12.4 C
Alba Iulia
Wednesday, May 15, 2024

ਰੋਸ਼ਨਦਾਨ

Must Read


ਸਾਂਵਲ ਧਾਮੀਸਾਂਵਲ ਧਾਮੀ

ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹੇ ‘ਚ ਰਾਂਦੀਆਂ, ਓਹੜਪੁਰ, ਰਸੂਲਪੁਰ ਤੇ ਟਾਂਡੇ ਦੇ ਨੇੜੇ ਇੱਕ ਪਿੰਡ ਹੈ ਜਾਜਾ। ਸੰਤਾਲੀ ਤੋਂ ਪਹਿਲਾਂ ਇਹ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦਾ ਮਿੱਸਾ ਜਿਹਾ ਪਿੰਡ ਹੁੰਦਾ ਸੀ। ਇੱਕ ਗਲ਼ੀ ਇਸ ਪਿੰਡ ਨੂੰ ਦੋ ਹਿੱਸਿਆਂ ‘ਚ ਵੰਡਦੀ ਸੀ। ਇੱਕ ਪਾਸੇ ਹਿੰਦੂ-ਸਿੱਖ ਤੇ ਦੂਜੇ ਪਾਸੇ ਮੁਸਲਮਾਨ ਵੱਸਦੇ ਸਨ।

ਇਸ ਪਿੰਡ ਦੇ ਲੋਕ ਸ਼ਾਂਤੀ ਨਾਲ ਗੁਜ਼ਰ-ਬਸਰ ਕਰ ਰਹੇ ਸਨ ਕਿ ਸੰਤਾਲੀ ਚੜ੍ਹ ਆਇਆ। ਅਗਸਤ ਆਉਂਦੇ-ਆਉਂਦੇ ਕਤਲੋਗਾਰਤ ਸ਼ੁਰੂ ਹੋ ਗਈ। ਜਥੇ ਬਣ ਗਏ ਤੇ ਮੁਸਲਮਾਨਾਂ ਦੇ ਪਿੰਡਾਂ ‘ਤੇ ਹਮਲੇ ਹੋਣ ਲੱਗੇ। ਜਾਜੇ ਦੇ ਮੁਸਲਮਾਨ ਵੀ ਪਿੰਡੋਂ ਉੱਠ ਕੇ ਕੈਂਪ ‘ਚ ਚਲੇ ਗਏ। ਦੇਖਦੇ-ਦੇਖਦੇ ਮੁਸਲਮਾਨਾਂ ਦੇ ਪਿੰਡ ਖਾਲੀ ਹੋ ਗਏ ਤੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਹਿੰਦੂ-ਸਿੱਖ ਉਨ੍ਹਾਂ ਦੇ ਘਰਾਂ ‘ਚ ਰਹਿਣ ਲੱਗ ਪਏ। ਨਸੀਬ ਸ਼ੇਖ਼ ਦੇ ਘਰ ‘ਚ ਕਰਮ ਸਿੰਘ ਆਣ ਵੱਸਿਆ ਸੀ।

ਕਰਮ ਸਿੰਘ ਦੇ ਬਾਪ ਬਖ਼ਤੌਰੇ ਨੇ ਰੁਲ਼-ਖੁਲ਼ ਕੇ ਬਚਪਨ ਕੱਢਿਆ ਸੀ ਤੇ ਜਵਾਨ ਹੁੰਦਿਆਂ ਰਸੂਲਪੁਰ ਵਾਲੇ ਸਫ਼ੈਦਪੋਸ਼ ਪਠਾਣ ਨੇ ਉਹਨੂੰ ਫ਼ੌਜ ‘ਚ ਭਰਤੀ ਕਰਵਾ ਦਿੱਤਾ ਸੀ। ਅੰਗਰੇਜ਼ਾਂ ਨੇ ਜੰਗ ਜਿੱਤਦਿਆਂ ਉਸ ਨੂੰ ਘਰ ਭੇਜ ਦਿੱਤਾ ਸੀ। ਬਖ਼ਤੌਰੇ ਨੂੰ ਪਿੰਡ ਆਇਆਂ ਡੇਢ ਕੁ ਮਹੀਨਾ ਗੁਜ਼ਰਿਆ ਸੀ ਕਿ ਉਹਨੂੰ ਹੁਸ਼ਿਆਰਪੁਰ ਦੇ ਡੀ.ਸੀ. ਸਾਹਮਣੇ ਪੇਸ਼ ਹੋਣ ਲਈ ਚਿੱਠੀ ਆਈ। ਦਰਅਸਲ, ਅੰਗਰੇਜ਼ ਡੀ.ਸੀ. ਨੇ ਉਹਨੂੰ ਇੱਕ ਮੁਰੱਬਾ ਅਲਾਟ ਕਰ ਦਿੱਤਾ ਸੀ। ਜੰਗ ਤੋਂ ਮੁੜੇ ਬਹੁਤੇ ਫ਼ੌਜੀ ਅੰਗਰੇਜ਼ਾਂ ਨੇ ‘ਨੀਲੀ ਬਾਰ’ ‘ਚ ਹੀ ਵਸਾਏ ਸਨ।

ਬਾਰ ‘ਚ ਜਾਣ ਤੋਂ ਪਹਿਲਾਂ ਬਖਤੌਰੇ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ। ਕਰਮ ਸਿੰਘ ਉਦੋਂ ਅਠਾਰਾਂ ਕੁ ਵਰ੍ਹਿਆਂ ਦਾ ਸੀ ਜਦੋਂ ਉਹ, ਬਾਪੂ ਤੇ ਬੇਬੇ ਗੱਡਾ ਜੋੜ ਕੇ ਬਾਰ ਵੱਲ ਨੂੰ ਤੁਰ ਪਏ ਸਨ। ਉਹ ਬਾਰ ‘ਚ ਸਤਾਈ ਸਾਲ ਵਸੇ। ਪਹਿਲਾਂ ਪਹਿਲ ਛੱਪਰੀਆਂ ‘ਚ ਰਹੇ। ਜੰਗਲ ਪੁੱਟੇ। ਜ਼ਮੀਨ ਨੂੰ ਬਲ਼ਦਾਂ ਨਾਲ ਕਰਾਹ ਕੇ ਪੱਧਰ ਕੀਤਾ। ਘਰ ਬਣਾਇਆ। ਜਦੋਂ ਸੁੱਖ ਦਾ ਸਾਹ ਆਉਣ ਲੱਗਾ ਤਾਂ ਪਾਕਿਸਤਾਨ ਬਣ ਗਿਆ। ਇੱਕ ਐਲਾਨ ਨੇ ਸਭ ਕੁਝ ਖੋਹ ਗਿਆ।

ਕਰਮ ਸਿੰਘ ਨੇ ਉਸੀਂ ਤਰ੍ਹਾਂ ਫਿਰ ਤੋਂ ਗੱਡਾ ਜੋੜਿਆ ਤੇ ਤੁਰ ਪਏ। ਇਸ ਵਾਰ ਗੱਡੇ ਦੇ ਜੀਅ ਬਦਲ ਗਏ ਸਨ। ਬਾਪੂ ਦੀ ਥਾਂ ਗੱਡੇ ਉੱਤੇ ਉਹਦੀ ਵਹੁਟੀ ਤੇ ਦੋਵੇਂ ਪੁੱਤਰ ਬੈਠੇ ਸਨ। ਨਾਲ ਬਿਰਧ ਮਾਂ ਸੀ। ਕਰਮ ਸਿੰਘ ਕਾਫ਼ਲੇ ‘ਚ ਤੁਰਿਆ ਆਉਂਦਾ ਉਨ੍ਹਾਂ ਦਿਨਾਂ ਨੂੰ ਯਾਦ ਕਰ ਰਿਹਾ ਸੀ ਜਦੋਂ ਉਹ ਪਿੰਡੋਂ ਬਾਰ ਨੂੰ ਆਏ ਸਨ। ਕਿੰਨੇ ਚਾਅ ਸਨ। ਕਿੰਨੇ ਸੁਪਨੇ ਸਨ। ਕਿੰਨੀਆਂ ਆਸਾਂ ਸਨ। ਹੁਣ ਤਾਂ ਉਹਨੂੰ ਇਹ ਫਿਕਰ ਖਾਈ ਜਾ ਰਿਹਾ ਸੀ ਕਿ ਹਮਲਾਵਰਾਂ ਤੋਂ ਬਚ ਕੇ ਹੱਦ ਉੱਤੇ ਪਹੁੰਚਣਾ ਕਿਵੇਂ ਹੈ? ਪਿੰਡ ਮੁੜ ਕੇ ਜ਼ਿੰਦਗੀ ਨੂੰ ਸਿਫ਼ਰ ਤੋਂ ਕਿਵੇਂ ਸ਼ੁਰੂ ਕਰਨਾ ਏ?

ਕਾਫ਼ਲਾ ਤੁਰੇ ਨੂੰ ਇੱਕ ਦਿਨ ਹੋਇਆ ਸੀ ਕਿ ਮੀਂਹ ਪੈਣ ਲੱਗ ਪਏ। ਬਲ਼ਦ ਨਿਰੰਤਰ ਥੱਕਦੇ ਗਏ। ਥੋੜ੍ਹਾ-ਥੋੜ੍ਹਾ ਕਰ ਕੇ ਗੱਡੇ ਤੋਂ ਸਾਮਾਨ ਲੱਥਦਾ ਗਿਆ। ਆਖ਼ਰ ਗੱਡੇ ਦਾ ਜੂੰਗਲਾ ਟੁੱਟ ਗਿਆ। ਉਹਨੇ ਭਰੇ ਮਨ ਨਾਲ ਬਲ਼ਦਾਂ ਦੇ ਰੱਸੇ ਖੋਲ੍ਹੇ, ਗੱਠੜੀਆਂ ਸਿਰਾਂ ‘ਤੇ ਚੁੱਕੀਆਂ ਤੇ ਤੁਰ ਪਿਆ। ਬੁੱਢੀ ਮਾਂ ਤੁਰ ਨਹੀਂ ਸੀ ਸਕਦੀ। ਉਹਨੂੰ ਕੰਧਾੜੀ ਚੁੱਕਣਾ ਪਿਆ। ਮਾਂ ਰੁਕ-ਰੁਕ ਕਹਿੰਦੀ ਰਹੀ, “ਮੈਂ ਬਥੇਰਾ ਜੀ ਲਿਆ ਪੁੱਤਰਾ। ਤੂੰ ਮੈਨੂੰ ਕਿਸੀ ਕਿੱਕਰ ਥੱਲੇ ਛੱਡ ਜਾ।”

ਕਰਮ ਸਿੰਘ ਨੇ ਹਿੰਮਤ ਨਹੀਂ ਸੀ ਹਾਰੀ।

“ਮਾਂ! ਮੈਂ ਉਸ ਬਾਪ ਦਾ ਪੁੱਤਰ ਹਾਂ ਜਿਹੜਾ ਮਰ ਕੇ ਜਿਊਂਦਾ ਹੋ ਗਿਆ ਸੀ।’ ਇਹ ਸੋਚ ਉਹਦੇ ਪੈਰਾਂ ਨੂੰ ਥੱਕਣ ਨਹੀਂ ਸੀ ਦਿੰਦੀ। ਹਫ਼ਤਾ ਭਰ ਤੁਰਨ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਪਹੁੰਚ ਗਏ। ਘਰ ਲਗਭਗ ਢੱਠ ਚੁੱਕਾ ਸੀ। ਉਹਨੂੰ ਰਹਿਣ ਜੋਗ ਬਣਾਉਂਦਿਆਂ ਪੰਦਰਾਂ ਦਿਨ ਗੁਜ਼ਰ ਗਏ। ਕਦੇ-ਕਦੇ ਉਹਦੀ ਪਤਨੀ ਉਦਾਸ ਹੁੰਦੀ ਤਾਂ ਉਹ ਆਖਦਾ-ਤੂੰ ਦੇਖੀਂ ਜਾ! ਅਸੀਂ ਮੁੜ ਤੋਂ ਬਾਦਸ਼ਾਹਤ ਮਾਣਨੀ ਏ!

ਉਨ੍ਹਾਂ ਨੂੰ ਅੱਲਾ ਦਿੱਤੇ ਅਰਾਈਂ ਤੇ ਸ਼ਰਫਦੀਨ ਰਾਜਪੂਤ ਹੋਰਾਂ ਦੀ ਜ਼ਮੀਨ ਤੇ ਨਸੀਬ ਦੀਨ ਰੌਲ਼ ਦਾ ਘਰ ਮਿਲ ਗਿਆ ਸੀ। ਵਕਤ ਬੀਤਦਾ ਤਾਂ ਗਿਆ, ਪਰ ਬਦਲਿਆ ਨਹੀਂ। ਸੰਤਾਲੀ ਜਿਉਂ ਨਿਰੰਤਰ ਚੱਲਦਾ ਪਿਆ ਸੀ। ਸਖ਼ਤ ਮਿਹਨਤ ਦੇ ਬਾਵਜੂਦ ਸੁੱਖ ਦਾ ਸਾਹ ਨਹੀਂ ਸੀ ਆ ਰਿਹਾ। ਕੋਈ ਪੰਜ-ਛੇ ਵਰ੍ਹਿਆਂ ਬਾਅਦ ਨਸੀਬ ਦੀਨ ਪਾਕਿਸਤਾਨ ਤੇ ਹਿੰਦੋਸਤਾਨ ਦੇ ਸਿਪਾਹੀਆਂ ਨਾਲ ਪਿੰਡ ਆਇਆ। ਉਹ ਪਿੰਡ ਦੇ ਹਿੰਦੂ-ਸਿੱਖਾਂ ਨੂੰ ਰੋ-ਰੋ ਕੇ ਮਿਲਿਆ। ਫਿਰ ਸਾਰੇ ਉਹਨੂੰ ਉਹਦਾ ਘਰ ਵਿਖਾਉਣ ਤੁਰ ਪਏ। ਕਿਸੇ ਨੇ ਦਰ ਖੜਕਾਉਂਦਿਆਂ ਆਖਿਆ-ਕਰਮ ਸਿਆਂ, ਘਰ ਦੇ ਅਸਲ ਮਾਲਕ ਆਏ ਨੇ।

ਕਰਮ ਸਿੰਘ ਨੇ ਦਰ ਖੋਲ੍ਹਿਆ ਤੇ ਹੱਥ ਜੋੜਦਿਆਂ ਬੋਲਿਆ, “ਧੰਨ ਭਾਗ ਜੀ! ਜੰਮ-ਜੰਮ ਆਉਣ! ਇਨ੍ਹਾਂ ਦਾ ਘਰ ਏ। ਭਾਵੇਂ ਰਹਿਣ ਇੱਥੇ। ਕਿਤੇ ਸਾਨੂੰ …।” ਅਗਾਂਹ ਉਹ ਕੁਝ ਨਾ ਬੋਲਿਆ।

ਨਸੀਬ ਦੀਨ ਨੇ ‘ਸ਼ੁਕਰੀਆ’ ਆਖਦਿਆਂ ਦਰਵਾਜ਼ਾ ਚੁੰਮਿਆਂ ਤੇ ਅੱਖਾਂ ਭਰਦਿਆਂ ਬੋਲਿਆ-ਵਾਹ ਓਏ ਮੌਲਾ ਤੇਰੇ ਰੰਗ! ਉਹ ਘਰ, ਉਹੀ ਦਰ ਪਰ ਇਨਸਾਨ ਬਦਲ ਗਏ! ਉਹ ਅੰਦਰ ਗਿਆ। ਦਲਾਨ ‘ਚ ਦਾਖਲ ਹੁੰਦਿਆਂ ਉਹਨੇ ਘਬਰਾਏ ਦਿਲ ਨਾਲ ਰੋਸ਼ਨਦਾਨ ਵੱਲ ਗਹੁ ਨਾਲ ਵੇਖਿਆ ਤੇ ਸੁੱਖ ਦਾ ਸਾਹ ਲਿਆ। ਸਿਪਾਹੀ ਅੰਦਰ ਦਾਖਲ ਹੋਏ ਤੇ ਪੌੜੀ ਦਾ ਇੰਤਜ਼ਾਮ ਕਰਕੇ ਇੱਕ ਨੂੰ ਉੱਪਰ ਚੜ੍ਹਾਇਆ ਗਿਆ। ਰੋਸ਼ਨਦਾਨ ਨੂੰ ਥੋੜ੍ਹਾ ਜ਼ੋਰ ਨਾਲ ਹਲੂਣਿਆ ਤਾਂ ਉਹ ਬਾਹਰ ਆ ਗਿਆ। ਸਤਾਈ ਇੰਚੀ ਕੰਧ ਦੇ ਅੰਦਰ, ਰੋਸ਼ਨਦਾਨ ਦੇ ਬਿਲਕੁਲ ਹੇਠਾਂ ਤੋਂ ਉਸ ਸਿਪਾਹੀ ਨੇ ਗਹਿਣਿਆਂ ਤੇ ਸਿੱਕਿਆਂ ਦੀਆਂ ਪੰਜ-ਛੇ ਪੋਟਲੀਆਂ ਕੱਢੀਆਂ ਤੇ ਨਸੀਬ ਦੀਨ ਨੂੰ ਫੜਾ ਦਿੱਤੀਆਂ। ਕਰਮ ਸਿੰਘ ਅੱਖਾਂ ਪਾੜ-ਪਾੜ ਵੇਖਦਾ ਰਿਹਾ।

ਤੁਰਨ ਲੱਗਿਆਂ ਨਸੀਬ ਦੀਨ ਨੇ ਕਰਮ ਸਿੰਘ ਨੂੰ ‘ਸ਼ੁਕਰੀਆ’ ਕਿਹਾ, ਪਿੰਡ ਦੇ ਲੋਕਾਂ ਨੂੰ ਜੱਫੀਆਂ ਪਾ-ਪਾ ਮਿਲਿਆ ਤੇ ਭਰੀਆਂ ਅੱਖਾਂ ਨਾਲ ਮੁੜ ਤੋਂ ਗੱਡੀ ‘ਚ ਬੈਠ ਗਿਆ। ਕੁਝ ਦੇਰ ਗੱਲਾਂ ਕਰ ਕੇ ਲੋਕ ਵੀ ਆਪੋ-ਆਪਣੇ ਘਰਾਂ ਨੂੰ ਤੁਰ ਗਏ। ਕਰਮ ਸਿੰਘ ਥੱਕੇ ਕਦਮਾਂ ਨਾਲ ਘਰ ਵੱਲ ਮੁੜਿਆ ਤੇ ਦਲਾਨ ‘ਚ ਡੱਠੇ ਮੰਜੇ ਉੱਤੇ ਲੰਮਾ ਪੈ ਗਿਆ। ਉਹ ਹਮੇਸ਼ਾਂ ਇਸ ਮੰਜੇ ਉੱਤੇ ਹੀ ਪੈਂਦਾ ਰਿਹਾ ਸੀ।

ਕਦੇ-ਕਦੇ ਉਹ ਉਦਾਸ ਹੁੰਦਾ ਤਾਂ ਰੋਸ਼ਨਦਾਨ ਵੱਲ ਵੇਖਦਾ। ਰੋਸ਼ਨਦਾਨ ‘ਚੋਂ ਆਉਂਦੀ ਰੋਸ਼ਨੀ ਉਹਨੂੰ ਜਿਊਣ ਦਾ ਸੁਨੇਹਾ ਦਿੰਦੀ ਸੀ, ਪਰ ਅੱਜ ਉਹ ਡਾਹਢਾ ਉਦਾਸ ਸੀ। ਉਹ ਪਿਛਲੇ ਕਈ ਵਰ੍ਹਿਆਂ ਤੋਂ ਇਸ ਘਰ ‘ਚ ਵਸ ਰਿਹਾ ਸੀ। ਜਦੋਂ ਉਹ ਇਸ ਘਰ ‘ਚ ਆਇਆ ਸੀ ਤਾਂ ਇਹਦੇ ਫ਼ਰਸ਼ ਪੁੱਟੇ ਹੋਏ ਸਨ।

‘ਨਸੀਬ ਦੀਨ ਬਹੁਤ ਅਮੀਰ ਬੰਦਾ ਸੀ। ਜ਼ਰੂਰ ਆਪਣਾ ਸਾਮਾਨ ਘਰ ‘ਚ ਕਿੱਧਰੇ ਦੱਬ ਕੇ ਗਿਆ ਹੋਣਾ। ਬਥੇਰਿਆਂ ਨੇ ਪੁੱਟਿਆ, ਪਰ ਕਿਸੇ ਨੂੰ ਕੁਝ ਨਹੀਂ ਮਿਲਿਆ। ਤੂੰ ਖ਼ਿਆਲ ਰੱਖੀ! ਲੋਕ ਕਹਿੰਦੇ ਰਹੇ, ਪਰ ਮੈਂ ਪਾਗਲ ਹੀ ਰਿਹਾ ਜੋ ਲੋਕਾਂ ਨੂੰ ਬੇਵਕੂਫ਼ ਸਮਝਦਾ ਰਿਹਾ। ਮੇਰੇ ਕੋਲ ਇੰਨੀ ਦੌਲਤ ਪਈ ਰਹੀ, ਪਰ ਮੈਨੂੰ ਪਤਾ ਹੀ ਨਾ ਲੱਗਿਆ! ਕਾਸ਼! ਮੈਂ ਇਹ ਰੋਸ਼ਨਦਾਨ ਪੁੱਟ ਕੇ ਵੇਖ ਲਿਆ ਹੁੰਦਾ ਤਾਂ ਮੈਂ ..ਮੈਂ…ਮੈਂ ਅੱਜ…।’

ਉਹ ਇਸ ਹਉਕੇ ਨਾਲ ਬਿਮਾਰ ਪੈ ਗਿਆ। ਪਤਨੀ ਨੇ ਬਥੇਰਾ ਸਮਝਾਇਆ-ਉਹ ਕਿਹੜਾ ਅਸੀਂ ਕਮਾਇਆ ਸੀ। ਜਿਹਦਾ ਸੀ, ਉਹ ਲੈ ਗਿਆ। ਰਿਸ਼ਤੇਦਾਰ ਵੀ ਉਹਨੂੰ ਬੜਾ ਸਮਝਾਉਂਦੇ ਰਹੇ, ਪਰ ਕਰਮ ਸਿੰਘ ਮੰਜੇ ਉੱਤੇ ਅਜਿਹਾ ਡਿੱਗਿਆ ਕਿ ਮੁੜ ਨਾ ਉੱਠਿਆ। ਬੁੱਢੀ ਮਾਂ ਵੀ ਕਹਿੰਦੀ ਰਹੀ- ਪੁੱਤਰਾ ਤੂੰ ਉਸ ਪਿਉ ਦਾ ਪੁੱਤ ਏਂ, ਜਿਹੜਾ….

ਪਰ ਕਰਮ ਸਿੰਘ ਝੋਰੇ ‘ਚੋਂ ਨਾ ਉੱਭਰ ਸਕਿਆ। ਕੋਈ ਡੇਢ ਮਹੀਨੇ ਬਾਅਦ ਜਦੋਂ ਉਹਨੇ ਪ੍ਰਾਣ ਤਿਆਗੇ ਤਾਂ ਉਦੋਂ ਵੀ ਉਹਦੀਆਂ ਅੱਖਾਂ ਰੋਸ਼ਨਦਾਨ ਵੱਲ ਟਿਕੀਆਂ ਹੋਈਆਂ ਸਨ।
ਸੰਪਰਕ: 97818-43444



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -