ਮੁੰਬਈ: ਬੌਲੀਵੁੱਡ ਅਦਾਕਾਰ ਸੈਫ ਅਲੀ ਖਾਨ ਅੱਜ 52 ਸਾਲਾਂ ਦਾ ਹੋ ਗਿਆ ਹੈ। ਉਸ ਦੀ ਅਦਾਕਾਰਾ ਪਤਨੀ ਕਰੀਨਾ ਕਪੂਰ ਖਾਨ ਨੇ ਸੈਫ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ ਕਿ ਸੈਫ ਦਾ ‘ਪਾਊਟ’ (ਬੁੱਲ੍ਹ ਗੋਲ ਕਰਕੇ) ਬਣਾ ਕੇ ਤਸਵੀਰ ਖਿਚਵਾਉਣਾ ਉਸ ਨਾਲੋਂ ਵਧੀਆ ਹੈ। ਸਿਨੇ ਜਗਤ ਵਿੱਚ ‘ਪਾਊਟ’ ਬਣਾਉਣ ਲਈ ਜਾਣੀ ਜਾਂਦੀ ਕਰੀਨਾ ਨੇ ਇੰਸਟਾਗਰਾਮ ‘ਤੇ ਸੈਫ ਦੀ ਕਾਰ ਵਿਚ ਬੈਠੇ ਦੀ ਤਸਵੀਰ ਸਾਂਝੀ ਕੀਤੀ ਜਿਥੇ ਉਹ ਕੈਮਰੇ ਵੱਲ ਦੇਖ ਕੇ ‘ਪਾਊਟ’ ਬਣਾ ਰਿਹਾ ਹੈ। ਕਰੀਨਾ ਨੇ ਇਕ ਪਿਆਰਾ ਸੰਦੇਸ਼ ਲਿਖਿਆ ਹੈ, ‘ਦੁਨੀਆ ਦੇ ਸਭ ਤੋਂ ਚੰਗੇ ਇਨਸਾਨ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਉਸ ਨੇ ਕਿਹਾ ਕਿ ਸੈਫ ਦਾ ‘ਪਾਊਟ ‘ ਬਣਾਉਣ ਦਾ ਅੰਦਾਜ਼ ਉਸ ਨਾਲੋਂ ਵਧੀਆ ਹੈ। ਕਰੀਨਾ ਨੇ ਇਸ ਬਾਰੇ ਪ੍ਰਸ਼ੰਸਕਾਂ ਤੋਂ ਵੀ ਰਾਏ ਮੰਗੀ ਹੈ। ਕਰੀਨਾ ਦੀ ਇਹ ਪੋਸਟ ਪ੍ਰਸ਼ੰਸਕਾਂ ਤੋਂ ਇਲਾਵਾ ਫਿਲਮੀ ਸਿਤਾਰਿਆਂ ਵਲੋਂ ਵੀ ਪਸੰਦ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਸੈਫ ਨੇ ਆਪਣੇ ਤੋਂ 10 ਸਾਲ ਛੋਟੀ ਕਰੀਨਾ ਕਪੂਰ ਨਾਲ 16 ਅਕਤੂਬਰ, 2012 ਨੂੰ ਦੂਜਾ ਵਿਆਹ ਕਰਵਾਇਆ ਸੀ। ਕਰੀਨਾ ਕਪੂਰ ਦੀ ਆਮਿਰ ਖਾਨ ਨਾਲ ਫਿਲਮ ‘ਲਾਲ ਸਿੰਘ ਚੱਢਾ’ ਹਾਲ ਹੀ ਵਿੱਚ ਰਿਲੀਜ਼ ਹੋਈ ਹੈ ਜਦਕਿ ਸੈਫ ਅਲੀ ਖਾਨ ਐਕਸ਼ਨ ਥ੍ਰਿਲਰ ਫਿਲਮ ‘ਵਿਕਰਮ ਵੇਧਾ’ ਵਿੱਚ ਰਿਤਿਕ ਰੌਸ਼ਨ ਨਾਲ ਨਜ਼ਰ ਆਵੇਗਾ। -ਆਈਏਐੱਨਐੱਸ