ਮੁੰਬਈ: ਬੌਲੀਵੁੱਡ ਅਦਾਕਾਰਾ ਕਾਜੋਲ ਨੇ ਅੱਜ ਸਿਨੇ ਜਗਤ ਵਿੱਚ 30 ਸਾਲ ਪੂਰੇ ਕਰ ਲਏ ਹਨ ਅਤੇ ਉਸ ਨੇ ਇਸ ਸਫ਼ਰ ਦੌਰਾਨ ਮਿਲੇ ਪਿਆਰ ਲਈ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ। 47 ਸਾਲਾ ਅਦਾਕਾਰਾ ਨੇ ਇਸ ਪਲ ਦਾ ਜਸ਼ਨ ਮਨਾਉਣ ਲਈ ਆਪਣੀਆਂ ਕੁਝ ਪ੍ਰਸਿੱਧ ਫ਼ਿਲਮਾਂ ‘ਚ ਨਿਭਾਏ ਕਿਰਦਾਰਾਂ ਦਾ ਇੱਕ ‘ਵੀਡੀਓ ਸੰਗ੍ਰਿਹ’ ਸਾਂਝਾ ਕੀਤਾ ਹੈ, ਜਿਸ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ, ”ਮੈਨੂੰ ਕੱਲ੍ਹ ਕਿਸੇ ਨੇ ਪੁੱਛਿਆ ਸੀ ਕਿ ਮੈਂ ਕੀ ਮਹਿਸੂਸ ਕਰ ਰਹੀ ਹਾਂ? ਪਰ ਮੈਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਸਕੀ, ਸਿਵਾਏ ਇਹ ਕਹਿਣ ਦੇ ਕਿ ਮੈਨੂੰ ਬਿਨਾਂ ਸ਼ਰਤ ਐਨਾ ਪਿਆਰ ਦੇਣ ਲਈ ਮੈਂ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ। ਖੈਰ, 30 ਸਾਲ ਹੋ ਗਏ ਅਤੇ ਗਿਣਤੀ ਜਾਰੀ ਹੈ…ਜੇਕਰ ਰੱਬ ਨੇ ਚਾਹਿਆ ਤਾਂ 30 ਸਾਲ ਹੋਰ ਹੋਣਗੇ।” ਅਦਾਕਾਰਾ ਤਨੂਜਾ ਅਤੇ ਨਿਰਦੇਸ਼ਕ ਸ਼ੋਮੂ ਮੁਖਰਜੀ ਦੀ ਧੀ ਕਾਜੋਲ ਨੇ 31 ਜੁਲਾਈ 1992 ਨੂੰ ਰਿਲੀਜ਼ ਹੋਈ ਫਿਲਮ ‘ਬੇਖੁਦੀ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਿੰਨ ਦਹਾਕਿਆਂ ਵਿੱਚ ਉਸ ਨੇ ‘ਯੇ ਦਿਲੱਗੀ’, ‘ਦੁਸ਼ਮਨ’, ‘ਪਿਆਰ ਕੀਆ ਤੋ ਡਰਨਾ ਕਿਆ’, ‘ਪਿਆਰ ਤੋ ਹੋਨਾ ਹੀ ਥਾ’, ‘ਫਨਾਹ’ ਅਤੇ ‘ਗੁਪਤ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। ਇਸੇ ਤਰ੍ਹਾਂ ਉਸ ਨੇ ਸੁਪਰਸਟਾਰ ਸ਼ਾਹਰੁਖ ਖਾਨ ਨਾਲ ‘ਬਾਜ਼ੀਗਰ’, ‘ਕਰਨ ਅਰਜੁਨ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਕੁਛ ਕੁਛ ਹੋਤਾ ਹੈ’, ‘ਕਭੀ ਖੁਸ਼ੀ ਕਭੀ ਗਮ’, ‘ਮਾਈ ਨੇਮ ਇਜ਼ ਖਾਨ’ ਅਤੇ ‘ਦਿਲਵਾਲੇ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਉਸ ਨੇ ਆਪਣੇ ਪਤੀ ਅਜੈ ਦੇਵਗਨ ਨਾਲ ਵੀ ‘ਪਿਆਰ ਤੋ ਹੋਨਾ ਹੀ ਥਾ’, ‘ਇਸ਼ਕ’, ‘ਰਾਜੂ ਚਾਚਾ’, ‘ਯੂ ਮੀ ਔਰ ਹਮ’ ਅਤੇ ‘ਤਾਨਾਜੀ: ਦਿ ਅਨਸੰਗ ਵਾਰੀਅਰ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। ਹਾਲ ਹੀ ਵਿੱਚ ਖ਼ਬਰ ਏਜੰਸੀ ‘ਪੀਟੀਆਈ’ ਨੂੰ ਦਿੱਤੀ ਇੰਟਰਵਿਊ ਵਿੱਚ ਅਦਾਕਾਰਾ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਨੇ ਕੁਝ ਵੱਡੇ ਨਿਰਦੇਸ਼ਕਾਂ ਨਾਲ ਸ਼ਾਨਦਾਰ ਫਿਲਮਾਂ ਵਿੱਚ ਕੰਮ ਕੀਤਾ। ਜ਼ਿਕਰਯੋਗ ਹੈ ਕਿ ਆਉਂਦੇ ਦਿਨੀਂ ਕਾਜੋਲ ਡਿਜ਼ਨੀ ਪਲੱਸ ਹਾਟਸਟਾਰ ‘ਤੇ ਪਹਿਲੀ ਵੈੱਬ ਸੀਰੀਜ਼ ਵਿੱਚ ਨਜ਼ਰ ਆਵੇਗੀ। -ਪੀਟੀਆਈ