ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਉਹ ਆਪਣੇ ਪਤੀ ਅਦਾਕਾਰ ਰਣਬੀਰ ਕਪੂਰ ਨਾਲ ਮਿਲ ਕੇ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਆਪਣੇ ਪਤੀ ਨਾਲ ਇੱਕ ਤਸਵੀਰ ਪੋਸਟ ਕਰਦਿਆਂ ਇਹ ਖ਼ਬਰ ਸਾਂਝੀ ਕੀਤੀ ਹੈ। ਇਹ ਤਸਵੀਰ ਇੱਕ ਹਸਪਤਾਲ ਦੇ ਅਲਟਰਾਸਾਊਂਡ ਸੈਸ਼ਨ ਦੀ ਹੈ। ‘ਗੰਗੂਬਾਈ ਕਾਠੀਆਵਾੜੀ’ ਦੀ ਸਟਾਰ ਨੇ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ, ”ਸਾਡਾ ਬੱਚਾ… ਜਲਦੀ ਆ ਰਿਹਾ ਹੈ।” ਜੋੜੇ ਨੇ ਇਸੇ ਸਾਲ ਅਪਰੈਲ ਮਹੀਨੇ ਵਿੱਚ ਵਿਆਹ ਕਰਵਾਇਆ ਸੀ। ਆਲੀਆ ਵੱਲੋਂ ਖੁਸ਼ਖਬਰੀ ਮਿਲਣ ‘ਤੇ ਅਦਾਕਾਰਾ ਨੀਤੂ ਕਪੂਰ, ਸੋਨੀ ਰਾਜ਼ਦਾਨ ਅਤੇ ਰਿਧਿਮਾ ਕਪੂਰ ਸਾਹਨੀ ਨੇ ਵੀ ਸੋਸ਼ਲ ਮੀਡੀਆ ‘ਤੇ ਜੋੜੇ ਪ੍ਰਤੀ ਆਪਣਾ ਪਿਆਰ ਜਤਾਇਆ ਹੈ। ਅੱਜ ਇੱਕ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਦੌਰਾਨ ਨੀਤੂ ਕਪੂਰ ਨੂੰ ਸੈੱਟ ‘ਤੇ ਮੌਜੂਦ ਪੱਤਰਕਾਰਾਂ ਨੇ ਵਧਾਈ ਦਿੱਤੀ, ਜਿਸ ‘ਤੇ ਅਦਾਕਾਰਾ ਨੇ ਮੁਸਕਰਾਉਂਦਿਆਂ ਸਭ ਦਾ ਧੰੰਨਵਾਦ ਕੀਤਾ। ਆਲੀਆ ਦੀ ਮਾਂ ਸੋਨੀ ਰਾਜ਼ਦਾਨ ਨੇ ਇੰਸਟਾਗ੍ਰਾਮ ‘ਤੇ ਆਪਣੀ ਧੀ ਦੀ ਪੋਸਟ ਸਾਂਝੀ ਕਰਦਿਆਂ ਇਸ ਨੂੰ ਹੁਣ ਤੱਕ ਦੀ ਸਭ ਤੋਂ ਵਧੀਆ ਖ਼ਬਰ ਦੱਸਿਆ। ਆਲੀਆ ਦੇ ਪਿਤਾ ਮਹੇਸ਼ ਭੱਟ ਨੇ ਕਿਹਾ, ”ਮੈਂ ਰਣਬੀਰ ਤੇ ਆਲੀਆ ਲਈ ਖੁਸ਼ ਹਾਂ। ਮੇਰੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ।” -ਪੀਟੀਆਈ