ਕੋਲਕਾਤਾ: ਅਦਾਕਾਰ ਪੰਕਜ ਤ੍ਰਿਪਾਠੀ ਦਾ ਕਹਿਣਾ ਹੈ ਕਿ ਉਸ ਨੂੰ ਅਜਿਹੀ ਭਾਸ਼ਾ ਵਿੱਚ ਫਿਲਮ ਜਾਂ ਸ਼ੋਅ ਕਰਨਾ ਪਸੰਦ ਨਹੀਂ ਹੈ, ਜਿਸ ਵਿੱਚ ਉਹ ਸਹਿਜ ਮਹਿਸੂਸ ਨਹੀਂ ਕਰਦਾ ਹੈ। ਵੈੱਬ ਸੀਰੀਜ਼ ‘ਮਿਰਜ਼ਾਪੁਰ’, ‘ਇਸਤਰੀ’, ‘ਗੁੜਗਾਉਂ’ ਅਤੇ ‘ਲੁੂਡੋ’ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਤ੍ਰਿਪਾਠੀ ਨੇ ਕਿਹਾ ਕਿ ਉਹ ਕਿਸੇ ਹੋਰ ਭਾਸ਼ਾ ਦੀ ਫਿਲਮ ਵਿੱਚ ਆਪਣੀ ਆਵਾਜ਼ ਲਈ ਕਿਸੇ ਹੋਰ ਕਲਾਕਾਰ ਤੋਂ ਡਬਿੰਗ ਕਰਵਾਉਣ ਦੇ ਪੱਖ ਵਿੱਚ ਨਹੀਂ ਹੈ। ਪੰਕਜ ਤ੍ਰਿਪਾਠੀ (55) ਨੇ ਕਿਹਾ, ”ਮੈਨੂੰ ਅਜਿਹੀ ਭਾਸ਼ਾ ਵਿੱਚ ਗੱਲ ਕਰਨਾ ਪਸੰਦ ਨਹੀਂ ਹੈ, ਜਿਸ ਵਿੱਚ ਮੈਂ ਕਿਸੇ ਵੀ ਫਿਲਮ ਜਾਂ ਵੈੱਬ ਸੀਰੀਜ਼ ‘ਚ ਸਹਿਜ ਮਹਿਸੂਸ ਨਹੀਂ ਕਰਦਾ। ਮੈਂ ਆਪਣੇ ਡਾਇਲਾਗ ਕਿਸੇ ਹੋਰ ਤੋਂ ਬੁਲਵਾਉਣ ਦੇ ਪੱਖ ਵਿੱਚ ਨਹੀਂ ਹਾਂ। ਮੇਰੀ ਅਦਾਕਾਰੀ ਅਤੇ ਮੇਰੇ ਹਾਵ-ਭਾਵ ਮੇਰੀ ਆਵਾਜ਼ ਦੇ ਪੂਰਕ ਹਨ, ਇਨ੍ਹਾਂ ਤੋਂ ਬਿਨਾਂ ਮੇਰੀ ਭੂਮਿਕਾ ਅਧੂਰੀ ਹੈ।” ਇਹ ਪੁੱਛੇ ਜਾਣ ‘ਤੇ ਕਿ ਉਹ ਕਦੇ ਬੰਗਾਲੀ ਫਿਲਮ ਵਿੱਚ ਕੰਮ ਕਰਨਗੇ, ਤ੍ਰਿਪਾਠੀ ਨੇ ਕਿਹਾ ਕਿ ਉਸ ਨੂੰ ਬੰਗਾਲੀ ਭਾਸ਼ਾ ਦੀ ਸਮਝ ਹੈ ਪਰ ਇਹ ਕਾਫ਼ੀ ਨਹੀਂ ਹੈ। ਇਨ੍ਹੀਂ ਦਿਨੀਂ ਅਦਾਕਾਰ ਫਿਲਮਸਾਜ਼ ਸ੍ਰੀਜੀਤ ਮੁਖਰਜੀ ਨਾਲ ਆਪਣੀ ਆਉਣ ਵਾਲੀ ਫਿਲਮ ‘ਸ਼ੇਰਦਿਲ: ਦਿ ਪੀਲੀਭੀਤ ਸਾਗਾ’ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਹ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਕਹਾਣੀ ਪੀਲੀਭੀਤ ਟਾਈਗਰ ਰਿਜ਼ਰਵ ਦੀਆਂ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ, ਜਿੱਥੇ ਲੋਕ ਆਪਣੇ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਨੂੰ ਸ਼ੇਰਾਂ ਦੇ ਸ਼ਿਕਾਰ ਲਈ ਛੱਡ ਦਿੰਦੇ ਹਨ ਅਤੇ ਫਿਰ ਪ੍ਰਸ਼ਾਸਨ ਤੋਂ ਮੁਆਵਜ਼ੇ ਦਾ ਦਾਅਵਾ ਕਰਦੇ ਹਨ। ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਤ੍ਰਿਪਾਠੀ ਨੇ ਕਿਹਾ ਕਿ ‘ਸ਼ੇਰਦਿਲ’ ਵਿੱਚ ਗੰਗਾਰਾਮ ਦੀ ਭੂਮਿਕਾ ਪਰਦੇ ‘ਤੇ ਨਿਭਾਉਣਾਂ ਮੁਸ਼ਕਿਲ ਕਿਰਦਾਰ ਨਹੀਂ ਸੀ। ਭੂਸ਼ਣ ਕੁਮਾਰ ਅਤੇ ਰਿਲਾਇੰਸ ਐਟਰਟੇਨਮੈਂਨ ਦੀ ਸਾਂਝੀ ਪੇਸ਼ਕਸ਼ ਇਸ ਫਿਲਮ ਵਿੱਚ ਅਦਾਕਾਰਾ ਨੀਰਜ ਕਾਬੀ ਅਤੇ ਸਯਾਨੀ ਗੁਪਤਾ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। -ਪੀਟੀਆਈ