ਮੁੰਬਈ: ਸਾਬਕਾ ਮਿਸ ਵਰਲਡ ਅਤੇ ਬੌਲੀਵੁਡ ਅਦਾਕਾਰਾ ਮਾਨੁਸ਼ੀ ਛਿੱਲਰ ਆਪਣੀ ਅਗਲੀ ਫਿਲਮ ‘ਤਹਿਰਾਨ’ ਵਿੱਚ ਜੌਹਨ ਅਬਰਾਹਮ ਨਾਲ ਨਜ਼ਰ ਆਵੇਗੀ। ਉਸ ਨੇ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਸ਼ੁਕਰਗੁਜ਼ਾਰ ਹੈ ਕਿ ਉਸ ਨੂੰ ਵੱਖ-ਵੱਖ ਭੂਮਿਕਾਵਾਂ ਨਿਭਾਉਣ ਲਈ ਮਿਲ ਰਹੀਆਂ ਹਨ ਜਿਸ ਨਾਲ ਉਸ ਨੂੰ ਆਪਣੀ ਅਦਾਕਾਰੀ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ। ‘ਤਹਿਰਾਨ’ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਅਤੇ ਅਦਾਕਾਰਾ ਨੇ ਫ਼ਿਲਮ ਦੇ ਦੂਜੇ ਗੇੜ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਨੁਸ਼ੀ ਨੇ ਕਿਹਾ ਕਿ ਉਸ ਨੇ ਫਿਲਮ ਵਿਚ ਜੌਹਨ ਅਬਰਾਹਮ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਤਜਰਬੇ ਕਰਨ ਅਤੇ ਵੱਖ-ਵੱਖ ਭੂਮਿਕਾਵਾਂ ਨਿਭਾਉਣ ਨਾਲ ਉਸ ਦੀ ਭਰੋਸੇਯੋਗਤਾ ਬਣੀ ਹੈ ਤੇ ਇਹ ਫਿਲਮ ਅਜਿਹਾ ਪ੍ਰਾਜੈਕਟ ਹੈ ਜਿਸ ਬਾਰੇ ਉਹ ਬਹੁਤ ਉਤਸ਼ਾਹਿਤ ਹੈ ਕਿਉਂਕਿ ਇਹ ਫਿਲਮ ਨਾ ਸਿਰਫ ਉਸ ਨੂੰ ਆਪਣੀ ਅਦਾਕਾਰੀ ਦਿਖਾਉਣ ਦਾ ਮੌਕਾ ਦਿੰਦੀ ਹੈ ਬਲਕਿ ਉਹ ਇਸ ਫਿਲਮ ਵਿਚ ਇੱਕ ਨਵੇਂ ਰੂਪ ਵਿਚ ਸਾਹਮਣੇ ਆਈ ਹੈ। ਫਿਲਮ ‘ਤਹਿਰਾਨ’ ਦੀ ਕਹਾਣੀ ਰਿਤੇਸ਼ ਸ਼ਾਹ ਨੇ ਲਿਖੀ ਹੈ ਤੇ ਇਸ ਦੇ ਨਿਰਦੇਸ਼ਕ ਅਰੁਨ ਗੋਪਾਲਨ ਹਨ। ਇਹ ਫਿਲਮ ਮੈਡੋਕ ਫਿਲਮ ਪ੍ਰੋਡਕਸ਼ਨ ਤੇ ਬੇਕ ਮਾਈ ਕੇਕ ਫਿਲਮਜ਼ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। -ਆਈਏਐੱਨਐੱਸ