ਮੁੰਬਈ: ਬੌਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਆਖਿਆ ਕਿ ਉਸ ਨੇ ਸ਼ੂਟਿੰਗ ਦੌਰਾਨ ਕੈਮਰੇ ਮੂਹਰੇ ਚੌਕਸ ਰਹਿਣ ਦਾ ਢੰਗ ਕਰੀਨਾ ਕਪੂਰ ਕੋਲੋਂ ਸਿੱਖਿਆ ਹੈ। ਇਸ ਲਈ ‘ਕੈਮਰਾ ਫਰੇਮ’ ਤੋਂ ਬਾਹਰ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਨੂੰ ਸ਼ਾਨਦਾਰ ਕਰਾਰ ਦਿੰਦਿਆਂ ਅਦਾਕਾਰਾ ਨੇ ਸਾਲ 2019 ਵਿੱਚ ਕਰੀਨਾ ਨਾਲ ਆਈ ਫ਼ਿਲਮ ‘ਗੁੱਡ ਨਿਊਜ਼’ ਦਾ ਤਜਰਬਾ ਵੀ ਸਾਂਝਾ ਕੀਤਾ। ਕਿਆਰਾ ਨੇ ਆਖਿਆ,”ਮੈਂ ਕਰੀਨਾ ਕੋਲੋਂ ਬਹੁਤ ਕੁਝ ਸਿੱਖਿਆ ਹੈ। ਮੈਂ ਉਸ ਕੋਲੋਂ ਇਹ ਵੀ ਸਿੱਖਿਆ ਕਿ ਕੈਮਰੇ ਦਾ ਸਾਹਮਣਾ ਕਿਵੇਂ ਕਰਨਾ ਹੈ। ਆਮ ਤੌਰ ‘ਤੇ ਮੈਂ ਸ਼ੂਟਿੰਗ ਦੌਰਾਨ ਕਿਸੇ ਖਾਸ ਚੀਜ਼ ਨੂੰ ਤਵੱਜੋ ਦਿੰਦਿਆਂ ਕੈਮਰੇ ਦੇ ਫਰੇਮ ‘ਚ ਰਹਿਣਾ ਭੁੱਲ ਜਾਂਦੀ ਸੀ। ਪਰ ਕਰੀਨਾ ਨਾਲ ਅਜਿਹਾ ਨਹੀਂ ਹੋਇਆ ਅਤੇ ਉਸ ਨੂੰ ਪਤਾ ਹੁੰਦਾ ਸੀ ਕਿ ਕੈਮਰਾ ਕਿਥੇ ਹੈ।” ਅਦਾਕਾਰਾ ਨੇ ਅੱਗੇ ਆਖਿਆ ਕਿ ਉਹ ਪਰਿਵਾਰ ਦਾ ਮਨੋਰੰਜਨ ਕਰਨ ਵਾਲੀਆਂ ਫ਼ਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹੈ। ਜਜ਼ਬਾਤੀ ਦ੍ਰਿਸ਼ਾਂ ਬਾਰੇ ਗੱਲਬਾਤ ਕਰਦਿਆਂ ਉਸ ਨੇ ਆਖਿਆ,”ਤੁਸੀਂ ਅਜਿਹੇ ਸੀਨ ਇਮਾਨਦਾਰੀ ਨਾਲ ਕਰੋ, ਜਾਅਲੀ ਨਾ ਬਣੋ ਕਿਉਂਕਿ ਇਮਾਨਦਾਰੀ ਨਾਲ ਨਿਭਾਇਆ ਕਿਰਦਾਰ ਦਰਸ਼ਕਾਂ ਨੂੰ ਹਲੂਣਦਾ ਹੈ।” -ਆਈਏਐੱਨਐੱਸ