ਮੁੰਬਈ: ਬੌਲੀਵੁੱਡ ਅਦਾਕਾਰ ਕਮਾਲ ਆਰ ਖਾਨ (ਕੇਆਰਕੇ) ਜੇਲ੍ਹ ਵਿਚੋਂ ਬਾਹਰ ਆ ਗਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਜੇਲ੍ਹ ਵਿੱਚ 10 ਦਿਨਾਂ ਦੌਰਾਨ 10 ਕਿਲੋ ਭਾਰ ਘਟਾਇਆ ਹੈ ਕਿਉਂਕਿ ਉਸ ਨੇ ਜੇਲ੍ਹ ਵਿੱਚ ਪਾਣੀ ਤੋਂ ਇਲਾਵਾ ਕੁਝ ਵੀ ਨਹੀਂ ਪੀਤਾ। ਇਹ ਜਾਣਕਾਰੀ ਉਸ ਨੇ ਟਵੀਟ ਕਰਦਿਆਂ ਸਾਂਝੀ ਕੀਤੀ। ਉਸ ਨੇ ਹੁਣ ਟਵੀਟ ਜ਼ਰੀਏ ਖੁਲਾਸਾ ਕੀਤਾ ਕਿ ਉਹ ਦਸ ਦਿਨਾਂ ਦੀ ਨਿਆਂਇਕ ਹਿਰਾਸਤ ਮਗਰੋਂ ਘਰ ਪਰਤ ਆਇਆ ਹੈ। ਉਹ ਆਪਣੇ ਬੁਰੇ ਵੇਲੇ ਨੂੰ ਭੁੱਲ ਗਿਆ ਹੈ। ਇਹੋ ਉਸ ਦੀ ਕਿਸਮਤ ਵਿੱਚ ਲਿਖਿਆ ਸੀ ਪਰ ਮੀਡੀਆ ਨਿੱਤ ਦਿਨ ਨਵੀਆਂ ਕਹਾਣੀਆਂ ਘੜ ਰਿਹਾ ਹੈ। ਕਮਾਲ ਖਾਨ ਦੇ ਲੜਕੇ ਫੈਜ਼ਲ ਖਾਨ ਨੇ ਪਿਛਲੇ ਹਫਤੇ ਟਵਿੱਟਰ ਅਕਾਊਂਟ ‘ਤੇ ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁਖ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸੰਬੋਧਨ ਕਰਦਿਆਂ ਪੋਸਟ ਅਪਲੋਡ ਕੀਤੀ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਦੇ ਪਿਤਾ ਦੀ ਜਾਨ ਨੂੰ ਖ਼ਤਰਾ ਹੈ। ਜ਼ਿਕਰਯੋਗ ਹੈ ਕਿ ਕੇਆਰਕੇ ਜਦੋਂ ਦੁਬਈ ਤੋਂ ਮੁੰਬਈ ਪਰਤਿਆ ਸੀ ਤਾਂ ਉਸ ਨੂੰ ਹਵਾਈ ਅੱਡੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਯੁਵਾ ਸੈਨਾ ਆਗੂ ਰਾਹੁਲ ਕਨਾਲ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਸੀ ਜਿਸ ਨੇ ਦੋਸ਼ ਲਗਾਇਆ ਸੀ ਕਿ ਕੇਆਰਕੇ ਮਰਹੂਮ ਅਦਾਕਾਰ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਸਬੰਧੀ ਨਫਰਤੀ ਟਿੱਪਣੀਆਂ ਕਰ ਰਿਹਾ ਹੈ ਜਿਸ ਕਰ ਕੇ ਉਸ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। -ਏਐੱਨਆਈ