ਮੁੰਬਈ: ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦੀ ਫ਼ਿਲਮ ‘ਗੁੱਡ ਲੱਕ ਜੈਰੀ’ 29 ਜੁਲਾਈ ਨੂੰ ਡਿਜੀਟਲ ਪਲੈਟ ਫਾਰਮ ‘ਤੇ ਰਿਲੀਜ਼ ਹੋਵੇਗੀ। ਜਾਹਨਵੀ ਨੇ ਦੱਸਿਆ ਕਿ ਉਸ ਨੇ ਇਸ ਫ਼ਿਲਮ ਲਈ ਬਿਹਾਰੀ ਭਾਸ਼ਾ ਸਿੱਖੀ ਹੈ। ਫ਼ਿਲਮ ਦੀ ਕਹਾਣੀ ਇੱਕ ਮੁਟਿਆਰ ਜੈਰੀ ਦੁਆਲੇ ਘੁੰਮਦੀ ਹੈ, ਜੋ ਆਪਣੀ ਬਿਮਾਰ ਮਾਂ ਨੂੰ ਬਚਾਉਣ ਲਈ ਸੰਘਰਸ਼ ਕਰਦੀ ਹੈ। ਫ਼ਿਲਮ ਵਿੱਚ ਜਾਹਨਵੀ ਨੇ ਅਦਾਕਾਰ ਦੀਪਕ ਡੋਬਰਿਆਲ, ਮੀਤਾ ਵਸ਼ਿਸ਼ਟ, ਨੀਰਜ ਸੂਦ ਅਤੇ ਸੁਸ਼ਾਂਤ ਸਿੰਘ ਨਾਲ ਇੱਕ ਸੰਜੀਦਾ ਅਤੇ ਗੰਭੀਰ ਕਿਰਦਾਰ ਨਿਭਾਇਆ ਹੈ। ਜਾਹਨਵੀ ਨੇ ਕਿਹਾ, ”ਮੈਂ ਬਿਹਾਰੀ ਬੋਲਣੀ ਸਿੱਖ ਲਈ ਹੈ। ਸਾਡੇ ਕੋਲ ਗਣੇਸ਼ ਅਤੇ ਵਿਨੋਦ ਵਰਗੇ ਭਾਸ਼ਾ ਸਿਖਾਉਣ ਵਾਲੇ ਮੌਜੂਦ ਸਨ। ਅਸੀਂ ਇੱਕ ਵਰਕਸ਼ਾਪ ਲਾਈ ਅਤੇ ਉਹ ਸਾਰੇ ਗਾਣੇ ਸੁਣੇ, ਜਿਨ੍ਹਾਂ ਰਾਹੀਂ ਮੈਂ ਅਭਿਆਸ ਵੀ ਕੀਤਾ ਅਤੇ ਸਿਖਲਾਈ ਦੇ ਹਿੱਸੇ ਵਜੋਂ ਮੈਨੂੰ ਬਿਹਾਰੀ ਭਾਸ਼ਾ ‘ਚ ਗਾਲਾਂ ਕੱਢਣ ਲਈ ਕਿਹਾ ਗਿਆ। ਇਹ ਸਾਰੀ ਪ੍ਰਕਿਰਿਆ ਬਹੁਤ ਮਜ਼ੇਦਾਰ ਸੀ।” ਫ਼ਿਲਮ ਦੇ ਨਿਰਮਾਤਾ ਆਨੰਦ ਐਲ ਰਾਏ ਨੇ ਕਿਹਾ ਕਿ ‘ਗੁੱਡ ਲੱਕ ਜੈਰੀ’ ਵਿੱਚ ਉਨ੍ਹਾਂ ਆਮ ਆਦਮੀ ਦੀ ਦੁਸ਼ਵਾਰੀਆਂ ਭਰੀ ਜ਼ਿੰਦਗੀ ਦੁਆਲੇ ਘੁੰਮਦੀਆਂ ਸਮੱਸਿਆਵਾਂ ਤੇ ਮਜਬੂਰੀਆਂ ਨੂੰ ਵਿਲੱਖਣ ਤਾਲਮੇਲ ਜ਼ਰੀਏ ਦਿਖਾਇਆ ਹੈ। ਇਹ ਫਿਲਮ ਡਿਜ਼ਨੀ ਪਲੱਸ ਹੌਟਸਟਾਰ ‘ਤੇ 29 ਜੁਲਾਈ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ