ਮੁੰਬਈ: ਬੌਲੀਵੁੱਡ ਅਦਾਕਾਰ ਬੋਮਨ ਇਰਾਨੀ ਨੇ ਫਾਦਰਜ਼ ਡੇਅ ਮੌਕੇ ਪਿਤਾ ਤੇ ਧੀ ਦੇ ਪਿਆਰ ਦੇ ਰਿਸ਼ਤੇ ਨੂੰ ਦਰਸਾਉਂਦੀ ਇੱਕ ਕਵਿਤਾ ਲਿਖੀ ਹੈ। ਇਸ ਕਵਿਤਾ ਵਿੱਚ ਉਸ ਨੇ ਦੱਸਿਆ ਕਿ ਪਿਤਾ ਨੂੰ ਹਰ ਵੇਲੇ ਆਪਣੇ ਬੱਚਿਆਂ ਦੀ ਫਿਕਰ ਰਹਿੰਦੀ ਹੈ ਭਾਵੇਂ ਉਹ ਆਪਣੀਆਂ ਭਾਵਨਾਵਾਂ ਤੇ ਪਿਆਰ ਦਾ ਇਜ਼ਹਾਰ ਨਾ ਵੀ ਕਰ ਸਕੇ। ਉਸ ਨੇ ਕਵਿਤਾ ਰਾਹੀਂ ਦੱਸਿਆ ਕਿ ਪਿਤਾ ਕਿਸੇ ਵੀ ਮੁਸ਼ਕਲ ਹਾਲਾਤ ‘ਚ ਹੋਣ ਦੇ ਬਾਵਜੂਦ ਆਪਣੇ ਬੱਚਿਆਂ ਦਾ ਸਮਰਥਨ ਕਰਦਾ ਹੈ। ਉਸ ਨੇ ਮਨੋਵਿਗਿਆਨਕ ਥ੍ਰਿਲਰ ਸੀਰੀਜ਼ ‘ਮਾਸੂਮ’ ਨਾਲ ਆਪਣੇ ਡਿਜੀਟਲ ਕਰੀਅਰ ਦੀ ਸ਼ੁਰੂਆਤ ਕੀਤੀ ਹੈ ਜਿਸ ਦੀ ਕਹਾਣੀ ਪਿਉ-ਧੀ ਦੇ ਰਿਸ਼ਤੇ ‘ਤੇ ਆਧਾਰਿਤ ਹੈ। ਇਹ ਸੀਰੀਜ਼ ਰਹੱਸ ਭਰਪੂਰ ਹੈ ਜੋ ਵੱਖ-ਵੱਖ ਮੋੜਾਂ ‘ਤੇ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਂਦੀ ਹੈ। ਇਸ ਦੀ ਸ਼ੂਟਿੰਗ ਪੰਜਾਬ ਵਿੱਚ ਹੋਈ ਹੈ ਤੇ ਬੋਮਨ ਇਰਾਨੀ ਇਸ ਵਿੱਚ ਰਹੱਸਮਈ ਪਿਤਾ ਦਾ ਕਿਰਦਾਰ ਨਿਭਾਅ ਰਿਹਾ ਹੈ। ਇਹ ਸੀਰੀਜ਼ ਮਿਹਰ ਦੇਸਾਈ ਤੇ ਗੁਰਮੀਤ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ। ਇਹ ਪੁਰਸਕਾਰ ਜੇਤੂ ਆਈਰਲੈਂਡ ਦੀ ਸੀਰੀਜ਼ ‘ਬਲੱਡ’ ਦੀ ਭਾਰਤੀ ਪੇਸ਼ਕਾਰੀ ਹੈ ਜੋ ਕਿਸੇ ਅਜ਼ੀਜ਼ ਨੂੰ ਗੁਆਉਣ ਮਗਰੋਂ ਪਰਿਵਾਰਕ ਸਬੰਧਾਂ ਅਤੇ ਧੋਖੇ ਦੀ ਪੜਚੋਲ ਕਰਦੀ ਹੈ। ਇਹ ਸੀਰੀਜ਼ ਡਿਜ਼ਨੀ ਪਲੱਸ ਹੌਟਸਟਾਰ ‘ਤੇ ਦਿਖਾਈ ਜਾ ਰਹੀ ਹੈ। -ਆਈਏਐੱਨਐੱਸ