ਲਾਂਸ ਏਂਜਲਸ: ਹਾਲ ਹੀ ਵਿੱਚ ਆਪਣਾ ਜਨਮ ਦਿਨ ਮਨਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਆਪਣੇ ਪਤੀ ਨਿੱਕ ਜੋਨਸ ਨਾਲ ਮਾਈਕ ਸਾਂਝਾ ਨਹੀਂ ਕਰਨਾ ਚਾਹੁੰਦੀ ਹੈ। ਹਾਲਾਂਕਿ ਉਹ ਖ਼ੁਦ ਇੱਕ ਗਾਇਕਾ ਹੈ ਅਤੇ ਉਸ ਨੇ ‘ਇਨ ਮਾਈ ਸਿਟੀ’ ਅਤੇ ‘ਐਕਜ਼ੌਟਿਕ’ ਵਰਗੇ ਗੀਤਾਂ ਨੂੰ ਆਵਾਜ਼ ਦਿੱਤੀ ਹੈ। ‘ਵਰਾਇਟੀ’ ਦੀ ਰਿਪੋਰਟ ਅਨੁਸਾਰ ਪ੍ਰਿਯੰਕਾ ਇੱਕ ਉਦਯੋਗਪਤੀ ਵਜੋਂ ਆਪਣਾ ਕਾਰੋਬਾਰ ਵਧਾ ਰਹੀ ਹੈ। ਨਿਊਯਾਰਕ ਸ਼ਹਿਰ ਵਿੱਚ ‘ਸੋਨਾ’ ਨਾਂ ਦਾ ਆਪਣਾ ਰੇਸਤਰਾਂ ਖੋਲ੍ਹਣ ਅਤੇ ਘਰ ਦੀ ਸਜਾਵਟ ਵਿੱਚ ਨਿਵੇਸ਼ ਕਰਨ ਮਗਰੋਂ ਅਦਾਕਾਰਾ ਨੇ ਨਿੱਕ ਨਾਲ ਹਾਲ ਹੀ ਵਿੱਚ ਯੂੁਕੇ ਸਥਿਤ ਇੱਕ ਲਗਜ਼ਰੀ ਫ਼ੈਸ਼ਨ ਅਤੇ ਖੇਡ ਨਾਲ ਸਬੰਧਤ ਕੱਪੜਿਆਂ ਵਿੱਚ ਨਿਵੇਸ਼ ਕੀਤਾ ਹੈ। ਅਦਾਕਾਰਾ ਨੇ ਕਿਹਾ, ”ਮੈਨੂੰ ਨਿੱਕ ਨਾਲ ਕੰਮ ਕਰਨਾ ਪਸੰਦ ਹੈ ਤੇ ਜਿਵੇਂ-ਜਿਵੇਂ ਸਮਾਂ ਬੀਤੇਗਾ ਤੁਸੀਂ ਚੀਜ਼ਾਂ ਨੂੰ ਵਾਪਰਦਿਆਂ ਦੇਖੋਗੇ। ਪਰ ਮੈਂ ਉਨ੍ਹਾਂ ਨਾਲ ਕਦੇ ਗਾਵਾਂਗੀ ਨਹੀਂ।” ਇੱਕ ਗਾਇਕਾ ਹੋਣ ਦੇ ਨਾਤੇ ਜਦੋਂ ਉਸ ਤੋਂ ਅਜਿਹਾ ਨਾ ਕਰਨ ਦੀ ਵਜ੍ਹਾ ਪੁੱਛੀ ਤਾਂ ਪ੍ਰਿਯੰਕਾ ਨੇ ਕਿਹਾ, ”ਉਸ ਵਾਂਗ ਨਹੀਂ! ਕੋਈ ਮੌਕਾ ਨਹੀਂ। ਉਹ ਇਕ ਸੰਗੀਤਕਾਰ।” ਪਰ ਪ੍ਰਿਯੰਕਾ ਨੇ ਭਰੋਸਾ ਦਿਵਾਇਆ ਕਿ ਇਕ ਦਿਨ ਉਹ ਨਿੱਕ ਨਾਲ ਸਕਰੀਨ ਜ਼ਰੂਰ ਸਾਂਝੀ ਕਰੇਗੀ। ‘ਵਰਾਇਟੀ’ ਨੇ ਪ੍ਰਿਯੰਕਾ ਦੇ ਹਵਾਲੇ ਨਾਲ ਕਿਹਾ, ”ਅਸੀਂ ਟੀਵੀ ਅਤੇ ਫਿਲਮ ਸਮੱਗਰੀ ਦਾ ਇੱਕ ਸਮੂਹ ਇਕੱਠਿਆਂ ਵਿਕਸਿਤ ਕਰ ਰਹੇ ਹਾਂ।” -ਆਈਏਐੱਨਐੱਸ