ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ ਖ਼ਿਲਾਫ਼ ਸਾਲ 2015 ਵਿੱਚ ਉੱਤਰੀ ਅਮਰੀਕਾ ਦੇ ਦੌਰੇ ਦੌਰਾਨ ਕੰਟਰੈਕਟ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇੱਕ ਰਿਪੋਰਟ ਮੁਤਾਬਕ ਇਹ ਕੇਸ ‘ਸਾਈ ਯੂਐੱਸਏ ਆਈਐਨਸੀ’ ਨੇ ਨਿਊਯਾਰਕ ਦੀ ਅਦਾਲਤ ਵਿੱਚ ਕੀਤਾ ਹੈ। ਕੰਪਨੀ ਦਾ ਦੋਸ਼ ਹੈ ਕਿ ਕਪਿਲ ਸ਼ਰਮਾ ਨੂੰ ਛੇ ਸ਼ੋਅਜ਼ ਲਈ ਪੈਸੇ ਦਿੱਤੇ ਗਏ ਸਨ ਪਰ ਉਸ ਨੇ ਪੰਜ ਸ਼ੋਅ ਹੀ ਕੀਤੇ। ਕੰਪਨੀ ਨੇ ਦੋਸ਼ ਲਾਇਆ ਕਿ ਕਪਿਲ ਨੇ ਨੁਕਸਾਨ ਦੀ ਪੂਰਤੀ ਦਾ ਵਾਅਦਾ ਕੀਤਾ ਸੀ ਜੋ ਹਾਲੇ ਤੱਕ ਪੂਰਾ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਨਿਊ ਜਰਸੀ ਸਥਿਤ ‘ਸਾਈ ਯੂਐੱਸਏ ਆਈਐੱਨਸੀ’ ਦੇ ਮੁਖੀ ਅਮਿਤ ਜੇਤਲੀ ਹਨ। ਸਾਈ ਯੂਐੱਸਏ ਨੇ ਫੇਸਬੁੱਕ ‘ਤੇ ਕੇਸ ਦਰਜ ਹੋਣ ਸਬੰਧੀ ਇਕ ਰਿਪੋਰਟ ਵੀ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ਵਿੱਚ ਲਿਖਿਆ, ”ਸਾਈ ਯੂਐੱਸਏ ਆਈਐੱਨਸੀ ਨੇ ਕਪਿਲ ਸ਼ਰਮਾ ਖ਼ਿਲਾਫ਼ 2015 ਵਿੱਚ ਇੱਕ ਕੰਟਰੈਕਟ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਹੈ।” ਅਮਿਤ ਜੇਤਲੀ ਅਮਰੀਕਾ ਵਿੱਚ ਪ੍ਰਸਿੱਧ ਸ਼ੋਅ ਪ੍ਰਮੋਟਰ ਹਨ, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਕਪਿਲ ਸ਼ਰਮਾ ਨੇ ਛੇ ਸ਼ੋਅ ਕਰਨੇ ਸੀ, ਪਰ ਉਸ ਨੇ ਪੰਜ ਵਿੱਚ ਹੀ ਕੀਤੇ। ਜੇਤਲੀ ਨੇ ਕਿਹਾ, ” ਅਸੀਂ ਅਦਾਲਤ ਜਾਣ ਤੋਂ ਪਹਿਲਾਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਨਾ ਸ਼ੋਅ ਕੀਤਾ ਅਤੇ ਨਾ ਹੀ ਕੋਈ ਜਵਾਬ ਦਿੱਤਾ।” -ਟ੍ਰਿਬਿਊਨ ਵੈੱਬ ਡੈਸਕ