ਚੇਨੱਈ: ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੀ ਅਦਾਕਾਰ ਕਮਲ ਹਾਸਨ ਦੀ ਫ਼ਿਲਮ ‘ਵਿਕਰਮ’ ਦਾ ਓਟੀਟੀ ਪਲੈਟਫਾਰਮ ਡਿਜ਼ਨੀ ਪਲੱਸ ਹੌਟਸਟਾਰ ‘ਤੇ 8 ਜੁਲਾਈ ਨੂੰ ਪ੍ਰੀਮੀਅਰ ਹੋਵੇਗਾ। ‘ਵਿਕਰਮ’ ਨੂੰ ਲੋਕਾਂ ਵੱਲੋਂ ਬਹੁਤ ਸਲਾਹਿਆ ਗਿਆ ਹੈ ਅਤੇ ਇਹ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਫ਼ਿਲਮ ਨੇ ਮਹਿਜ਼ ਭਾਰਤੀ ਵਪਾਰ ਜਗਤ ਨੂੰ ਹੀ ਨਹੀਂ ਬਲਕਿ ਕੌਮਾਂਤਰੀ ਮਾਰਕੀਟ ਨੂੰ ਵੀ ਪ੍ਰਭਾਵਿਤ ਕੀਤਾ ਹੈ। ਲੋਕੇਸ਼ ਨਾਗਰਾਜ ਵੱਲੋਂ ਲਿਖੀ ਅਤੇ ਨਿਰਦੇਸ਼ਤ ਫ਼ਿਲਮ ‘ਵਿਕਰਮ’ ਲੰਘੀ 3 ਜੂਨ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਈ ਸੀ। ਫ਼ਿਲਮ ਨੂੰ ਸਿਨੇਮਾਘਰਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਫ਼ਿਲਮ ਰਿਲੀਜ਼ ਦੇ ਹੋਣ ਤਿੰਨ-ਚਾਰ ਹਫ਼ਤਿਆਂ ਬਾਅਦ ਵੀ ਸ਼ੋਅ ਲਗਾਤਾਰ ਹਾਊਸ ਫੁੱਲ ਚੱਲ ਰਹੇ ਹਨ। ‘ਵਿਕਰਮ’ ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜ ਚੁੱਕੀ ਹੈ ਅਤੇ ਇਹ ਤਾਮਿਲਨਾਡੂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਚੁੱਕੀ ਹੈ। ਇਨ੍ਹਾਂ ਤੱਥਾਂ ਦੀ ਪੁਸ਼ਟੀ ਨਿਰਮਾਤਾਵਾਂ ਤੇ ਡਿਸਟ੍ਰੀਬਿਊਟਰਾਂ ਨੇ ਕੀਤੀ ਹੈ। ਹੁਣ ਇਹ ਫ਼ਿਲਮ ਦੁਨੀਆ ਭਰ ਵਿੱਚ ਡਿਜ਼ਨੀ ਪਲੱਸ ਹੌਟਸਟਾਰ ‘ਤੇ 8 ਜੁਲਾਈ ਤੋਂ ਦੇਖੀ ਜਾ ਸਕੇਗੀ ਅਤੇ ਇਹ ਤਾਮਿਲ, ਤੇਲਗੂ ਤੇ ਹਿੰਦੀ ਵਿੱਚ ਉਪਲੱਬਧ ਹੋਵੇਗੀ। -ਆਈਏਐੱਨਐੱਸ