ਸਤਵਿੰਦਰ ਬਸਰਾ
ਲੁਧਿਆਣਾ, 11 ਜੁਲਾਈ
ਪਟਿਆਲਾ ਦੀ ਮੁਟਿਆਰ ਚਰਨਜੀਤ ਕੌਰ ‘ਮਿਸ ਇੰਡੀਆ ਪੰਜਾਬਣ-2022’ ਚੁਣੀ ਗਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੀ ਰਮਨਪ੍ਰੀਤ ਕੌਰ ਅਤੇ ਲੁਧਿਆਣਾ ਦੀ ਸਿਮਰਪ੍ਰੀਤ ਸਾਂਝੇ ਤੌਰ ‘ਤੇ ਪਹਿਲੀ ਉੱਪ ਜੇਤੂ ਅਤੇ ਦਿੱਲੀ ਦੀ ਅਮਨਜੋਤ ਵਾਲੀਆ, ਫਤਹਿਗੜ੍ਹ ਸਾਹਿਬ ਦੀ ਸੁਖਦੀਪ ਕੌਰ ਸਾਂਝੇ ਤੌਰ ‘ਤੇ ਦੂਜੀ ਉੱਪ-ਜੇਤੂ ਐਲਾਨੀਆਂ ਗਈਆਂ ਹਨ। ਇਹ ਪੰਜ ਮੁਟਿਆਰਾਂ ਨਵੰਬਰ ਮਹੀਨੇ ਕੈਨੇਡਾ ਵਿਚ ਹੋਣ ਵਾਲੇ ‘ਮਿਸ ਵਰਲਡ ਪੰਜਾਬਣ’ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੀਆਂ।
ਮਿਸ ਵਰਲਡ ਪੰਜਾਬ ਦਾ ਇਹ ਮੁਕਾਬਲਾ ਸੱਭਿਆਚਾਰਕ ਸੱਥ ਪੰਜਾਬ ਦੇ ਜਸਮੇਰ ਸਿੰਘ ਢੱਟ ਦੀ ਅਗਵਾਈ ‘ਚ ਪਿਛਲੇ 30 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ। ਇਸ ਵਾਰ ਇਹ ਮੁਕਾਬਲਾ ਸੁੱਖੀ ਨਿੱਝਰ ਦੇ ਸਹਿਯੋਗ ਨਾਲ ਟੋਰਾਂਟੋ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਲੁਧਿਆਣਾ ਦੇ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ‘ਮਿਸ ਇੰਡੀਆ ਪੰਜਾਬਣ’ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਦੇਸ਼ ਭਰ ਵਿੱਚੋਂ 15 ਮੁਟਿਆਰਾਂ ਨੇ ਹਿੱਸਾ ਲਿਆ। ਪਹਿਲੇ ਰਾਊਂਡ ਵਿੱਚ ਪੰਜਾਬੀ ਗੀਤਾਂ ‘ਤੇ ਲੋਕ ਨਾਚ ਮੁਕਾਬਲਾ ਹੋਇਆ। ਦੂਜੇ ਰਾਊਂਡ ਵਿੱਚ ਮੁਟਿਆਰਾਂ ਨੇ ਗੀਤ ਗਾਉਣ ਤੋਂ ਇਲਾਵਾ ਅਦਾਕਾਰੀ ਅਤੇ ਕਾਮੇਡੀ ਵਿੱਚ ਆਪਣੇ ਜੌਹਰ ਦਿਖਾਏ। ਤੀਜੇ ਦੌਰ ‘ਚ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਸਬੰਧਤ ਸਵਾਲ ਪੁੱਛੇ ਗਏ ਅਤੇ ਬੋਲੀਆਂ ਪਾਉਣ ਨੂੰ ਕਿਹਾ ਗਿਆ। ਇਸ ਦੌਰ ਵਿੱਚ ਕੁਝ ਮੁਟਿਆਰਾਂ ਫਾਡੀ ਰਹੀਆਂ। ਜੱਜਾਂ ਵਿੱਚ ਅਦਾਕਾਰ ਅਮਰ ਨੂਰੀ, ਇੰਦਰਜੀਤ ਨਿੱਕੂ ਅਤੇ ਹਰਿੰਦਰ ਹੁੰਦਲ ਤੋਂ ਇਲਾਵਾ ਕਲਾਸੀਕਲ ਡਾਂਸ ਦੀ ਮਾਹਿਰ ਸ਼ੁਭਜੀਤ ਕੌਰ ਅਤੇ ਸਾਬਕਾ ‘ਮਿਸਿਜ਼ ਪੰਜਾਬਣ’ ਜੋਤੀ ਅਰੋੜਾ ਸ਼ਾਮਿਲ ਸਨ। ਮੰਚ ਸੰਚਾਲਨ ਡਾ. ਨਿਰਮਲ ਜੌੜਾ ਤੇ ਡਾ. ਜਸਲੀਨ ਕੌਰ ਨੇ ਕੀਤਾ।