ਚੰਡੀਗੜ੍ਹ: ਅਦਾਕਾਰਾ ਐਸ਼ਵਰਿਆ ਰਾਏ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਅਦਾਕਾਰਾ ਨੂੰ ਆਪਣੇ ਪਤੀ ਅਭਿਸ਼ੇਕ ਬੱਚਨ ਤੇ ਧੀ ਅਰਾਧਿਆ ਬੱਚਨ ਨਾਲ ਮੁੰਬਈ ਹਵਾਈ ਅੱਡੇ ‘ਤੇ ਵੇਖਿਆ ਗਿਆ ਸੀ, ਜਿਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਪ੍ਰਸ਼ੰਸਕਾਂ ਨੂੰ ਸ਼ੱਕ ਹੋਇਆ ਕਿ ਐਸ਼ਵਰਿਆ ਰਾਏ ਗਰਭਵਤੀ ਹੈ। ਵਾਇਰਲ ਵੀਡੀਓ ‘ਚ ਐਸ਼ਵਰਿਆ ਰਾਏ ਨੇ ਕਾਲੇ ਰੰਗ ਦੀ ਲੰਮੀ ਪੁਸ਼ਾਕ ਪਹਿਨੀ ਹੋਈ ਸੀ। ਅਰਾਧਿਆ ਨੇ ਵੀ ਕਾਲੇ ਰੰਗ ਦਾ ਟਰੈਕ ਸੂਟ ਪਾਇਆ ਹੋਇਆ ਸੀ ਤੇ ਦੋਵਾਂ ਮਾਵਾਂ-ਧੀਆਂ ਨੇ ਨਾਲ ਚਿੱਟੇ ਰੰਗ ਦੇ ਸਨੀਕਰ ਪਾਏ ਹੋਏ ਸਨ। ਅਦਾਕਾਰ ਜੋੜੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਆਉਣ ਤੋਂ ਤੁਰੰਤ ਬਾਅਦ ਹੀ ਪ੍ਰਸ਼ੰਸਕਾਂ ਵੱਲੋਂ ਅਦਾਕਾਰ ਦੇ ਗਰਭਵਤੀ ਹੋਣ ਦੀ ਚਰਚਾ ਸ਼ੁਰੂ ਹੋ ਗਈ ਸੀ। ਕੁਮੈਂਟ ਬਾਕਸ ਵਿੱਚ ਕਈ ਦਰਸ਼ਕਾਂ ਨੇ ਇਹ ਦਾਅਵਾ ਕੀਤਾ ਹੈ ਕਿ ਐਸ਼ਵਰਿਆ ਨੇ ਕਾਲੇ ਰੰਗ ਦੀ ਲੰਮੀ ਪੁਸ਼ਾਕ ਪਹਿਨ ਕੇ ਆਪਣਾ ‘ਬੇਬੀ ਬੰਪ’ ਲੁਕੋਣ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਨਵੀਂ ਫਿਲਮ ‘ਪੋਨੀਯਨ ਸੇਲਵਾਨ’ ਦਾ ਪੋਸਟਰ ਸਾਂਝਾ ਕੀਤਾ ਹੈ। ਇਹ ਮਨੀ ਰਤਨਮ ਦੀ ਫਿਲਮ ਹੈ, ਜਿਸ ਵਿੱਚ ਐਸ਼ਵਰਿਆ ਨੇ ਦੋਹਰੀ ਭੂਮਿਕਾ ਨਿਭਾਈ ਹੈ। ਉਹ ਇਸ ਫ਼ਿਲਮ ਵਿੱਚ ਪਾਜ਼ੂਰੋਵ ਦੀ ਰਾਜਕੁਮਾਰੀ ਨੰਦਿਨੀ ਅਤੇ ਇੱਕ ਇਤਿਹਾਸਕ ਡਰਾਮੇ ਵਿੱਚ ਮੰਦਾਕਿਨੀ ਦੇਵੀ ਦੀ ਭੂਮਿਕਾ ਨਿਭਾਅ ਰਹੀ ਹੈ। -ਏਜੰਸੀਆਂ