ਚੇਨੱਈ: ਅਦਾਕਾਰ ਕਮਲ ਹਾਸਨ ਨੇ ਆਖਿਆ ਕਿ ਉਸ ਕੋਲ ਕਿਸੇ ਦੀ ਕਾਮਯਾਬੀ ‘ਤੇ ਈਰਖਾ ਕਰਨ ਦਾ ਸਮਾਂ ਨਹੀਂ ਹੈ ਕਿਉਂਕਿ ਉਸ ਨੂੰ ਅਤੇ ਤਾਮਿਲ ਅਦਾਕਾਰ ਰਜਨੀਕਾਂਤ ਨੂੰ ਇਸ ਗੱਲ ਦੀ ਸਮਝ ਚੜ੍ਹਦੀ ਉਮਰੇ ਹੀ ਆ ਗਈ ਸੀ। ਇਥੇ ਨਿਰਦੇਸ਼ਕ ਮਨੀ ਰਤਨਮ ਦੀ ਫ਼ਿਲਮ ‘ਪੋਨੀਯਨ ਸੈਲਵਨ 1’ ਦਾ ਟਰੇਲਰ ਰਿਲੀਜ਼ ਕਰਨ ਸਬੰਧੀ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਮਲ ਹਾਸਨ ਨੇ ਆਖਿਆ ਕਿ ਫ਼ਿਲਮੀ ਜਗਤ ਛੋਟਾ ਜਿਹਾ ਪਰਿਵਾਰ ਹੈ ਤੇ ਇਸ ਪਰਿਵਾਰ ਵਿੱਚ ਕਿਸੇ ਨਾਲ ਈਰਖਾ ਕਰਨ ਦਾ ਸਮਾਂ ਨਹੀਂ ਹੈ। ਕਮਲ ਹਾਸਲ ਨੇ ਕਿਹਾ, ‘ਜਦੋਂ ਸਾਡੇ ਕੋਲ ਆਪਣੇ ਕੰਮ ਲਈ ਸਮਾਂ ਨਹੀਂ ਤਾਂ ਕਿਸੇ ਨਾਲ ਈਰਖਾ ਕਰਨ ਲਈ ਵੀ ਨਹੀਂ ਹੈ। ਅਸੀਂ ਕਈ ਵੱਡੀਆਂ ਸਫ਼ਲਤਾਵਾਂ ਤੇ ਅਸਫ਼ਲਤਾਵਾਂ ਵੇਖੀਆਂ ਹਨ। ਹਰ ਸਫ਼ਲਤਾ ‘ਤੇ ਅਸੀਂ ਖੁਸ਼ੀ ਮਨਾਈ ਹੈ, ਕਿਉਂਕਿ ਕਿਸੇ ਇੱਕ ਦੀ ਸਫ਼ਲਤਾ ਸਾਰੇ ਫ਼ਿਲਮੀ ਜਗਤ ਦੀ ਸਫ਼ਲਤਾ ਹੈ ਤੇ ਇਸੇ ਤਰ੍ਹਾਂ ਕਿਸੇ ਇੱਕ ਦੀ ਅਸਫਲਤਾ ਵੀ ਸਾਰੇ ਸਿਨੇ ਜਗਤ ਦੀ ਅਸਫਲਤਾ ਹੈ।’ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਵਧਾਈ ਦਿੰਦਿਆਂ ਅਦਾਕਾਰ ਨੇ ਕਿਹਾ ਕਿ ਇਸ ਫਿਲਮ ਦੇ ਗੀਤਾਂ ਨੂੰ ਜਿੰਨਾ ਪਿਆਰ ਮਿਲ ਰਿਹਾ ਹੈ, ਉਸ ਨਾਲ ਉਸ ਦੇ ਦਿਲ ਦੀ ਧੜਕਨ ਹੋਰ ਤੇਜ਼ ਹੋ ਰਹੀ ਹੈ। ਕਮਲ ਹਾਸਨ ਨੇ ਰਹਿਮਾਨ ਦੇ ਸੰਗੀਤ ਨੂੰ ਵਿਲੱਖਣ ਕਰਾਰ ਦਿੱਤਾ ਹੈ।’ -ਆਈਏਐੱਨਐੱਸ