12.4 C
Alba Iulia
Saturday, May 11, 2024

ਯਾਤਰਾ ਆਪਣੀ ਆਪਣੀ

Must Read


ਕਰਨੈਲ ਸਿੰਘ ਸੋਮਲ

ਕੁਝ ਨਵਾਂ ਸਿੱਖਣਾ ਹੋਵੇ ਤਾਂ ਸ਼ੁਰੂ ਸ਼ੁਰੂ ਵਿੱਚ ਬੜੀ ਔਖ ਮਹਿਸੂਸ ਹੁੰਦੀ ਹੈ। ਮਨ ਹਮੇਸ਼ਾਂ ਸੌਖ ਵੱਲ ਨੂੰ ਦੌੜਦਾ ਹੈ, ਪਰ ਪ੍ਰਾਪਤੀਆਂ ਕਠਿਨਾਈਆਂ ਝੱਲ ਕੇ ਹੀ ਹੁੰਦੀਆਂ ਹਨ। ਇਨ੍ਹਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਸਾਣ ਉੱਤੇ ਲਾਇਆਂ ਹੀ ਹਥਿਆਰ ਦੀ ਧਾਰ ਸੋਹਣੀ ਬਣਦੀ ਹੈ। ਪਰੇਸ਼ਾਨੀਆਂ ਕੀਹਨੂੰ ਨਹੀਂ ਆਉਂਦੀਆਂ। ਕਿੱਲਤਾਂ ਤੇ ਤੰਗੀਆਂ ਨਾਲ ਮਨੁੱਖ ਦਾ ਵਾਹ ਮੁੱਢੋਂ ਰਿਹਾ ਹੈ। ਉਹ ਇਨ੍ਹਾਂ ਚੁਣੌਤੀਆਂ ਨੂੰ ਕਬੂਲ ਕਰਦਾ ਰਿਹਾ ਹੈ। ਪ੍ਰਤੱਖ ਹੈ ਕਿ ਇੰਜ ਮਨੁੱਖ ਦਾ ਆਤਮ-ਵਿਸ਼ਵਾਸ ਵਧਦਾ ਹੈ। ਉਸ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਤੇ ਉਤਸ਼ਾਹ ਵੀ ਮਿਲਦੇ ਹਨ।

ਤਾਅ ਦਿੱਤੀ ਧਾਤ ਕਿਸੇ ਵੀ ਪਾਸੇ ਢਾਲੀ ਜਾ ਸਕਦੀ ਹੈ। ਇਵੇਂ ਹੀ ਸਖ਼ਤ ਮਿਹਨਤ ਕਰਦਿਆਂ ਮਨੁੱਖ ਦੇ ਅੰਦਰਲੀ ਸ਼ਕਤੀ ਉਸ ਦੇ ਕਹਿਣੇ ਲੱਗਣ ਲਈ ਤਤਪਰ ਹੋ ਜਾਂਦੀ ਹੈ। ਬਿਨਾਂ ਘਾਲ ਕੁਝ ਵੀ ਨਹੀਂ ਮਿਲਦਾ। ਧਰਤੀ ਵਿੱਚ ਧਰਿਆ ਇੱਕ ਨਿੱਕਾ ਬੀਜ ਵੀ ਆਪਣਾ ਪੂਰਾ ਤਾਣ ਲਾ ਕੇ ਜੰਮਦਾ ਹੈ। ਇਹੋ ਹਠ, ਸਿਦਕ ਤੇ ਦ੍ਰਿੜਤਾ ਹੈ। ਬਸ ਲੱਗੇ ਰਹਿਣਾ ਤੇ ਲੱਗੇ ਰਹਿਣਾ। ਇਸੇ ਲਗਨ ਤੇ ਧੁਨ ਸਦਕਾ ਬੰਦੇ ਦੇ ਅੰਦਰ ਅੱਗੇ ਤੋਂ ਅੱਗੇ ਤੁਰਨ ਲਈ ਧੂਹ ਪੈਂਦੀ ਹੈ।

ਇੱਕ ਕਹਾਣੀ ਵਿੱਚ ਕੋਈ ਚੂਚੇ ਨੂੰ ਪੁੱਛਦੈ ਕਿ ਉਹ ਆਂਡੇ ਦੀ ਬੰਦ ਕੋਠੜੀ ਤੋਂ ਬਾਹਰ ਕਿਵੇਂ ਆਇਆ। ਚੂਚਾ ਕਹਿੰਦਾ ਜਦੋਂ ਮੇਰੀ ਕਾਇਆ ਪੂਰੀ ਬਣ ਗਈ ਤਾਂ ਮੈਨੂੰ ਅੰਦਰ ਰਹਿਣ ਵਿੱਚ ਔਖ ਹੋਣ ਲੱਗੀ। ਉਂਜ ਵੀ ਲੰਮੀ ਦੇਰ ਸੋਤੇ ਵਿੱਚ ਰਿਹਾ ਸੀ। ਫਿਰ ਮੇਰਾ ਅੰਗ ਅੰਗ ਹਰਕਤ ਵਿੱਚ ਆਉਣ ਲਈ ਤਿਆਰ ਹੋਇਆ। ਤਦ ਫੁਰਨਾ ਫੁਰਿਆ ਕਿ ਬਾਹਰ ਨਿਕਲਣ ਲਈ ਰਾਹ ਅੰਦਰੋਂ ਆਪੇ ਬਣਾਇਆ ਜਾਵੇ। ਜੁਗਤ ਸੁੱਝੀ ਕਿ ਆਪਣੀ ਚੁੰਜ ਨਾਲ ਠੁਕ-ਠੁਕ ਕਰਨਾ ਸ਼ੁਰੂ ਕਰਾਂ। ਬਸ ਫਿਰ, ਲੱਗਿਆ ਰਿਹਾ। ਆਖਰ ਨੂੰ ਆਂਡੇ ਦਾ ਫੋਲਕ ਪਹਿਲਾਂ ਤਿੜਕ ਗਿਆ ਤੇ ਫਿਰ ਪਲਾਂ ਵਿੱਚ ਹੀ ਦੁਫਾੜ ਹੋ ਗਿਆ। ਵਾਹ! ਬਾਹਰ ਦਾ ਚਾਨਣ ਕਿਹਾ ਅਨੋਖਾ ਸੀ। ਹਾਂ ਜੀ, ਬਹੁਤੇ ਰਾਹ ਅੰਦਰੋਂ ਆਪਣੇ ਉੱਦਮੋਂ ਹੀ ਖੁੱਲ੍ਹਦੇ ਹਨ। ਕਾਹਲ ਤੇ ਤਤਕਾਲ ਨਤੀਜੇ ਦੀ ਚਾਹ ਕੁਝ ਨਹੀਂ ਸੰਵਾਰਦੀ।

ਉਂਜ, ਚੂਚੇ ਦੀ ਕੀ, ਹਰੇਕ ਦੀ ਆਪਣੀ ਯਾਤਰਾ ਹੁੰਦੀ ਹੈ। ਨਦੀ ਦੀ ਯਾਤਰਾ ਆਪਣੀ, ਕਿਸ਼ਤੀ ਦੀ ਆਪਣੀ ਤੇ ਉਸ ਰਾਹੀਂ ਪਾਰ ਲੰਘਦੇ ਯਾਤਰੂਆਂ ਦੀ ਆਪਣੀ। ਯਾਤਰਾ ਅਕਸਰ ਨ੍ਹੇਰਿਆਂ ਤੋਂ ਸ਼ੁਰੂ ਹੁੰਦੀ ਹੈ, ਨ੍ਹੇਰੀਆਂ ਤੇ ਝੱਖੜਾਂ-ਝਾਂਜਿਆਂ ਨੂੰ ਝੱਲਦੀ ਚਾਨਣ ਵੱਲ ਤੁਰਦੀ ਹੈ। ਯਾਤਰੂ ਬਹੁਤੀ ਵਾਰ ਸੋਚਦੈ- ‘ਮੇਰੀ ਮਰਜ਼ੀ’, ਉਂਜ ਜਿਹੜੇ ਰਾਹਾਂ ਉੱਤੇ ਤੁਰੀਦੈ ਉਨ੍ਹਾਂ ਦੀ ਮਰਜ਼ੀ ਵੀ ਹੁੰਦੀ ਹੈ, ਮੌਸਮਾਂ ਤੇ ਰੁੱਤਾਂ ਦੀ ਵੀ, ਭੁੱਖਾਂ-ਪਿਆਸਾਂ, ਥਕੇਵਿਆਂ ਤੇ ਉਨੀਂਦਰਿਆਂ ਦੀ ਵੀ ਮਰਜ਼ੀ।

ਕਿਸੇ ਇੱਕ ਦੀ ਜੀਵਨ ਯਾਤਰਾ ਹੋਰ ਕਿਸੇ ਦੀ ਜੀਵਨ ਯਾਤਰਾ ਨਾਲ ਪੂਰੀ ਮੇਲ ਨਹੀਂ ਖਾਂਦੀ। ਪਿਤਾ ਦੀ ਆਪਣੀ ਯਾਤਰਾ, ਔਲਾਦ ਦੀ ਆਪਣੀ , ਹਰੇਕ ਦੀ ਅਲੱਗ, ਅਲੱਗ। ਅਨੁਭਵ ਵੀ ਆਪਣੇ ਆਪਣੇ। ਖ਼ੈਰ! ਯਾਤਰਾ ਮੇਲ ਖਾਵੇ ਜਾਂ ਨਾ ਖਾਵੇ, ਜਾਂ ਉਲਟ ਦਿਸ਼ਾ ਵੱਲ ਜਾਵੇ, ਆਸ਼ਾ-ਨਿਰਾਸ਼ਾ, ਦੁੱਖ-ਸੁੱਖ ਇਸੇ ਤੋਂ ਉਪਜਣ। ਕੁਝ ਨਿਸ਼ਚੇ ਹੋ ਵੀ ਸਕਦਾ ਹੈ ਅਤੇ ਅਨਿਸ਼ਚਿਤ ਵੀ ਰਹਿ ਸਕਦਾ ਹੈ। ਵਿਆਕਰਨ ਵਿੱਚ ‘ਨਿਸ਼ਚੇ ਅਤੇ ਅਨਿਸ਼ਚੇ’ ਦੀ ਬੁਝਾਰਤ ‘ਕਾਲ’ ਦੇ ਪ੍ਰਸੰਗ ਵਿੱਚ ਪੈਂਦੀ ਹੈ। ਹੋਰ ਅੱਗੇ ਕੀ, ਉਸ ਤੋਂ ਵੀ ਅਗਾਂਹ ਕੀ, ਜਗਿਆਸਾ ਤੇ ਇੱਛਾਵਾਂ ਦੀ ਧੱਕ ਬਹੁਤ, ਕਿਸੇ ਇੱਕ ਕੰਨੀਂ ਹੱਥ ਆਈ, ਕਿਸੇ ਨੇ ਜ਼ਰਾ ਜਿੰਨੀ ਲਿਸ਼ਕੋਰ ਹੀ ਪਰਤੀਤ ਕੀਤੀ।

‘ਮੈਨੂੰ ਪਤੈ’, ‘ਮੈਂ ਜਾਣਨਾਂ’, ‘ਮੈਂ ਸਾਰਾ ਕੁਝ ਜਾਣਨੈਂ’, ਬੜੇ ਭਰਮ ਪਾਲੇ ਜਾਂਦੇ ਹਨ, ਭਰਮ ਟੁੱਟਦੇ ਹਨ, ਵਿਸ਼ਵਾਸ ਖੁੱਟਦੇ ਵੀ ਹਨ, ਇਹ ਸਿਲਸਿਲਾ ਇਵੇਂ ਚੱਲਦਾ ਰਿਹੈ। ਥਾਹ ਪਾਉਂਦਿਆਂ ਹਰੇਕ ਦਾ ਆਪਣਾ ਨਿਚੋੜ…। ਜੀਵਨ ਯਾਤਰਾ ਤਦੇ ਹੀ ਦਿਲਚਸਪ ਤੇ ਅਨੋਖੀ, ‘ਕੱਲ੍ਹ ਕੀ ਹੋਊ’ ਦੀ ਜਗਿਆਸਾ ਨਾਲ ਭਰਪੂਰ। ਇਸ ਪ੍ਰਸੰਗ ਵਿੱਚ ਦੋ ਯਾਤਰਾਵਾਂ ਦਾ ਖ਼ਿਆਲ ਆਉਂਦਾ ਹੈ, ਇੱਕ ਮਹਾਭਾਰਤ ਵਿੱਚ ਆਉਂਦੇ ਪਾਂਡੋਆਂ ਦੀ ਦੂਜੀ ਸੰਤਾਲੀ ਵਿੱਚ ਉਜਾੜੇ ਦਾ ਸੰਤਾਪ ਝੱਲਦੇ ਲੋਕਾਂ ਦੀ। ਜੁਗੋ-ਜੁਗ ਸਬਕ ਦਿੰਦੀਆਂ ਰਹਿਣੀਆਂ ਹਨ ਇਹ ਯਾਤਰਾਵਾਂ। ਹੋਰ ਅਨੇਕਾਂ ਮਿਸਾਲਾਂ ਹਨ।

ਜੀਵਨ ਵਿੱਚ ਕਈ ਤਰ੍ਹਾਂ ਦੇ ਹਨੇਰਿਆਂ ਦੇ ਸਨਮੁਖ ਹੋਈਦਾ ਹੈ। ਇੱਕ ਉਹ ਹਨੇਰਾ ਜਿਹੜਾ ਦੀਵੇ ਦੀ ਲੋਅ ਦੇ ਦਾਇਰੇੇ ਤੋਂ ਬਾਹਰ ਹੁੰਦਾ ਹੈ ਤੇ ਤੇ ਦੂਜਾ ਜਿਹੜਾ ਦੀਵੇ ਦੇ ਹੇਠਾਂ ਹੁੰਦਾ ਹੈ। ਅਗਿਆਨ ਤੇ ਅੰਧ-ਵਿਸ਼ਵਾਸੀ ਦੇ ਹਨੇਰੇ ਵੀ ਹੁੰਦੇ ਹਨ। ਹਰੇਕ ਨੂੰ ਆਪਣਾ ਦੀਵਾ ਜਗਾਉਣ ਤੇ ਬਲਦਾ ਰੱਖਣ ਦੀ ਲੋੜ ਪੈਂਦੀ ਹੈ। ਦੀਵੇ ਕਈ ਵਾਰੀ ਬੁਝਣ-ਬੁਝਣ ਨੂੰ ਕਰਦੇ ਹਨ, ਕਈ ਵਾਰੀ ਬੁਝ ਵੀ ਜਾਂਦੇ ਹਨ, ਤੇਲ-ਬੱਤੀ ਪੂਰੀ ਹੁੰਦਿਆਂ ਵੀ, ਪਰ ਉਮਰ ਭਰ ਉੱਦਮ ਕਰਨਾ ਹੁੰਦੈ। ਦੀਵੇ ਮੁੜ ਜਗ ਜਾਂਦੇ ਹਨ। ਸਾਡੀ ਚਾਨਣ ਦੀ ਚਾਹਤ ਬੜੀ ਵੱਡੀ ਹੈ।

ਦਹਿਲੀਜ਼ ਜਾਂ ਖਿੱਚੀ ਗਈ ਲਛਮਣ ਰੇਖਾ ਤੋਂ ਬਾਹਰ ਪੈਰ ਧਰਦਿਆਂ ਹੀ ਰੋਕਾਂ ਤੇ ਮਨਾਹੀਆਂ ਦਾ ਸਿਲਸਿਲਾ ਆਦਿ ਕਾਲ ਤੋਂ ਹੀ ਰਿਹਾ। ਇਹ ਕਿਸੇ ਬਾਹਰੀ ਸ਼ਕਤੀ ਵੱਲੋਂ ਨਹੀਂ, ਆਪਣੇ ਅਤੇ ਆਪਣਿਆਂ ਦੇ ਡਰ ਤੋਂ ਹੀ। ਇਨ੍ਹਾਂ ਨੂੰ ਤੋੜਦਾ ਵੀ ਮਨੁੱਖ ਹੀ ਹੈ। ਬਹੁਤੇ ਲੋਕ ਇਨ੍ਹਾਂ ਕਰਕੇ ਸਾਰੀ ਉਮਰ ਸੁੰਗੜਦੇ ਰਹਿੰਦੇ ਹਨ। ਮਨੁੱਖ ਦਾ ਆਪਣਾ ਅਨੁਸ਼ਾਸਨ ਹੋਵੇ ਤਾਂ ਉਸ ਦੀ ਸੁਤੰਤਰਤਾ ਕਾਇਮ ਰਹਿੰਦੀ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਰਾਤ ਨੂੰ ਘਰ ਦੇ ਬੂਹੇ ਬੰਦ ਕਰਕੇ ਅੰਦਰੋਂ ਜਿੰਦਰੇ ਲਾ ਲਏ ਜਾਣ। ਚਾਬੀ ਆਪਣੇ ਹੱਥ ਵਿੱਚ ਹੋਣ ਕਰਕੇ ਸੁਰੱਖਿਆ ਤੇ ਆਜ਼ਾਦੀ ਦਾ ਅਹਿਸਾਸ ਹੁੰਦਾ ਹੈ।

ਅਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਸਜੱਗ ਨਾ ਹੋਈਏ, ਤਾਂ ਵੀ ਗੁਜ਼ਾਰਾ ਹੋ ਜਾਂਦਾ ਹੈ, ਪਰ ਜੱਗ ‘ਤੇ ਆਏ ਹੋਣ ਦਾ ਅਨੋਖਾ ਅਨੁਭਵ ਖੁੰਝ ਜਾਂਦਾ ਹੈ। ਸਫ਼ਰ ਉੱਤੇ ਤੁਰਿਆ ਜਿਹੜਾ ਆਦਮੀ ਆਲਾ-ਦੁਆਲਾ ਨਿਹਾਰਦਾ ਜਾਂਦਾ ਹੈ। ਮੁੜ ਦੱਸਣ ਲਈ ਉਸ ਕੋਲ ਢੇਰ ਸਾਰੀਆਂ ਗੱਲਾਂ ਹੁੰਦੀਆਂ ਹਨ।

ਸੰਪਰਕ: 98141-57137



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -