ਬਰਮਿੰਘਮ, 1 ਅਗਸਤ
ਭਾਰਤੀ ਜੂਡੋ ਖਿਡਾਰੀ ਐੱਲ ਸੁਸ਼ੀਲਾ ਦੇਵੀ ਨੇ ਰਾਸ਼ਟਰ ਮੰਡਲ ਖੇਡਾਂ ‘ਚ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ ‘ਚ ਅੱਜ ਇੱਥੇ ਚਾਂਦੀ ਦਾ ਤਗ਼ਮਾ ਅਤੇ ਪੁਰਸ਼ਾਂ ਦੇ 60 ਕਿਲੋ ਭਾਰ ਵਰਗ ‘ਚ ਵਿਜੈ ਕੁਮਾਰ ਯਾਦਵ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਸੁਸ਼ੀਲਾ ਨੂੰ ਫਾਈਨਲ ‘ਚ ਬੇਹੱਦ ਕਰੀਬੀ ਮੁਕਾਬਲੇ ‘ਚ ਦੱਖਣੀ ਅਫਰੀਕਾ ਦੀ ਮਿਸ਼ੈਲਾ ਵਾਈਟਬੁਈ ਨੇ 4.25 ਮਿੰਟ ‘ਚ ਹਰਾਇਆ। ਚਾਰ ਮਿੰਟ ਦੇ ਤੈਅ ਸਮੇਂ ‘ਚ ਦੋਵਾਂ ਜੂਡੋ ਖਿਡਾਰੀਆਂ ਨੇ ਕੋਈ ਅੰਕ ਨਹੀਂ ਬਣਾਇਆ। ਵਾਈਟਬੁਈ ਨੇ ਇਸ ਤੋਂ ਬਾਅਦ ਗੋਲਡਨ ਅੰਕ ਹਾਸਲ ਕਰਕੇ ਮੁਕਾਬਲਾ ਜਿੱਤ ਲਿਆ। ਸੁਸ਼ੀਲਾ ਨੇ ਗਲਾਸਗੋ ਰਾਸ਼ਟਰ ਮੰਡਲ ਖੇਡਾਂ ‘ਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਇਸ ਤੋਂ ਪਹਿਲਾਂ ਸੈਮੀਫਾਈਨਲ ‘ਚ ਸੁਸ਼ੀਲਾ ਨੇ ਮਾਰੀਸ਼ਸ ਦੇ ਪ੍ਰਿਸਿਲਾ ਮੋਰਾਂਡ ਨੂੰ ਇੱਪੋਨ ਅੰਕ ਹਾਸਲ ਕਰਕੇ ਹਰਾਇਆ ਸੀ। ਸੁਸ਼ੀਲਾ ਨੇ ਕੁਆਰਟਰ ਫਾਈਨਲ ‘ਚ ਮਾਲਾਵੀ ਦੀ ਹੈਰੀਏਟ ਬੋਨਫੋਸ ਨੂੰ ਹਰਾਇਆ ਸੀ। ਉੱਧਰ ਪੁਰਸ਼ਾਂ ਦੇ 60 ਕਿਲੋ ਰੈਪੇਸ਼ਾਜ ‘ਚ ਵਿਜੈ ਕੁਮਾਰ ਯਾਦਵ ਨੇ ਸਕਾਟਲੈਂਡ ਦੇ ਡਿਨਲਾਨ ਮੁਨਰੋ ਨੂੰ ਹਰਾ ਕੇ ਕਾਂਸੀ ਤਗ਼ਮਾ ਹਾਸਲ ਕੀਤਾ ਹੈ। ਵਿਜੈ ਕੁਮਾਰ ਯਾਦਵ ਨੂੰ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ‘ਚ ਆਸਟਰੇਲੀਆ ਦੇ ਜੋਸ਼ੁਆ ਕਾਜ ਨੇ ਮਾਤ ਦਿੱਤੀ। ਇਸ ਤੋਂ ਪਹਿਲਾਂ ਦਿਨੇ ਭਾਰਤੀ ਜੂਡੋ ਖਿਡਾਰੀ ਜਸਲੀਨ ਸਿੰਘ ਸੈਣੀ ਰਾਸ਼ਟਰ ਮੰਡਲ ਖੇਡਾਂ ‘ਚ ਪੁਰਸ਼ਾਂ ਦੇ 66 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ‘ਚ ਸਕਾਟਲੈਂਡ ਦੇ ਫਿਨਲੇ ਐਲੇਨ ਤੋਂ ਹਾਰਨ ਤੋਂ ਬਾਅਦ ਹੁਣ ਕਾਂਸੀ ਦੇ ਤਗ਼ਮੇ ਲਈ ਖੇਡੇਗਾ। ਸੈਣੀ ਸਵੇਰੇ ਸੈਮੀ ਫਾਈਨਲ ‘ਚ ਅਸਾਨੀ ਨਾਲ ਪਹੁੰਚ ਗਿਆ ਸੀ ਪਰ ਢਾਈ ਮਿੰਟ ਤੋਂ ਵੀ ਘੱਟ ਸਮੇਂ ਤੱਕ ਚੱਲੇ ਮੈਚ ‘ਚ ਐਲੇਨ ਨੇ ਇੱਪੋਨ ਕਰਕੇ ਅੰਕ ਹਾਸਲ ਕੀਤੇ ਜਿਸ ਨਾਲ ਸੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੈਣੀ ਕੋਲ ਹੁਣ ਵੀ ਕਾਂਸੀ ਤਗ਼ਮਾ ਜਿੱਤਣ ਦਾ ਮੌਕਾ ਹੈ। -ਪੀਟੀਆਈ