ਮੁੰਬਈ: ਬੌਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁੱਖ ਕਾਮੇਡੀ ਰਿਐਲਿਟੀ ਵੈੱਬ ਸ਼ੋਅ ‘ਕੇਸ ਤੋ ਬਨਤਾ ਹੈ’ ਵਿੱਚ ਵਕੀਲ ਦੀ ਭੂਮਿਕਾ ਅਦਾ ਕਰੇਗਾ । ਇਹ ਹਫਤਾਵਾਰੀ ਕਾਮੇਡੀ ਸ਼ੋਅ ਓਟੀਟੀ ‘ਤੇ ਦਿਖਾਇਆ ਜਾਵੇਗਾ। ਇਹ ਭਾਰਤ ਦਾ ਪਹਿਲਾ ਅਜਿਹਾ ਕਾਮੇਡੀ ਸ਼ੋਅ ਹੋਵੇਗਾ ਜਿਸ ਵਿੱਚ ਬਾਲੀਵੁੱਡ ਅਦਾਕਾਰ ਸ਼ਾਮਲ ਹੋਣਗੇ। ਰਿਤੇਸ਼ ਇਸ ਸ਼ੋਅ ਵਿਚ ‘ਜਨਤਾ ਕਾ ਵਕੀਲ’ ਵਜੋਂ ਨਜ਼ਰ ਆਵੇਗਾ। ਇਸ ਵਿੱਚ ਉਹ ਬੌਲੀਵੁੱਡ ਦੀਆਂ ਉੱਘੀਆਂ ਹਸਤੀਆਂ ‘ਤੇ ਅਜੀਬੋ-ਗਰੀਬ ਅਤੇ ਹਾਸੋਹੀਣੇ ਦੋਸ਼ ਲਗਾਏਗਾ ਜਿਨ੍ਹਾਂ ਦਾ ਬਚਾਅ ਉਨ੍ਹਾਂ ਦੇ ਵਕੀਲ ਵਰੁਣ ਕਰਨਗੇ। ਇਸ ਸ਼ੋਅ ਵਿਚ ਜੱਜ ਦੀ ਭੂਮਿਕਾ ਕੁਸ਼ਾ ਕਪਿਲਾ ਨਿਭਾ ਰਹੀ ਹੈ, ਜੋ ਕਟਹਿਰੇ ਵਿੱਚ ਆਉਣ ਵਾਲੇ ਬੌਲੀਵੁੱਡ ਅਦਾਕਾਰਾਂ ਦੀ ਹੋਣੀ ਬਾਰੇ ਫ਼ੈਸਲਾ ਕਰੇਗੀ। ਆਪਣੇ ਨਵੇਂ ਸ਼ੋਅ ਬਾਰੇ ਗੱਲ ਕਰਦਿਆਂ ਰਿਤੇਸ਼ ਨੇ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਪ੍ਰਾਜੈਕਟ ਹੈ! ਉਹ ਇਹ ਦੱਸ ਹੀ ਨਹੀਂ ਸਕਦਾ ਕਿ ਉਹ ਇਸ ਲਈ ਕਿੰਨਾ ਖੁਸ਼ ਹੈ। ਉਸ ਨੂੰ ਯਕੀਨ ਹੈ ਕਿ ਇਹ ਸ਼ੋਅ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦੇਵੇਗਾ। ਬਨੀਜਯ ਏਸ਼ੀਆ ਵਲੋਂ ਬਣਾਇਆ ਇਹ ਸ਼ੋਅ 29 ਜੁਲਾਈ ਨੂੰ ਐਮਾਜ਼ੋਨ ਮਿਨੀ ਟੀਵੀ, ਐਮਾਜ਼ੋਨ ਸ਼ਾਪਿੰਗ ਐਪ ਅਤੇ ਫਾਇਰ ਟੀਵੀ ‘ਤੇ ਸ਼ੁਰੂ ਹੋਵੇਗਾ। -ਆਈਏਐੱਨਐੱਸ