12.4 C
Alba Iulia
Friday, May 10, 2024

ਛੋਟਾ ਪਰਦਾ

Must Read


ਧਰਮਪਾਲ

ਸ਼ਵੇਤਾ ਅਤੇ ਮਾਨਵ ਦੀ ਜੋੜੀ

ਜ਼ੀ ਟੀਵੀ ਅਤੇ ਬੋਧੀ ਟ੍ਰੀ ਪ੍ਰੋਡਕਸ਼ਨ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਲਈ ਨਵਾਂ ਸ਼ੋਅ ‘ਮੈਂ ਹੂੰ ਅਪਰਾਜਿਤਾ’ ਲੈ ਕੇ ਆ ਰਹੇ ਹਨ। ਇਹ ਸ਼ੋਅ ਅਪਰਾਜਿਤਾ ਨਾਂ ਦੀ ਮਾਂ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ, ਜਿਸ ਦੀਆਂ ਤਿੰਨ ਧੀਆਂ ਹਨ ਅਤੇ ਉਹ ਆਪਣੀਆਂ ਧੀਆਂ ਨੂੰ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਲਈ ਤਿਆਰ ਕਰ ਰਹੀ ਹੈ।

ਨੋਇਡਾ, ਉੱਤਰ ਪ੍ਰਦੇਸ਼ ਦੇ ਪਿਛੋਕੜ ਦੀ ਕਹਾਣੀ ਅਪਰਾਜਿਤਾ ਦੇ ਉਸ ਦੇ ਸਾਬਕਾ ਪਤੀ ਅਕਸ਼ੈ ਨਾਲ ਇੱਕ ਗੁੰਝਲਦਾਰ ਵਿਆਹੁਤਾ ਰਿਸ਼ਤੇ ਨੂੰ ਦਰਸਾਉਂਦੀ ਹੈ। ਇੰਨਾ ਹੀ ਨਹੀਂ ਸਮਾਜ ਦੀਆਂ ਸਖ਼ਤ ਨਜ਼ਰਾਂ ਹਮੇਸ਼ਾਂ ਉਸ ‘ਤੇ ਰਹਿੰਦੀਆਂ ਹਨ। ਇਸ ਦੇ ਬਾਵਜੂਦ ਉਹ ਅੱਗੇ ਵਧ ਕੇ ਆਪਣੀਆਂ ਧੀਆਂ ਲਈ ਇੱਕ ਮਿਸਾਲ ਕਾਇਮ ਕਰਦੀ ਹੈ ਕਿ ਕਿਵੇਂ ਹਿੰਮਤ, ਸਵੈ-ਮਾਣ ਅਤੇ ਸਹਿਣਸ਼ੀਲਤਾ ਨਾਲ ਜ਼ਿੰਦਗੀ ਜਿਉਣੀ ਹੈ ਅਤੇ ਅੱਗੇ ਵੀ ਵਧਣਾ ਹੈ। ਜਿਊਣ ਦਾ ਸਹੀ ਤਰੀਕਾ ਸਿਖਾ ਕੇ ਇੱਕ ਮਾਂ ਤਿੰਨ ਧੀਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ।

ਪ੍ਰਸਿੱਧ ਟੈਲੀਵਿਜ਼ਨ ਅਭਿਨੇਤਰੀ ਸ਼ਵੇਤਾ ਤਿਵਾਰੀ ਸ਼ੋਅ ਵਿੱਚ ਅਪਰਾਜਿਤਾ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ ਜੋ ਬੁੱਧੀਮਾਨ, ਮਿਹਨਤੀ ਅਤੇ ਚੰਗੇ ਸੁਭਾਅ ਵਾਲੀ ਔਰਤ ਹੈ ਜਿਸ ਕੋਲ ਹਾਸੀ ਦੀ ਭਾਵਨਾ ਵੀ ਹੈ। ਉਸ ਦੀ ਜ਼ਿੰਦਗੀ ਉਸ ਦੀ ਸੱਸ ਦੇ ਨਾਲ-ਨਾਲ ਉਸ ਦੀਆਂ ਬੇਟੀਆਂ – ਛਵੀ, ਦਿਸ਼ਾ ਅਤੇ ਆਸ਼ਾ ਦੇ ਦੁਆਲੇ ਘੁੰਮਦੀ ਹੈ। ਇੰਨਾ ਹੀ ਨਹੀਂ ਉਹ ਆਪਣੀਆਂ ਧੀਆਂ ਨੂੰ ਇੰਨਾ ਆਤਮ-ਨਿਰਭਰ ਬਣਾਉਣਾ ਚਾਹੁੰਦੀ ਹੈ ਕਿ ਉਨ੍ਹਾਂ ਨੂੰ ਸਾਰੀ ਉਮਰ ਕਿਸੇ ਹੋਰ ‘ਤੇ ਨਿਰਭਰ ਨਾ ਹੋਣਾ ਪਵੇ।

ਦੂਜੇ ਪਾਸੇ ਮਾਨਵ ਗੋਹਿਲ, ਅਕਸ਼ੈ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ, ਜੋ ਹਮੇਸ਼ਾਂ ਦੂਜਿਆਂ ‘ਤੇ ਹਾਵੀ ਹੋਣਾ ਚਾਹੁੰਦਾ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕਰਨਾ ਚਾਹੁੰਦਾ ਹੈ। ਉਹ ਇੱਕ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਦਾ ਵਧੀਆ ਕਾਰੋਬਾਰ ਹੈ। ਭਾਵੇਂ ਉਹ ਬਹੁਤ ਘੱਟ ਬੋਲਦਾ ਹੈ, ਪਰ ਉਸ ਦੀਆਂ ਭਾਵਨਾਵਾਂ ਸਪੱਸ਼ਟ ਹੁੰਦੀਆਂ ਹਨ ਅਤੇ ਉਹ ਆਪਣੇ ਵਿਚਾਰ ਬਹੁਤ ਹੀ ਸਰਲ ਸ਼ਬਦਾਂ ਵਿੱਚ ਪ੍ਰਗਟ ਕਰਦਾ ਹੈ। ਹਾਲਾਂਕਿ, ਆਪਣੀ ਪਤਨੀ ਅਪਰਾਜਿਤਾ ਦਾ ਭਰੋਸਾ ਤੋੜ ਕੇ, ਉਹ ਉਸ ਨੂੰ ਨਿਰਾਸ਼ ਕਰਦਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਵੇਂ ਅਪਰਾਜਿਤਾ ਇਸ ‘ਤੇ ਕਾਬੂ ਪਾਉਂਦੀ ਹੈ ਅਤੇ ਆਪਣੀਆਂ ਧੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣਾ ਸਿਖਾਉਂਦੀ ਹੈ ਭਾਵੇਂ ਕਿ ਸਮਾਜ ਉਨ੍ਹਾਂ ਨੂੰ ਹਰ ਸਮੇਂ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦਾ ਹੈ।

ਸ਼ੋਅ ਦੀ ਕਹਾਣੀ ਆਪਣੇ ਆਪ ਵਿੱਚ ਦਿਲਚਸਪ ਹੈ, ਪਰ ਇਹ ਸ਼ੋਅ ਹੋਰ ਵੀ ਖਾਸ ਹੋਵੇਗਾ ਕਿਉਂਕਿ ਸ਼ਵੇਤਾ ਤਿਵਾਰੀ ਅਤੇ ਮਾਨਵ ਗੋਹਿਲ ਜ਼ੀ ਟੀਵੀ ਦੇ ਸ਼ੋਅ ‘ਨਾਗਿਨ’ ਵਿੱਚ 15 ਸਾਲ ਪਹਿਲਾਂ ਇਕੱਠੇ ਕੰਮ ਕਰਨ ਤੋਂ ਬਾਅਦ ਛੋਟੇ ਪਰਦੇ ਉੱਤੇ ਮੁੜ ਇਕੱਠੇ ਹੋਣਗੇ! ਇੰਨਾ ਹੀ ਨਹੀਂ, ਸ਼ਵੇਤਾ ਤਿਵਾਰੀ ਪਹਿਲੀ ਵਾਰ ਜ਼ੀ ਟੀਵੀ ਦੇ ਇੱਕ ਸ਼ੋਅ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ ਜਦੋਂ ਕਿ ਮਾਨਵ ਗੋਹਿਲ 10 ਸਾਲਾਂ ਬਾਅਦ ਜ਼ੀ ਟੀਵੀ ‘ਤੇ ਵਾਪਸੀ ਕਰ ਰਿਹਾ ਹੈ।

ਆਪਣੇ ਕਿਰਦਾਰ ਬਾਰੇ ਵਿਸਥਾਰ ਵਿੱਚ ਸ਼ਵੇਤਾ ਤਿਵਾਰੀ ਕਹਿੰਦੀ ਹੈ, “ਮੈਂ ਅਪਰਾਜਿਤਾ ਦਾ ਕਿਰਦਾਰ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਉਹ ਹਿੰਮਤ ਵਾਲੀ ਔਰਤ ਹੈ ਜੋ ਜ਼ਿੰਦਗੀ ਦੀਆਂ ਔਖੀਆਂ ਮੁਸ਼ਕਲਾਂ ਨਾਲ ਨਜਿੱਠਣਾ ਜਾਣਦੀ ਹੈ। ਸ਼ੋਅ ਅਤੇ ਇਸ ਦੀ ਕਹਾਣੀ ਸੋਚਣ ਵਾਲੀ ਹੈ ਅਤੇ ਮੈਨੂੰ ਯਕੀਨ ਹੈ ਕਿ ਹਰ ਕੋਈ ਮੇਰੇ ਕਿਰਦਾਰ ਅਤੇ ਇਸ ਦੇ ਸੰਘਰਸ਼ ਨਾਲ ਜੁੜਨ ਦੇ ਯੋਗ ਹੋਵੇਗਾ। ਇਹ ਸੱਚਮੁੱਚ ਇੱਕ ਨਵੀਂ ਅਤੇ ਸ਼ਕਤੀਸ਼ਾਲੀ ਭੂਮਿਕਾ ਹੈ, ਜਿਸ ਦਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ। ਅਸਲ ਵਿੱਚ ਇਸ ਵਿੱਚ ਮੇਰੀ ਦਿਖ ਵੀ ਬਹੁਤ ਵੱਖਰੀ ਹੈ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਜ਼ੀ ਟੀਵੀ ‘ਤੇ ਇਹ ਮੇਰਾ ਪਹਿਲਾ ਮੁੱਖ ਕਿਰਦਾਰ ਹੈ, ਜੋ ਇਸ ਰਿਸ਼ਤੇ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਮੈਂ ਮਾਨਵ ਨਾਲ ਦੁਬਾਰਾ ਕੰਮ ਕਰਾਂਗੀ। ਉਹ ਸ਼ਾਨਦਾਰ ਪੇਸ਼ੇਵਰ ਕਲਾਕਾਰ ਹੈ ਅਤੇ ਮੈਨੂੰ ਯਕੀਨ ਹੈ ਕਿ ਅਸੀਂ ਇੱਕ ਦੂਜੇ ਨਾਲ ਸ਼ੂਟਿੰਗ ਕਰਨ ਵਿੱਚ ਵਧੀਆ ਸਮਾਂ ਬਿਤਾਵਾਂਗੇ। ਮੈਨੂੰ ਉਮੀਦ ਹੈ ਕਿ ਮੈਂ ਆਪਣੇ ਕਿਰਦਾਰ ਨਾਲ ਇਨਸਾਫ਼ ਕਰਾਂਗੀ ਅਤੇ ਮੇਰੇ ਪ੍ਰਸ਼ੰਸਕ ਮੈਨੂੰ ਆਪਣਾ ਪਿਆਰ ਅਤੇ ਸਮਰਥਨ ਦਿੰਦੇ ਰਹਿਣਗੇ।”

ਮਾਨਵ ਗੋਹਿਲ ਨੇ ਕਿਹਾ, ”ਮੈਂ ਹੂੰ ਅਪਰਾਜਿਤਾ’ ਲਈ ਜ਼ੀ ਟੀਵੀ ‘ਤੇ ਵਾਪਸੀ ਕਰਨਾ ਮੇਰੇ ਲਈ ਘਰ ਵਾਪਸੀ ਵਰਗਾ ਹੈ। ਮੈਂ ਹਮੇਸ਼ਾਂ ਜ਼ੀ ਪਰਿਵਾਰ ਦਾ ਹਿੱਸਾ ਰਿਹਾ ਹਾਂ ਅਤੇ ਇਸ ਸ਼ੋਅ ਦਾ ਹਿੱਸਾ ਬਣਨਾ ਵੀ ਮੇਰੇ ਲਈ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। ਦਰਅਸਲ, ਸਭ ਤੋਂ ਚੰਗੀ ਗੱਲ ਇਹ ਹੈ ਕਿ ਮੇਰੇ ਕਿਰਦਾਰ ਦੇ ਕਈ ਪਹਿਲੂ ਹਨ, ਜੋ ਸ਼ੋਅ ਦੌਰਾਨ ਸਾਹਮਣੇ ਆਉਂਦੇ ਹਨ। ਇਹ ਮੇਰੇ ਹੁਣ ਤੱਕ ਦੇ ਕਿਸੇ ਵੀ ਕਿਰਦਾਰ ਤੋਂ ਬਹੁਤ ਵੱਖਰਾ ਹੈ। ਮੈਨੂੰ ਲੱਗਦਾ ਹੈ ਕਿ ਇਸ ਕਿਰਦਾਰ ਦੀ ਗੰਭੀਰਤਾ ਕਾਰਨ ਮੈਨੂੰ ਬਹੁਤ ਸਾਰੀਆਂ ਭਾਵਨਾਵਾਂ ਨੂੰ ਨਿਭਾਉਣਾ ਪਏਗਾ ਅਤੇ ਇਹ ਮੇਰੇ ਲਈ ਦਿਲਚਸਪ ਅਤੇ ਚੁਣੌਤੀਪੂਰਨ ਹੈ। ਮੈਂ 15 ਸਾਲ ਬਾਅਦ ਸ਼ਵੇਤਾ ਤਿਵਾਰੀ ਨਾਲ ਕੰਮ ਕਰਨ ਲਈ ਵੀ ਬਹੁਤ ਉਤਸ਼ਾਹਿਤ ਹਾਂ। ਮੈਨੂੰ ਆਸ ਹੈ ਕਿ ਮੈਂ ਆਪਣੇ ਕਿਰਦਾਰ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਸਕਾਂਗਾ ਅਤੇ ਦਰਸ਼ਕ ਵੀ ਮੇਰੀ ਇਸ ਨਵੀਂ ਕੋਸ਼ਿਸ਼ ਵਿੱਚ ਮੇਰਾ ਸਾਥ ਦੇਣਗੇ।”

ਇਸ ਸ਼ੋਅ ਦਾ ਪ੍ਰਸਾਰਣ 27 ਸਤੰਬਰ ਨੂੰ ਹਰ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਕੀਤਾ ਜਾਵੇਗਾ।

ਆਯੁਸ਼ੀ ਤੇ ਸ਼ੋਏਬ ਦੀ ਗੂੜ੍ਹੀ ਸਾਂਝ

ਸਟਾਰ ਭਾਰਤ ਦੇ ਸ਼ੋਅ ‘ਅਜੂਨੀ’ ਦੀ ਦਿਲਚਸਪ ਕਹਾਣੀ ਕਾਰਨ ਦਰਸ਼ਕ ਸ਼ੋਅ ਨੂੰ ਪਿਆਰ ਦੇ ਰਹੇ ਹਨ। ਇਸ ਦੌਰਾਨ ਸ਼ੋਅ ਦੀ ਮੁੱਖ ਕਿਰਦਾਰ ਆਯੂਸ਼ੀ ਖੁਰਾਨਾ ਨੇ ਆਪਣੇ ਸਹਿ-ਕਲਾਕਾਰ ਸ਼ੋਏਬ ਇਬਰਾਹਿਮ ਨਾਲ ਆਪਣੇ ਰਿਸ਼ਤੇ ਬਾਰੇ ਦਰਸ਼ਕਾਂ ਨਾਲ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਅਤੇ ਸ਼ੋਏਬ ਨੂੰ ਆਪਣਾ ਮੈਂਟਰ ਕਿਹਾ।

ਅਦਾਕਾਰਾ ਆਯੁਸ਼ੀ ਖੁਰਾਨਾ ਨੇ ਦੱਸਿਆ ਕਿ ਕਿਵੇਂ ਸ਼ੋਏਬ ਪੂਰੇ ਸ਼ੋਅ ਦੌਰਾਨ ਉਸ ਲਈ ਰੀੜ੍ਹ ਦੀ ਹੱਡੀ ਬਣਿਆ ਰਿਹਾ ਹੈ। ਆਯੁਸ਼ੀ ਕਹਿੰਦੀ ਹੈ, ”ਮੈਨੂੰ ਅਜੂਨੀ ਦੇ ਸੈੱਟ ‘ਤੇ ਸ਼ੋਏਬ ਇਬਰਾਹਿਮ ਵਿੱਚ ਸਲਾਹਕਾਰ ਅਤੇ ਗਾਈਡ ਮਿਲਿਆ ਹੈ। ਮੈਂ ਉਸ ਨੂੰ ਆਪਣੇ ਸਹਿ-ਕਲਾਕਾਰ ਵਜੋਂ ਦੇਖ ਕੇ ਬਹੁਤ ਖੁਸ਼ ਹਾਂ, ਜੋ ਬਹੁਤ ਉਦਾਰ ਹੈ ਅਤੇ ਮੇਰਾ ਸਹੀ ਮਾਰਗਦਰਸ਼ਨ ਕਰਦਾ ਹੈ। ਸ਼ੋਅ ਵਿੱਚ ਬਤੌਰ ਮੁੱਖ ਅਭਿਨੇਤਰੀ ਵਜੋਂ ਇਹ ਮੇਰਾ ਪਹਿਲਾ ਕਿਰਦਾਰ ਹੈ ਅਤੇ ਸ਼ੋਏਬ ਮੇਰੇ ਪ੍ਰਤੀ ਬਹੁਤ ਸਲੀਕੇ ਵਾਲਾ ਅਤੇ ਹਰ ਕੰਮ ਵਿੱਚ ਮਦਦਗਾਰ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਸ ਨੇ ਰਾਜਵੀਰ ਦੇ ਕਿਰਦਾਰ ਵਿੱਚ ਆਪਣਾ ਅਦੁੱਤੀ ਹੁਨਰ ਪਾਇਆ ਹੈ ਜੋ ਬਹੁਤ ਹੀ ਸੁਭਾਵਿਕ ਰੂਪ ਵਿੱਚ ਸਾਹਮਣੇ ਆਉਂਦਾ ਹੈ।”

ਰੀਲ੍ਹ ਲਾਈਫ ਵਿੱਚ ਭਾਵੇਂ ਅਜੂਨੀ ਅਤੇ ਰਾਜਵੀਰ ਆਪਸ ਵਿੱਚ ਲੜਦੇ ਨਜ਼ਰ ਆਉਂਦੇ ਹਨ, ਪਰ ਉਨ੍ਹਾਂ ਦੀ ਅਸਲ ਜ਼ਿੰਦਗੀ ‘ਚ ਦੋਸਤੀ ਪੱਕੀ ਹੈ।

‘ਮੈਡਮ ਸਰ’ ਦਾ ਜਸ਼ਨ

ਕਈ ਦਹਾਕਿਆਂ ਤੋਂ ਪੁਲੀਸ ਅਤੇ ਜਾਸੂਸੀ ਨਾਲ ਸਬੰਧਿਤ ਸ਼ੋਅ’ਜ਼ ਵਿੱਚ ਪੁਰਸ਼ਾਂ ਦੀ ਪ੍ਰਧਾਨਤਾ ਹੁੰਦੀ ਸੀ। ਪਰ ਹੁਣ ਅਜਿਹੇ ਸ਼ੋਅ ਸਾਹਮਣੇ ਆ ਰਹੇ ਹਨ, ਜਿੱਥੇ ਮਜ਼ਬੂਤ ਅਤੇ ਸੂਝਵਾਨ ਮਹਿਲਾ ਪੁਲੀਸ ਅਫ਼ਸਰਾਂ ਨੂੰ ਗੁੰਝਲਦਾਰ ਕੇਸਾਂ ਨੂੰ ਸੁਲਝਾਉਂਦੇ ਹੋਏ ਅਤੇ ਬਦਮਾਸ਼ਾਂ ਨੂੰ ਸਬਕ ਸਿਖਾਉਂਦੇ ਹੋਏ ਦਿਖਾਇਆ ਜਾ ਰਿਹਾ ਹੈ। ਸੋਨੀ ਸਬ ਦਾ ‘ਮੈਡਮ ਸਰ’ ਇੱਕ ਅਜਿਹਾ ਸ਼ੋਅ ਹੈ ਜਿਸ ਨੇ ਟੈਲੀਵਿਜ਼ਨ ਸਕਰੀਨ ‘ਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।

ਸ਼ੋਅ ਨੇ 600 ਐਪੀਸੋਡ ਪੂਰੇ ਕਰਨ ਦਾ ਇੱਕ ਹੋਰ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ। ਸਮਾਜਿਕ ਸੰਦੇਸ਼ ਦੇਣ ਵਾਲੀ ਇਸ ਕਾਮੇਡੀ ਡਰਾਮਾ ਲੜੀ ਵਿੱਚ ਗੁਲਕੀ ਜੋਸ਼ੀ ਨੇ ਐੱਸਐੱਚਓ ਹਸੀਨਾ ਮਲਿਕ, ਕਰਿਸ਼ਮਾ ਸਿੰਘ ਦੇ ਰੂਪ ਵਿੱਚ ਯੁਕਤੀ ਕਪੂਰ, ਭਾਵਿਕਾ ਸ਼ਰਮਾ, ਸੰਤੋਸ਼ ਅਤੇ ਪੁਸ਼ਪਾਜੀ ਦੇ ਰੂਪ ਵਿੱਚ ਸੋਨਾਲੀ ਨਾਇਕ ਨੇ ਭੂਮਿਕਾ ਨਿਭਾਈ ਹੈ। ਇਨ੍ਹਾਂ ਸਾਰੇ ਕਲਾਕਾਰਾਂ ਦੁਆਰਾ ਦਰਸ਼ਕਾਂ ਦੇ ਮਨੋਰੰਜਨ ਵਿੱਚ ਆਪਣਾ ਦਿਲ ਲਗਾਉਣ ਦੇ ਨਾਲ, ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸ਼ੋਅ ਦੇ ਸਾਰੇ ਕਲਾਕਾਰ ਅਤੇ ਟੈਕਨੀਸ਼ੀਅਨ ਇਸ ਕਾਰਨਾਮੇ ਦਾ ਜਸ਼ਨ ਮਨਾ ਰਹੇ ਹਨ।

ਇਸ ਪ੍ਰਾਪਤੀ ਤੋਂ ਖੁਸ਼ ਗੁਲਕੀ ਜੋਸ਼ੀ ਨੇ ਕਿਹਾ, “ਇਹ ਪੂਰੀ ਟੀਮ ਲਈ ਇੱਕ ਸੁਪਨਾ ਸਾਕਾਰ ਹੋਇਆ ਹੈ। ਸਾਡੇ ਕੋਲ ਹਰ ਐਪੀਸੋਡ ਦੀ ਸ਼ੂਟਿੰਗ ਦੀਆਂ ਮਨਮੋਹਕ ਯਾਦਾਂ ਹਨ ਅਤੇ ਦਰਸ਼ਕ ਸਾਡੇ ‘ਤੇ ਆਪਣਾ ਪਿਆਰ ਦਰਸਾਉਂਦੇ ਰਹਿੰਦੇ ਹਨ। ਇਹ ਇੱਕ ਸ਼ਾਨਦਾਰ ਤਜਰਬਾ ਹੁੰਦਾ ਹੈ ਜਦੋਂ ਪੂਰਾ ਅਮਲਾ ਆਪਣੇ ਯਤਨਾਂ ਨੂੰ ਸਫਲ ਹੁੰਦਾ ਦੇਖਦਾ ਹੈ ਅਤੇ ਸਾਨੂੰ ਇੱਕ ਦੂਜੇ ‘ਤੇ ਬਹੁਤ ਮਾਣ ਹੁੰਦਾ ਹੈ। ਇਹ ਸਾਡੇ ਸ਼ੋਅ ਅਤੇ ਸਾਡੇ ਸਾਰਿਆਂ ਲਈ ਸਾਡੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।”

ਯੁਕਤੀ ਕਪੂਰ ਨੇ ਕਿਹਾ, “ਲੱਗਦਾ ਹੈ ਕਿ ਅਸੀਂ ਕੱਲ੍ਹ ਹੀ 500 ਐਪੀਸੋਡ ਪੂਰੇ ਕੀਤੇ ਸਨ ਅਤੇ ਪਲਕ ਝਪਕਦਿਆਂ ਹੀ ਅਸੀਂ ਇੱਕ ਹੋਰ ਰਿਕਾਰਡ ਬਣਾ ਲਿਆ ਹੈ। ਸਾਨੂੰ ਇੰਨਾ ਪਿਆਰ ਦੇਣ ਲਈ ਅਸੀਂ ਆਪਣੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹ ਪੂਰਾ ਸਫ਼ਰ ਮੇਰੇ ਅਤੇ ਪੂਰੀ ਟੀਮ ਲਈ ਸਿੱਖਣ ਦਾ ਵਧੀਆ ਮੌਕਾ ਰਿਹਾ। ਬੇਸ਼ੱਕ, ਦਰਸ਼ਕਾਂ ਦਾ ਸਮਰਥਨ ਹਮੇਸ਼ਾਂ ਸਾਡੇ ਲਈ ਸਭ ਤੋਂ ਮਹੱਤਵਪੂਰਨ ਰਿਹਾ ਹੈ।”



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -