ਮੁੰਬਈ: ਬੌਲੀਵੁੱਡ ਅਦਾਕਾਰਾ ਸਾਨੀਆ ਮਲਹੋਤਰਾ ‘ਹਿੱਟ: ਦਿ ਫਸਟ ਕੇਸ’ ਵਿਚ ਰਾਜਕੁਮਾਰ ਰਾਓ ਨਾਲ ਨਜ਼ਰ ਆਵੇਗੀ। ਉਸ ਨੇ ਆਪਣੇ ਸਹਿ-ਅਦਾਕਾਰ ਅਤੇ ਨਿਰਦੇਸ਼ਕ ਸੈਲੇਸ਼ ਕੋਲਾਨੂ ਨਾਲ ਕੰਮ ਕਰਨ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਸ ਨੂੰ ਜਦੋਂ ਇਹ ਪਤਾ ਲੱਗਿਆ ਕਿ ਉਹ ਇਸ ਫਿਲਮ ਦਾ ਹਿੱਸਾ ਬਣੇਗੀ ਤਾਂ ਉਹ ਬਹੁਤ ਖੁਸ਼ ਹੋਈ। ਉਹ ਫਿਲਮ ਦੇ ਸੈੱਟ ਵਿਚ ਉਦੋਂ ਦਾਖਲ ਹੋਈ ਜਦੋਂ ਰਾਜ ਤੇ ਹੋਰ ਅਦਾਕਾਰ ਪਹਿਲਾਂ ਹੀ ਫਿਲਮ ਦੇ ਵੱਡੇ ਹਿੱਸੇ ਨੂੰ ਸ਼ੂਟ ਕਰ ਚੁੱਕੇ ਸਨ ਪਰ ਉਸ ਨੂੰ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਫਿਲਮ ਦੀ ਸ਼ੂਟਿੰਗ ਦੇ ਅੱਧ ਵਿਚਕਾਰ ਸ਼ਾਮਲ ਹੋਈ ਹੈ। ਉਹ ਦੱਸਦੀ ਹੈ ਕਿ ਰਾਜ ਕੁਮਾਰ ਸੈੱਟ ਅਤੇ ਕੈਮਰੇ ਦੇ ਸਾਹਮਣੇ ਦੋ ਵੱਖ-ਵੱਖ ਸ਼ਖ਼ਸੀਅਤਾਂ ਹੁੰਦਾ ਹੈ। ਹਾਲਾਂਕਿ ਇਹ ਕਿਰਦਾਰ ਦੀ ਮਨੋਦਸ਼ਾ ਅਤੇ ਦ੍ਰਿਸ਼ ਦੇ ਮਿਜ਼ਾਜ ‘ਤੇ ਨਿਰਭਰ ਕਰਦਾ ਹੈ ਪਰ ਰਾਜਕੁਮਾਰ ਬਹੁਤ ਜਨੂੰਨੀ ਅਤੇ ਪੇਸ਼ੇਵਰ ਬੰਦਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੋਵਾਂ ਦਾ ਕੰਮ ਕਰਨ ਦਾ ਤਰੀਕਾ ਸੈੱਟ ਦੇ ਪਹਿਲੇ ਦਿਨ ਤੋਂ ਮੇਲ ਖਾਂਦਾ ਰਿਹਾ। ਇਸ ਫ਼ਿਲਮ ਵਿਚ ਰਾਜ ਨਾਲ ਕੰਮ ਕਰਨ ਦਾ ਤਜਰਬਾ ਸ਼ਾਨਦਾਰ ਰਿਹਾ। ਇਹ ਫਿਲਮ 15 ਜੁਲਾਈ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ