ਮੁੰਬਾਈ: ਨਿਰਮਾਤਾ ਏਕਤਾ ਆਪਣੀ ਨਵੀਂ ਫਿਲਮ ‘ਗੁਡਬਾਏ’ ਰਿਲੀਜ਼ ਕਰਨ ਲਈ ਤਿਆਰ ਹੈ। ਉਸ ਨੇ ਇੱਥੇ ਮਲਟੀਪਲੈਕਸ ਵਿੱਚ ਫਿਲਮ ਦਾ ਟਰੇਲਰ ਰਿਲੀਜ਼ ਕੀਤਾ। ਇਸ ਮੌਕੇ ਰਸ਼ਮਿਕਾ ਮੰਦਾਨਾ, ਪਵੇਲ ਗੁਲਾਟੀ, ਨੀਨਾ ਗੁਪਤਾ ਮੌਜੂਦ ਸਨ ਜਦਕਿ ਅਮਿਤਾਭ ਬੱਚਨ ਨੇ ਵਰਚੁਅਲ ਤੌਰ ‘ਤੇ ਹਾਜ਼ਰੀ ਭਰੀ। ‘ਗੁਡਬਾਏ’ ਉਸ ਪਰਿਵਾਰ ਦੀ ਕਹਾਣੀ ਹੈ ਜੋ ਪਰਿਵਾਰ ਦੀ ਬਿਰਧ ਦੀ ਮੌਤ ਮਗਰੋਂ ਇਕਜੁੱਟ ਹੋ ਜਾਂਦਾ ਹੈ। ਬਿਰਧ ਬੀਬੀ ਦਾ ਕਿਰਦਾਰ ਨੀਨਾ ਗੁਪਤਾ ਨੇ ਨਿਭਾਇਆ ਹੈ। ਇਸ ਫਿਲਮ ਦੇ ਟਰੇਲਰ ਨੇ ਨਿਰਮਾਤਾ ਏਕਤਾ ਕਪੂਰ ਸਣੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ੲੇਕਤਾ ਫ਼ਿਲਮ ਅਤੇ ਕਿਰਦਾਰਾਂ ਬਾਰੇ ਕੁਝ ਬੋਲਣ ਲਈ ਉੱਠੀ ਹੈ ਤਾਂ ਉਹ ਭਾਵੁਕ ਹੋ ਗਈ ਕਿਉਂਕਿ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਮਾਪੇ ਵੀ ਦਿਨੋ-ਦਿਨ ਬਜ਼ੁਰਗ ਹੋ ਰਹੇ ਹਨ। ਏਕਤਾ ਉੱਘੇ ਅਦਾਕਾਰ ਜਿਤੇਂਦਰ ਅਤੇ ਨਿਰਮਾਤਾ ਸ਼ੋਭਾ ਕਪੂਰ ਦੀ ਧੀ ਹੈ। ਇਸ ਦੌਰਾਨ ਭਾਵੁਕ ਹੋਣ ਕਾਰਨ ਏਕਤਾ ਕੁਝ ਸ਼ਬਦ ਵੀ ਨਾ ਬੋਲ ਸਕੀ। ਉਸ ਨੇ ਆਪਣੇ ਆਪ ਨੂੰ ਸਾਂਭਣ ਦੀ ਕੋਸ਼ਿਸ਼ ਵੀ ਕੀਤੀ ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ ਅਤੇ ਉਹ ਫਿਲਮ ਅਤੇ ਕਿਰਦਾਰਾਂ ਬਾਰੇ ਕੁਝ ਵੀ ਨਹੀਂ ਆਖ ਸਕੀ। ‘ਗੁਡਬਾਏ’ ਰਸ਼ਮਿਕਾ ਦੀ ਪਹਿਲੀ ਹਿੰਦੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਸ ਨੇ ਬਲਾਕਬਾਸਟਰ ਫਿਲਮ ‘ਪੁਸ਼ਪਾ: ਦਿ ਰਾਈਜ਼’ ਵਿੱਚ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਵਿਕਾਸ ਬਹਿਲ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਗੁਡਬਾਏ’ ਸੱਤ ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ