ਵਾਸ਼ਿੰਗਟਨ: ਨਿਊ ਜਰਸੀ ਵਿੱਚ ਕਰਵਾਏ ਗਏ ਮਿਸ ਇੰਡੀਆ ਯੂਐੱਸਏ-2022 ਮੁਕਾਬਲੇ ਦਾ ਤਾਜ ਭਾਰਤੀ ਮੂਲ ਦੀ ਆਰਿਆ ਵਾਲਵੇਕਾਰ ਦੇ ਸਿਰ ਸਜਿਆ ਹੈ। ਅਦਾਕਾਰਾ ਬਣਨ ਦੀ ਚਾਹਵਾਨ 18 ਸਾਲਾ ਆਰਿਆ ਵਾਲਵੇਕਾਰ ਵਰਜੀਨੀਆ ਦੀ ਰਹਿਣ ਵਾਲੀ ਹੈ। ਆਰਿਆ ਨੇ ਆਪਣੀ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ, ‘ਬਚਪਨ ਤੋਂ ਹੀ ਮੇਰੀ ਇੱਛਾ ਸੀ ਕਿ ਮੈਂ ਟੀਵੀ ਅਤੇ ਫ਼ਿਲਮਾਂ ਵਿੱਚ ਕੰਮ ਕਰਾਂ ਤੇ ਸਿਲਵਰ ਸਕਰੀਨ ‘ਤੇ ਦਿਖਾਈ ਦੇਵਾਂ।’ ਆਰਿਆਂ ਨੂੰ ਨਵੀਆਂ ਥਾਵਾਂ ‘ਤੇ ਘੁੰਮਣਾ, ਖਾਣਾ ਬਣਾਉਣਾ ਤੇ ਤਰਕ-ਵਿਤਰਕ ਕਰਨਾ ਪਸੰਦ ਹੈ। ਇਸ ਮੁਕਾਬਲੇ ਵਿੱਚ ਯੂਨੀਵਰਸਿਟੀ ਆਫ ਵਰਜੀਨੀਆ ਵਿੱਚ ਦੂਜੇ ਸਾਲ ਦੀ ਪ੍ਰੀ-ਮੈਡੀਕਲ ਵਿਦਿਆਰਥਣ ਸੌਮਿਆ ਸ਼ਰਮਾ ਨੇ ਦੂਜਾ ਸਥਾਨ ਅਤੇ ਨਿਊ ਜਰਸੀ ਦੀ ਸੰਜਨੀ ਚੇਕੁਰੀ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਇਸ ਸੁੰਦਰਤਾ ਮੁਕਾਬਲੇ ਦੀ 40ਵੀਂ ਵਰ੍ਹੇਗੰਢ ਮਨਾਈ ਗਈ ਹੈ। ਇਹ ਲੰਮੇ ਅਰਸੇ ਤੋਂ ਭਾਰਤ ਤੋਂ ਬਾਹਰ ਹੋਣ ਵਾਲਾ ਮੁਕਾਬਲਾ ਹੈ। ਇਸ ਦੌਰਾਨ ਵਾਸ਼ਿੰਗਟਨ ਸਟੇਟ ਦੀ ਆਕਸ਼ੀ ਜੈਨ ਨੂੰ ਮਿਸਿਜ਼ ਇੰਡੀਆ ਯੂਐੱਸਏ ਅਤੇ ਨਿਊ ਯਾਰਕ ਦੀ ਤਨਵੀ ਗੋਇਲ ਨੂੰ ਮਿਸ ਟੀਨ ਇੰਡੀਆ ਯੂਐੱਸਏ ਦਾ ਖ਼ਿਤਾਬ ਹਾਸਲ ਹੋਇਆ ਹੈ। ਇਸ ਤਹਿਤ 30 ਰਾਜਾਂ ਦੀਆਂ 74 ਪ੍ਰਤੀਯੋਗੀਆਂ ਨੇ ਮਿਸ ਇੰਡੀਆ ਯੂਐੱਸਏ, ਮਿਸਿਜ਼ ਇੰਡੀਆ ਯੂਐੱਸਏ ਅਤੇ ਮਿਸ ਟੀਨ ਇੰਡੀਆ ਯੂਐੱਸਏ ਮੁਕਾਬਲਿਆਂ ਵਿੱਚ ਭਾਗ ਲਿਆ ਸੀ। -ਪੀਟੀਆਈ