ਗੜ੍ਹਸ਼ੰਕਰ: ਇੱਥੋਂ ਦੇ ਰੇਸਤਰਾਂ ‘ਚ ਮੇਘਨਾ ਪ੍ਰੋਡਕਸ਼ਨ ਹਾਊਸ ਵੱਲੋਂ ਨਿਰਮਾਤਾ ਰਾਜਬੀਰ ਕੌਰ ਬੈਂਸ ਤੇ ਨਿਰਦੇਸ਼ਕ ਅਮਰਪਾਲ ਵੱਲੋਂ ਬਣਾਈ ਗਈ ਪੰਜਾਬੀ ਫਿਲਮ ‘ਮੱਸਿਆ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਫਿਲਮ ਦੇ ਅਦਾਕਾਰਾਂ ਸਣੇ ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਫਿਲਮ ਦਾ ਪੋਸਟਰ ਰਿਲੀਜ਼ ਕਰਦਿਆਂ ਕਿਹਾ ਕਿ ਸਮਾਜ ਨੂੰ ਚੰਗੀ ਦਿਸ਼ਾ ਦੇਣ ਵਾਲੀਆਂ ਫਿਲਮਾਂ ਯਾਦਗਾਰੀ ਹੁੰਦੀਆਂ ਹਨ। ਉਨ੍ਹਾਂ ਫਿਲਮ ਦੀ ਤਿਆਰੀ ਵਿਚ ਯੋਗਦਾਨ ਪਾਉਣ ਵਾਲੀ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਰਾਜਬੀਰ ਕੌਰ ਅਤੇ ਅਮਰਪਾਲ ਨੇ ਕਿਹਾ ਕਿ ਇਹ ਫਿਲਮ ਮਨੋਰੰਜਨ ਭਰਪੂਰ ਹੈ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦੇਣ ਵਾਲੀ ਇਹ ਫਿਲਮ ਓਟੀਟੀ ਪਲੈਟਫਾਰਮ ‘ਤੇ ਰਿਲੀਜ਼ ਕੀਤੀ ਜਾਵੇਗੀ। ਇਸ ਮੌਕੇ ਮਹਾਂਵੀਰ ਭੁੱਲਰ, ਰਾਜ ਧਾਲੀਵਾਲ, ਅਜੀਤ ਬੈਂਸ, ਸੁਖਵੰਤ ਕੌਰ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ