ਮੁੰਬਈ: ਅਦਾਕਾਰ ਵਰੁਣ ਧਵਨ ਨੇ ਆਪਣੀ ਆਉਣ ਵਾਲੀ ਫਿਲਮ ‘ਬਵਾਲ’ ਦੀ ਸ਼ੂਟਿੰਗ ਪੋਲੈਂਡ ਵਿੱਚ ਮੁਕੰਮਲ ਕਰ ਲਈ ਹੈ। ਇਸ ਫਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾੜੀ ਹਨ। ਇਸ ਰੋਮਾਂਟਿਕ ਡਰਾਮਾ ਫਲਮ ਵਿੱਚ ਜਾਹਨਵੀ ਕਪੂਰ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਧਵਨ (35) ਨੇ ਸ਼ੂਟਿੰਗ ਖ਼ਤਮ ਹੋਣ ਬਾਰੇ ਜਾਣਕਾਰੀ ਇੰਸਟਾਗ੍ਰਾਮ ਪੋਸਟ ਰਾਹੀਂ ਸਾਂਝੀ ਕੀਤੀ। ਇਹ ਫਿਲਮ 7 ਅਪਰੈਲ, 2023 ਨੂੰ ਰਿਲੀਜ਼ ਹੋਵੇਗੀ। ਵਰੁਣ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਜੁੱਗਜੁੱਗ ਜੀਓ’ ਸੀ। ‘ਬਵਾਲ’ ਦੀ ਕਹਾਣੀ ਅਸ਼ਵਨੀ ਅਈਅਰ ਤਿਵਾੜੀ ਨੇ ਲਿਖੀ ਹੈ। ਫਿਲਮ ਦੀ ਪਟਕਥਾ ਤਿਵਾੜੀ ਨੇ ਪਿਊਸ਼ ਗੁਪਤਾ, ਨਿਖਿਲ ਮਲਹੋਤਰਾ, ਸ਼੍ਰੇਅਸ ਜੈਨ ਤੇ ਆਪਣੇ ਪਤੀ ਨਿਤੇਸ਼ ਤਿਵਾੜੀ ਨਾਲ ਮਿਲ ਕੇ ਲਿਖੀ ਹੈ। ਅਸ਼ਵਿਨੀ ਨੇ ਵੀ ਇੰਸਟਾਗ੍ਰਾਮ ਉੱਤੇ ਪੋਸਟ ਕਰਦਿਆਂ ਲਿਖਿਆ ਕਿ ‘ਬਵਾਲ’ ਦੀ ਸ਼ੂਟਿੰਗ ਪੂਰੀ ਟੀਮ ਲਈ ‘ਮੁਸ਼ਕਲ’ ਸੀ। ਉਨ੍ਹਾਂ ਸ਼ੂਟਿੰਗ ਖ਼ਤਮ ਹੋਣ ‘ਤੇ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਹਨ ਜਿਨ੍ਹਾਂ ਦੀ ਕੰਪਨੀ ਨਾਡਿਆਡਵਾਲਾ ਗ੍ਰੈਂਡਸਨ ਇਸ ਫਿਲਮ ਦਾ ਨਿਰਮਾਣ ਕਰ ਰਹੀ ਹੈ। ਤਿਵਾੜੀ ਜੋੜਾ ਵੀ ਫਿਲਮ ਦੇ ਨਿਰਮਾਤਾਵਾਂ ਵਿੱਚ ਸ਼ਾਮਲ ਹੈ। ‘ਬਵਾਲ’ ਦੀ ਸ਼ੂਟਿੰਗ ਅਪਰੈਲ ਵਿੱਚ ਲਖਨਊ ਵਿੱਚ ਸ਼ੁਰੂ ਹੋਈ ਸੀ। -ਪੀਟੀਆਈ