ਚੰਡੀਗੜ੍ਹ (ਟ੍ਰਿਬਿਊਨ ਵੈੱਸ ਡੈਸਕ): ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਉਹ ਲੈ ਕੇ ਆਇਆ ਸੀ। ਉਸ ਨੇ ਆਖਿਆ ਕਿ ਉਹ ਮੂਸੇਵਾਲਾ ਦੇ ਗੀਤ ‘ਸੋ ਹਾਈ’ ਤੋਂ ਬਹੁਤ ਪ੍ਰਭਾਵਿਤ ਸੀ। ਗਿੱਪੀ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਆਪਣੀ ਨੇੜਤਾ ਦਾ ਜ਼ਿਕਰ ਵੀ ਕੀਤਾ। ਜਾਣਕਾਰੀ ਅਨੁਸਾਰ ਲੰਘੀ 29 ਮਈ ਨੂੰ ਮਾਨਸਾ ਨੇੜੇ ਗੈਂਗਸਟਰਾਂ ਨੇ ਗੋਲੀਆਂ ਮਾਰ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਸੀ। ਬੌਲੀਵੁੱਡ ਹੰਗਾਮਾ ਨਾਲ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਨੇ ਆਖਿਆ,”ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿੱਚ ਮੈਂ ਲਾਂਚ ਕੀਤਾ ਸੀ। ਜਦੋਂ ਮੈਂ ਆਪਣੀ ਮਿਊਜ਼ਿਕ ਕੰਪਨੀ ‘ਹੰਬਲ’ ਲਾਂਚ ਕੀਤੀ ਸੀ ਤਾਂ ਅਸੀਂ ਇੱਕ ਵੱਡੇ ਗਾਇਕ ਨਾਲ ਗੀਤ ਰਿਕਾਰਡ ਕੀਤਾ ਸੀ। ਉਦੋਂ ਮੈਨੂੰ ਕਿਸੇ ਦੋਸਤ ਨੇ ਮੂਸੇਵਾਲਾ ਬਾਰੇ ਦੱਸਿਆ ਸੀ ਅਤੇ ਕੰਪਨੀ ਲਾਂਚ ਕਰਨ ਤੋਂ ਬਾਅਦ ਉਸ ਦਾ ਗੀਤ ਜ਼ਰੂਰ ਰਿਲੀਜ਼ ਕਰਨ ਦੀ ਅਪੀਲ ਕੀਤੀ ਸੀ। ਜਦੋਂ ਮੈਂ ਗੀਤ ਸੁਣਿਆ ਤਾਂ ਗੀਤ ਬਹੁਤ ਕਮਾਲ ਦਾ ਸੀ ਅਤੇ ਮੈਂ ਆਖਿਆ ਸੀ ਕਿ ਇਹ ਗੀਤ ਰਿਲੀਜ਼ ਹੋਣ ਮਗਰੋਂ ਹਿੱਟ ਹੋਵੇਗਾ। ਗੀਤ ‘ਸੋ ਹਾਈ’ ਮਿਊਜ਼ਿਕ ਕੰਪਨੀ ‘ਹੰਬਲ’ ਲਈ ਕਮਾਈ ਦਾ ਸਾਧਨ ਬਣਿਆ ਅਤੇ ਇਸੇ ਗੀਤ ਨੇ ਮੂਸੇਵਾਲਾ ਦੀ ਪਛਾਣ ਬਣਾਈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਸ ਗੀਤ ਦੀ ਵੀਡੀਓ ‘ਤੇ ਯੂਟਿਊਬ ਉੱਤੇ 5.6 ਲੱਖ ਤੋਂ ਵੱਧ ਵਿਊਜ਼ ਸਨ।” ਗਿੱਪੀ ਨੇ ਆਖਿਆ ਕਿ ਮਿਊਜ਼ਿਕ ਪ੍ਰੋਡਿਊਸਰਜ਼ ਨੂੰ ਮਰਹੂਮ ਮੂਸੇਵਾਲਾ ਦੇ ਤਿਆਰ ਅਤੇ ਅਧੂਰੇ ਗੀਤ ਰਿਲੀਜ਼ ਨਾ ਕਰਨ ਕਿਉਂਕਿ ਇਹ ਉਸ ਦੇ ਮਾਪਿਆਂ ਦੀ ‘ਜਾਇਦਾਦ’ ਹੈ। ਮੂਸੇਵਾਲਾ ਦੇ ਪਿਤਾ ਅਨੁਸਾਰ ਮਰਹੂਮ ਸਿੱਧੂ ਮੂਸੇਵਾਲਾ ਦੇ ਕਰੀਬ 40-50 ਗੀਤ ਰਿਲੀਜ਼ ਹੋਣੇ ਬਾਕੀ ਹਨ।