ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਪਿਛਲੇ ਇਕ ਦਹਾਕੇ ਤੋਂ ਹਿੰਦੀ ਸਿਨੇ ਜਗਤ ਵਿੱਚ ਹੈ। ਉਸ ਨੂੰ ਉਮੀਦ ਹੈ ਕਿ ਦਰਸ਼ਕ ਉਸ ਦੀਆਂ ਆਉਣ ਵਾਲੀਆਂ ਫਿਲਮਾਂ ‘ਏਕ ਵਿਲਨ ਰਿਟਰਨ’, ‘ਕੁੱਤੇ’ ਅਤੇ ‘ਦਿ ਲੇਡੀਕਿਲਰ’ ਰਾਹੀਂ ਉਸ ‘ਚ ਵਿਕਾਸ ਅਤੇ ਸੁਧਾਰ ਦੇਖਣਗੇ। ‘ਦਿ ਲੇਡੀਕਿਲਰ’ ਉਸ ਦੀ 18ਵੀਂ ਫਿਲਮ ਹੈ। ਅਰਜੁਨ ਨੇ ਕਿਹਾ, ”ਸਿਨੇ ਜਗਤ ਵਿੱਚ ਮੈਂ ਅਜੇ ਵੀ ਵਿਦਿਆਰਥੀ ਹਾਂ। ਮੈਂ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਵਿੱਚ ਕੰਮ ਕਰ ਕੇ ਬਹੁਤ ਕੁਝ ਸਿੱਖਿਆ ਹੈ। ‘ਦਿ ਲੇਡੀਕਿਲਰ’ ਮੇਰੀ 18ਵੀਂ ਫ਼ਿਲਮ ਹੈ ਅਤੇ ਮੈਂ ਹਰ ਫ਼ਿਲਮ ਵਿੱਚ ਸਿੱਖਣ ਦਾ ਨਵਾਂ ਤਜਰਬਾ ਹੋ ਰਿਹਾ ਹੈ। ਮੈਂ ਸ਼ਾਇਦ ਕੁਝ ਫਿਲਮਾਂ ਕੀਤੀਆਂ ਹੋਣਗੀਆਂ ਜਿਨ੍ਹਾਂ ਵਿੱਚ ਮੇਰਾ ਕੰਮ ਬਹੁਤਾ ਚੰਗਾ ਨਹੀਂ ਹੋਵੇਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਮਿਹਨਤ ਨਹੀਂ ਕੀਤੀ। ‘ਸਰਦਾਰ ਕਾ ਗਰੈਂਡਸਨ’, ‘ਸੰਦੀਪ ਔਰ ਪਿੰਕੀ ਫ਼ਰਾਰ’ ਅਤੇ ‘ਭੂਤ ਪੁਲੀਸ’ ਵਿੱਚ ਤੁਸੀਂ ਮੇਰੇ ਵੱਖ-ਵੱਖ ਕਿਰਦਾਰ ਦੇਖ ਸਕਦੇ ਹੋ ਤੇ ਇਨ੍ਹਾਂ ਫਿਲਮਾਂ ਵਿੱਚ ਮੈਂ ਆਪਣੇ ਕਿਰਦਾਰ ਨਾਲ ਇਨਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।”37 ਸਾਲਾ ਅਦਾਕਾਰ ਨੇ ਕਿਹਾ ਕਿ ਹੁਣ ਉਹ ‘ਏਕ ਵਿਲਨ ਰਿਟਰਨ’, ‘ਕੁੱਤੇ’ ਅਤੇ ‘ਦਿ ਲੇਡੀਕਿਲਰ’ ਨਾਲ ਦਰਸ਼ਕਾਂ ਵਿੱਚ ਹਾਜ਼ਰੀ ਲਗਵਾਉਣ ਆ ਰਿਹਾ ਹੈ। ਉਸ ਨੇ ਆਸ ਪ੍ਰਗਟਾਈ ਕਿ ਦਰਸ਼ਕ ਉਸ ‘ਚ ਸੁਧਾਰ ਦੇਖਣਗੇ। -ਆਏਐੱਨਐੱਸ