ਮੁੰਬਈ: ਬੌਲੀਵੁੱਡ ਅਦਾਕਾਰਾ ਕਾਜੋਲ ਅਤੇ ਅਦਾਕਾਰ ਅਜੈ ਦੇਵਗਨ ਦੇ ਪੁੱਤਰ ਯੁੱਗ ਦਾ ਅੱਜ ਜਨਮ ਦਿਨ ਹੈ। ਇਸ ਵਿਸ਼ੇਸ਼ ਮੌਕੇ ‘ਤੇ ਅਦਾਕਾਰਾ ਨੇ ਆਪਣੇ ਪੁੱਤਰ ਲਈ ਪੱਤਰ ਲਿਖਿਆ ਹੈ। ਕਾਜੋਲ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸਾਂਝੀ ਕਰਦਿਆਂ ਕਿਹਾ, ”ਖੁਸ਼ੀ ਦੇ ਪਲ ਦੀਆਂ ਜਿੰਨੀਆਂ ਮੂਰਤਾਂ ਤੁਸੀਂ ਖਿੱਚ ਸਕਦੇ ਹੋ ਖਿੱਚ ਲਓ… ਕਿਉਂਕਿ ਜਨਮ ਦਿਨ ਮੌਕੇ ਪੋਸਟਾਂ ਲਈ ਤੁਹਾਨੂੰ ਇਨ੍ਹਾਂ ਦੀ ਲੋੜ ਹੈ। ਜਨਮ ਦਿਨ ਮੁਬਾਰਕ ਮੇਰੇ ਪਿਆਰੇ… ਤੇਰੇ ਚਿਹਰੇ ‘ਤੇ ਹਮੇਸ਼ਾਂ ਮੁਸਕਾਨ ਰਹੇ।” ਅਜੈ ਦੇਵਗਨ ਨੇ ਵੀ ਯੁੱਗ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਕਿਹਾ, ”ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਤੇਰੇ ਨਾਲ ਵੱਡਾ ਹੋ ਰਿਹੈ। ਜਨਮ ਦਿਨ ਦੀ ਵਧਾਈ ਹੋਵੇ ਯੁੱਗ।” ਜਾਣਕਾਰੀ ਅਨੁਸਾਰ ਅਜੈ ਦੇਵਗਨ ਤੇ ਕਾਜੋਲ ਦਾ ਵਿਆਹ ਦੋ ਦਹਾਕੇ ਪਹਿਲਾਂ ਹੋਇਆ ਸੀ। ਇਸ ਜੋੜੇ ਦੇ ਘਰ ਧੀ ਤੋਂ ਬਾਅਦ ਸਾਲ 2010 ਵਿੱਚ ਪੁੱਤਰ ਨੇ ਜਨਮ ਲਿਆ ਸੀ। ਜ਼ਿਕਰਯੋਗ ਹੈ ਕਿ ਦੋਵੇਂ ਆਪਣੇ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਅਜੈ ਨੇ ਪਿਤਾ ਦਿਵਸ ਮੌਕੇ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਯੁੱਗ ਨਾਲ ਤਸਵੀਰ ਸਾਂਝੀ ਕੀਤੀ ਸੀ। ਅਜੈ ਦੇਵਗਨ ਆਖ਼ਰੀ ਵਾਰ ਫ਼ਿਲਮ ‘ਰਨਵੇਅ 34’ ਵਿੱਚ ਨਜ਼ਰ ਆਇਆ ਸੀ ਤੇ ਹੁਣ ਉਹ ਰਕੁਲ ਪ੍ਰੀਤ ਸਿੰਘ ਨਾਲ ‘ਥੈਂਕ ਗੌਡ’ ਵਿੱਚ ਨਜ਼ਰ ਆਵੇਗਾ। ਇਸ ਫਿਲਮ ਦੀ ਅਗਲੇ ਮਹੀਨੇ ਅਕਤੂਬਰ ਵਿੱਚ ਰਿਲੀਜ਼ ਹੋਣ ਦੀ ਸੰਭਾਵਨਾ ਹੈ। -ਏਐੱਨਆਈ