈ। ‘ਹਿਪਹੌਪਐਨਮੋਰ’ ਦੀ ਰਿਪੋਰਟ ਮੁਤਾਬਕ ਡਰੇਕ ਨੇ ਆਪਣੇ ਰੇਡੀਓ ਸ਼ੋਅ ਦੌਰਾਨ ਮਰਹੂਮ ਗਾਇਕ ਮੂਸੇਵਾਲਾ ਦਾ ਗੀਤ ‘295’ ਅਤੇ ‘ਜੀ-ਸ਼ਿਟ’ ਵਜਾਇਆ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦਾ ਗੀਤ ‘295’ ਹਾਲ ਹੀ ਵਿੱਚ ਬਿਲਬੋਰਡ ਗਲੋਬਲ 200 ਚਾਰਟ ਵਿੱਚ ਸ਼ਾਮਲ ਹੋਇਆ ਹੈ। ਇਸ ਤੋਂ ਪਹਿਲਾਂ ਇੰਸਟਾਗ੍ਰਾਮ ‘ਤੇ ਡਰੇਕ ਨੇ ਮੂਸੇਵਾਲਾ ਦੀ ਤਸਵੀਰ ਸਾਂਝੀ ਕਰਦਿਆਂ ‘ਤੇਰੀ ਆਤਮਾ ਨੂੰ ਸ਼ਾਂਤੀ ਮਿਲੇ, ਮੂਸੇ’ ਲਿਖਿਆ ਸੀ। ਮੂਸੇਵਾਲਾ ਨੂੰ ਯਾਦ ਕਰਨ ‘ਤੇ ਗਾਇਕ ਦੇ ਪ੍ਰਸ਼ੰਸਕਾਂ ਵੱਲੋਂ ਡਰੇਕ ਦੀ ਸ਼ਲਾਘਾ ਕੀਤੀ ਗਈ ਹੈ। -ਆਈਏਐੱਨਐੱਸ