ਮੁੰਬਈ: ਅਦਾਕਾਰਾ ਰਸਿਕਾ ਦੁੱਗਲ ਨੇ ਐਮਾਜ਼ੋਨ ਦੀ ਸੀਰੀਜ਼ ‘ਮਿਰਜ਼ਾਪੁਰ’ ਦੇ ਤੀਸਰੇ ਸੀਜ਼ਨ ਲਈ ਸ਼ੂਟਿੰਗ ਆਰੰਭ ਦਿੱਤੀ ਹੈ। 37 ਸਾਲਾ ਅਦਾਕਾਰਾ ਇੱਕ ਵਾਰ ਫਿਰ ਆਪਣੇ ਸਹਿ ਕਲਾਕਾਰਾਂ ਅਤੇ ਟੀਮ ਮੈਂਬਰਾਂ ਨੂੰ ਮਿਲ ਕੇ ਖੁਸ਼ ਹੈ। ਰਸਿਕਾ ਨੇ ਆਖਿਆ, ‘ਮੈਂ ਆਪਣੀ ਸਹਿ ਕਲਾਕਾਰਾਂ ਨੂੰ ਮੁੜ ਮਿਲਣ ਲਈ ਉਤਾਵਲੀ ਹਾਂ ਤੇ ਮੈਂ ਬਹੁਤ ਖੁਸ਼ ਹਾਂ ਕਿ ਗੁਰਮੀਤ ਇਸ ਸੀਜ਼ਨ ਵਿੱਚ ਵੀ ਸਾਨੂੰ ਨਿਰਦੇਸ਼ਿਤ ਕਰ ਰਹੇ ਹਨ। ਅਜਿਹੇ ਨਿਰਦੇਸ਼ਕ ਨਾਲ ਕੰਮ ਕਰਨਾ ਹਮੇਸ਼ਾਂ ਪੁਰਸਕੂਨ ਹੁੰਦਾ ਹੈ, ਜਿਹੜਾ ਆਪਣੇ ਕਿਰਦਾਰਾਂ ਅਤੇ ਕਲਾਕਾਰਾਂ ਨੂੰ ਅੰਦਰੋਂ ਤੇ ਬਾਹਰੋਂ ਬਾਖ਼ੂਬੀ ਜਾਣਦਾ ਹੋਵੇ ਪਰ ਐਤਕੀ ਦਿਵੇਂਦੂ ਤੇ ਕੁਲਭੂਸ਼ਣ ਖਰਬੰਦਾ ਦੀ ਕਮੀ ਮਹਿਸੂਸ ਹੋਵੇਗੀ।’ ਜ਼ਿਕਰਯੋਗ ਹੈ ਕਿ ਇਸ ਕ੍ਰਾਈਮ ਡਰਾਮਾ ਸੀਰੀਜ਼ ਨੂੰ ਫਰਹਾਨ ਅਖ਼ਤਰ ਅਤੇ ਰਿਤੇਸ਼ ਸਿਧਵਾਨੀ ਦੇ ਪ੍ਰੋਡਕਸ਼ਨ ਹਾਊਸ ਐਕਸੈੱਲ ਐਂਟਰਟੇਨਮੈਂਟ ਦੇ ਬੈਨਰ ਹੇਠ ਤਿਆਰ ਕੀਤਾ ਜਾ ਰਿਹਾ ਹੈ। -ਪੀਟੀਆਈ