ਮੁੰਬਈ: ਬੌਲੀਵੁੱਡ ਅਦਾਕਾਰ ਸੋਨੂ ਸੂਦ ਆਪਣੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੈ ਪਰ ਉਸ ਨੇ ਆਖਿਆ ਕਿ ਹਰ ਇੱਕ ਨੂੰ ਆਪਣੀ ਅਸਫਲਤਾ ਖਿੜੇ ਮੱਥੇ ਸਵੀਕਾਰ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਹ ਫ਼ਿਲਮ ਲੰਘੀ 3 ਜੂਨ ਨੂੰ ਰਿਲੀਜ਼ ਹੋਈ ਸੀ ਅਤੇ ਇਸ ਫ਼ਿਲਮ ਨੂੰ ਦਰਸ਼ਕਾਂ ਤੋਂ ਹੁੰਗਾਰਾ ਨਹੀਂ ਮਿਲਿਆ। ਪ੍ਰਿਥਵੀਰਾਜ ਚੌਹਾਨ ਦੇ ਦਰਬਾਰੀ ਕਵੀ ਚਾਂਦ ਬਰਦਾਈ ਦੀ ਭੂਮਿਕਾ ਨਿਭਾਉਣ ਵਾਲੇ 49 ਸਾਲਾ ਅਦਾਕਾਰ ਨੇ ਆਖਿਆ ਕਿ ਉਸ ਦੀ ਇੱਛਾ ਸੀ ਕਿ ਇਹ ਫ਼ਿਲਮ ਕਾਮਯਾਬ ਹੁੰਦੀ। ਉਸ ਨੇ ਆਖਿਆ ਕਿ ਇਸ ਫਿਲਮ ਦੇ ਨਿਰਮਾਣ ਲਈ ਕਾਫੀ ਮਿਹਨਤ ਕੀਤੀ ਗਈ ਸੀ… ਕਾਸ਼ ਇਹ ਫਿਲਮ ਚੰਗਾ ਪ੍ਰਦਰਸ਼ਨ ਕਰ ਸਕਦੀ। ਸੋਨੂ ਨੇ ਦੱਸਿਆ ਕਿ ਅਦਾਕਾਰ ਲਈ ਇਹ ਮਹੱਤਵਪੂਰਨ ਹੁੰਦਾ ਹੈ ਕਿ ਉਹ ਆਪਣਾ 100 ਫੀਸਦੀ ਦੇਵੇ ਪਰ ਫ਼ਿਲਮ ਦੀ ਸਫ਼ਲਤਾ ਦਰਸ਼ਕਾਂ ‘ਤੇ ਨਿਰਭਰ ਕਰਦੀ ਹੈ। ਜੇਕਰ ਅਦਾਕਾਰ ਕੋਲੋਂ ਕੋਈ ਕਮੀ ਰਹਿ ਗਈ ਹੈ ਤਾਂ ਅਗਲੀ ਵਾਰ ਉਸ ਕਮੀ ਨੂੰ ਦੂਰ ਕਰਕੇ ਆਪਣੀ ਗ਼ਲਤੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ‘ਸਮਰਾਟ ਪ੍ਰਿਥਵੀਰਾਜ’ 175 ਕਰੋੜ ਰੁਪਏ ਦੇ ਬਜਟ ਨਾਲ ਤਿਆਰ ਕੀਤੀ ਗਈ ਸੀ ਅਤੇ ਇਸ ਫ਼ਿਲਮ ਨੇ 90 ਕਰੋੜ ਰੁਪਏ ਕਮਾਏ ਹਨ। ਦੱਸਣਾ ਬਣਦਾ ਹੈ ਕਿ ਕਰੋਨਾ ਮਹਾਮਾਰੀ ਵੇਲੇ ਸੋਨੂ ਸੂਦ ਨੇ ਗਰੀਬਾਂ ਦੀ ਰੱਜ ਕੇ ਮਦਦ ਕੀਤੀ ਸੀ। -ਪੀਟੀਆਈ