12.4 C
Alba Iulia
Saturday, April 27, 2024

ਜੇ ਰੱਬ ਕੂਕ ਸੱਸੀ ਦੀ ਸੁਣਸੀ…

Must Read


ਅੰਗਰੇਜ ਸਿੰਘ ਵਿਰਦੀ

ਪ੍ਰਸਿੱਧ ਲੋਕ ਗਾਇਕਾ ਰੇਸ਼ਮਾ ਦਾ ਮਕਬੂਲ ਗੀਤ ਹੈ:

ਸ਼ਹਿਰ ਭੰਬੋਰ ਦੀ ਕੁੜੀਓ

ਤੁਸੀਂ ਨੱਕ ਵਿੱਚ ਨੱਥ ਨਾ ਪਾਇਓ।

ਮੈਂ ਭੁੱਲ ਗਈ ਆਂ ਤੁਸੀਂ ਭੁੱਲ ਨਾ ਜਾਇਓ

ਯਾਰੀ ਨਾਲ ਬਲੋਚ ਨਾ ਲਾਇਓ।

ਰੂਹ ਨੂੰ ਝੰਜੋੜ ਦੇਣ ਵਾਲੀ ਦਰਦ ਭਰੀ ਆਵਾਜ਼ ਵਿੱਚ ਰੇਸ਼ਮਾ ਨੇ ਇਸ ਗੀਤ ਵਿੱਚ ਭੰਬੋਰ ਸ਼ਹਿਰ ਦੀ ਰਹਿਣ ਵਾਲੀ ਸੱਸੀ ਦੇ ਦਿਲ ਦਾ ਹਾਲ ਬਿਆਨ ਕੀਤਾ ਸੀ। ਸੱਸੀ ਪੰਜਾਬ ਦੀ ਪ੍ਰਸਿੱਧ ਲੋਕ ਦਾਸਤਾਨ ਸੱਸੀ ਪੁੰਨੂੰ ਦੀ ਇੱਕ ਅਜਿਹੀ ਨਾਇਕਾ ਹੈ ਜਿਸ ਨੇ ਆਪਣੇ ਪ੍ਰੇਮੀ ਕੇਚ ਮਕਰਾਨ ਸ਼ਹਿਰ ਦੇ ਬਲੋਚ ਸ਼ਹਿਜ਼ਾਦੇ ਪੁੰਨੂੰ ਦੇ ਵਿਛੋੜੇ ਨੂੰ ਸਹਿਣ ਨਾ ਕਰਦਿਆਂ ਤਪਦੀ ਰੇਤ ਦੇ ਅਸੀਮ ਸਮੁੰਦਰ ਨੂੰ ਪਾਰ ਕਰਨ ਤੋਂ ਵੀ ਗੁਰੇਜ਼ ਨਾ ਕੀਤਾ। ਪੰਜਾਬ ਦੀਆਂ ਪ੍ਰਸਿੱਧ ਚਾਰ ਲੋਕ ਦਾਸਤਾਨਾਂ ਵਿੱਚੋਂ ਇੱਕ ਸੱਸੀ ਪੁੰਨੂੰ ਨੂੰ ਪ੍ਰੀਤ ਕਥਾਵਾਂ ਵਿੱਚ ਉੱਚਾ ਮੁਕਾਮ ਹਾਸਲ ਹੈ। ਪੰਜਾਬੀ ਅਦਬ, ਪੰਜਾਬੀ ਸੰਗੀਤ ਅਤੇ ਸਿਨੇ ਪਰਦੇ ‘ਤੇ ਸੱਸੀ ਪੁੰਨੂੰ ਦੇ ਇਸ਼ਕ ਦੀ ਦਾਸਤਾਨ ਨੂੰ ਬਾਰ ਬਾਰ ਰੂਪਮਾਨ ਕੀਤਾ ਗਿਆ। ਕਿੱਸਾਕਾਰਾਂ, ਕਹਾਣੀਕਾਰਾਂ, ਨਾਟਕਕਾਰਾਂ, ਗੀਤਕਾਰਾਂ ਅਤੇ ਫਿਲਮਸਾਜ਼ਾਂ ਨੇ ਸੱਸੀ ਪੁੰਨੂੰ ਦੀ ਪ੍ਰੀਤ ਗਾਥਾ ਨੂੰ ਆਪਣੇ ਆਪਣੇ ਸ਼ੋਅਬੇ ਵਿੱਚ ਆਪਣੇ ਹੁਨਰ ਨਾਲ ਇੰਨੀ ਖੂਬਸੂਰਤੀ ਨਾਲ ਬਿਆਨ ਕੀਤਾ ਕਿ ਲੋਕ ਇਸ ਪ੍ਰੀਤ ਕਹਾਣੀ ਨਾਲ, ਉਸ ਦੇ ਨਾਇਕ ਪੁੰਨੂੰ ਅਤੇ ਨਾਇਕਾ ਸੱਸੀ ਨਾਲ ਅੰਤਾਂ ਦਾ ਮੋਹ ਕਰਨ ਲੱਗੇ।

ਜੇਕਰ ਗੱਲ ਕੀਤੀ ਜਾਵੇ ਪੰਜਾਬੀ ਕਿੱਸਾ ਕਾਵਿ ਦੀ ਤਾਂ ਕਿੱਸਾ ਕਾਵਿ ਵਿੱਚ ਸੱਸੀ ਪੁੰਨੂੰ ਦੇ ਇਸ਼ਕ ਦੀ ਦਾਸਤਾਨ ਨੂੰ ਆਲ੍ਹਾ ਮੁਕਾਮ ਹਾਸਲ ਹੈ। ਪੰਜਾਬੀ ਅਦਬ ਦੇ ਹਵਾਲੇ ਨਾਲ ਇਸ ਲੋਕ ਦਾਸਤਾਨ ਨੂੰ ਕੁੱਲ ਜਹਾਂ ਵਿੱਚ ਮਸ਼ਹੂਰ ਕਰਨ ਵਿੱਚ ਪੰਜਾਬੀ ਕਿੱਸਾਕਾਰਾਂ ਦਾ ਯੋਗਦਾਨ ਬਹੁਤ ਵੱਡਾ ਹੈ। ਬੇਸ਼ੱਕ ਸੱਸੀ ਪੁੰਨੂੰ ਦੀ ਲੋਕ ਦਾਸਤਾਨ ਨੂੰ ਬਹੁਤ ਸਾਰੇ ਕਿੱਸਾਕਾਰਾਂ ਨੇ ਬਿਆਨ ਕੀਤਾ, ਪਰ ਹਾਸ਼ਮ ਸ਼ਾਹ ਨੇ ਸੱਸੀ ਪੁੰਨੂੰ ਦੇ ਇਸ਼ਕ ਦੀ ਦਾਸਤਾਨ ਨੂੰ ਆਪਣੀ ਜਗਤ ਪ੍ਰਸਿੱਧ ਰਚਨਾ ‘ਸੱਸੀ’ ਵਿੱਚ ਜਿੰਨੀ ਸ਼ਿੱਦਤ ਅਤੇ ਵਿਯੋਗ ਰਸ ਨਾਲ ਪੇਸ਼ ਕੀਤਾ ਹੈ, ਉਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਸੱਸੀ ਵੱਲੋਂ ਇਸ਼ਕ ਵਿੱਚ ਪੁੰਨੂੰ ਲਈ ਮਰ ਮਿਟਣ ਅਤੇ ਕੁਰਬਾਨ ਹੋਣ ਦੀ ਭਾਵਨਾ ਨੂੰ ਹਾਸ਼ਮ ਸ਼ਾਹ ਨੇ ਆਪਣੇ ਕਿੱਸੇ ਵਿੱਚ ਬਿਰਹਾ ਦੇ ਅਹਿਸਾਸਾਂ ਨਾਲ ਲਬਰੇਜ਼ ਅਲਫ਼ਾਜ਼ਾਂ ਜ਼ਰੀਏ ਜਿੰਨੀ ਕਲਾਤਮਕਤਾ ਅਤੇ ਕੋਮਲਤਾ ਨਾਲ ਬਿਆਨ ਕੀਤਾ, ਉਸ ਨੇ ਹਾਸ਼ਮ ਨੂੰ ਕਲਾਤਮਕ ਪਰੰਪਰਾ ਵਿੱਚ ਕਿੱਸਾਕਾਰ ਵਾਰਿਸ ਸ਼ਾਹ ਦੇ ਬਰਾਬਰ ਲਿਆ ਖੜ੍ਹਾ ਕੀਤਾ।

1983 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਸੱਸੀ ਪੁੰਨੂੰ’ ਦਾ ਪੋਸਟਰ

ਹਾਸ਼ਮ ਸ਼ਾਹ ਤੋਂ ਇਲਾਵਾ ਹੋਰ ਜਿਨ੍ਹਾਂ ਕਿੱਸਾਕਾਰਾਂ ਨੇ ਸੱਸੀ ਪੁਨੂੰ ਦੇ ਇਸ਼ਕ ਦੀ ਦਾਸਤਾਨ ਨੂੰ ਕਾਵਿ ਰੂਪ ਵਿੱਚ ਵਰਣਨ ਕੀਤਾ ਉਨ੍ਹਾਂ ਵਿੱਚ ਕਿੱਸਾਕਾਰ ਹਾਫ਼ਿਜ਼ ਬਰਖ਼ੁਰਦਾਰ, ਆਡਤ, ਬਿਹਬਲ, ਮੁਨਸ਼ੀ ਸੁੰਦਰ ਦਾਸ ਅਰਾਮ, ਅਹਿਮਦ ਯਾਰ, ਮੌਲਾ ਸ਼ਾਹ ਮਜੀਠਵੀ, ਮੀਆਂ ਮੁਹੰਮਦ ਬੂਟਾ, ਸਦਾ ਰਾਮ, ਹਾਮਿਦ ਸ਼ਾਹ ਅੱਬਾਸੀ ਦੇ ਨਾਂ ਪਹਿਲੀਆਂ ਪਾਲਾਂ ਵਿੱਚ ਲਿਖੇ ਜਾ ਸਕਦੇ ਹਨ। ਪੰਜਾਬੀ ਅਦਬ ਦੇ ਹਵਾਲੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਲਗਭਗ 80 ਕੁ ਕਿੱਸਾਕਾਰ ਹੋਣਗੇ ਜਿਨ੍ਹਾਂ ਨੇ ਸੱਸੀ ਪੁੰਨੂੰ ਦੀ ਪ੍ਰੀਤ ਗਾਥਾ ਨੂੰ ਕਿੱਸਿਆਂ ਦੇ ਰੂਪ ਵਿੱਚ ਕਲਮਬੱਧ ਕੀਤਾ।

ਭਾਵੇਂ ਮੂਲ ਰੂਪ ਵਿੱਚ ਸੱਸੀ ਪੁੰਨੂੰ ਦੀ ਪ੍ਰੀਤ ਕਹਾਣੀ ਦਰਿਆ ਸਿੰਧ ਦੇ ਨਾਲ ਲੱਗਦੇ ਇਲਾਕੇ ਸਿੰਧ ਦੇ ਭੰਬੋਰ ਸ਼ਹਿਰ ਦੀ ਮੰਨੀ ਜਾਂਦੀ ਹੈ। ਇਸ ਨੂੰ ਸਿੰਧੀ ਭਾਸ਼ਾ ਦੇ ਪ੍ਰਸਿੱਧ ਸੂਫ਼ੀ ਕਵੀ ਸ਼ਾਹ ਅਬਦੁਲ ਲਤੀਫ਼ ਭੱਟਾਈ ਨੇ ਆਪਣੀ ਕਾਵਿ ਰਚਨਾ ‘ਸ਼ਾਹ ਜੋ ਰਸਾਲੋ’ ਵਿੱਚ ਵੀ ਬਿਆਨ ਕੀਤਾ ਜਿਸ ਵਿੱਚ ਸੱਤ ਨਾਇਕਾਵਾਂ ਸੱਸੀ, ਮਾਰਵੀ, ਮੂਮਲ, ਨੂਰੀ, ਸੋਹਣੀ, ਸੂਰਥ ਅਤੇ ਲੀਲਾ ਦੀਆਂ ਪ੍ਰੀਤ ਕਹਾਣੀਆਂ ਦਾ ਵਰਣਨ ਹੈ। ਪਰ ਪੰਜਾਬੀ ਕਿੱਸਾਕਾਰਾਂ ਨੇ ਸੱਸੀ ਪੁੰਨੂੰ ਦੀ ਪ੍ਰੇਮ ਕਹਾਣੀ ਨੂੰ ਪੰਜਾਬੀ ਜ਼ੁਬਾਨ ਵਿੱਚ ਇੰਨੀ ਖੂਬਸੂਰਤੀ ਨਾਲ ਬਿਆਨ ਕੀਤਾ ਕਿ ਇਹ ਪੰਜਾਬ ਦੀਆਂ ਪ੍ਰਸਿੱਧ ਪ੍ਰੀਤ ਗਾਥਾਵਾਂ ਵਿੱਚ ਗਿਣੀ ਜਾਣ ਲੱਗੀ। ਪੰਜਾਬੀ ਜ਼ੁਬਾਨ ਵਿੱਚ ਕਿੱਸਾ ਸੱਸੀ ਪੁੰਨੂੰ ਸਭ ਤੋਂ ਪਹਿਲਾਂ ਹਾਫ਼ਿਜ਼ ਬਰਖ਼ੁਰਦਾਰ ਵੱਲੋਂ ਲਿਖਿਆ ਮੰਨਿਆ ਜਾਂਦਾ ਹੈ। ਸਰਲ ਅਤੇ ਠੇਠ ਪੰਜਾਬੀ ਭਾਸ਼ਾ ਵਿੱਚ ਲਿਖਿਆ ਇਹ ਕਿੱਸਾ ਹਾਫ਼ਿਜ਼ ਬਰਖੁਰਦਾਰ ਦੀਆਂ ਬਿਹਤਰੀਨ ਰਚਨਾਵਾਂ ਵਿੱਚੋਂ ਇੱਕ ਹੈ। ਹਾਫ਼ਿਜ਼ ਤੋਂ ਬਾਅਦ ਕਿੱਸਾਕਾਰ ਆਡਤ ਨੇ ਕਿੱਸਾ ‘ਦੋਹੜੇ ਸੱਸੀ ਕੇ’ ਅਤੇ ‘ਮਾਂਝਾ ਸੱਸੀ ਦੀਆਂ’ ਨਾਂ ਨਾਲ ਸੱਸੀ ਦੀ ਪ੍ਰੀਤ ਕਹਾਣੀ ਨੂੰ ਕਲਮਬੱਧ ਕੀਤਾ। ਇਨ੍ਹਾਂ ਤੋਂ ਬਾਅਦ ਬਿਹਬਲ ਨੇ ਕਿੱਸਾ ‘ਸੱਸੀ ਪੁੰਨੂੰ’ ਲਿਖਿਆ। ਬਿਹਬਲ ਦਾ ਕਿੱਸਾ ਸੱਸੀ ਪੁੰਨੂੰ ਮਸਨਵੀ ਸ਼ੈਲੀ ਵਿੱਚ ਲਿਖਿਆ ਮਿਲਦਾ ਹੈ। ਕਵੀ ਸੁੰਦਰ ਦਾਸ ਅਰਾਮ ਨੇ ਮਸਨਵੀ ਅਤੇ ਸ਼ੀਹਰਫ਼ੀ ਰੂਪ ਵਿੱਚ ਕਿੱਸਾ ਸੱਸੀ ਪੁੰਨੂੰ ਲਿਖਿਆ। ਕਿੱਸਾਕਾਰ ਅਹਿਮਦ ਯਾਰ ਜਿਸ ਨੇ ਸਭ ਤੋਂ ਵੱਧ ਕਿੱਸੇ ਲਿਖੇ ਨੇ ਸੱਸੀ ਪੁੰਨੂੰ ਦੇ ਕਿੱਸੇ ਨੂੰ ਬਿਆਨ ਕਰਨ ਲਈ ਬੈਂਤ ਛੰਦ ਦੀ ਵਰਤੋਂ ਕੀਤੀ।

ਕਿੱਸਾਕਾਰ ਹਾਸ਼ਮ ਸ਼ਾਹ ਵੱਲੋਂ ਸੱਸੀ ਪੁੰਨੂੰ ਦੀ ਪ੍ਰੀਤ ਕਹਾਣੀ ‘ਤੇ ਲਿਖੇ ਕਿੱਸੇ ਨੂੰ ਲੋਕਾਂ ਵਿੱਚ ਸਭ ਤੋਂ ਵੱਧ ਮਕਬੂਲੀਅਤ ਹਾਸਲ ਹੋਈ। ਹਾਸ਼ਮ ਨੇ ਕਿੱਸਾ ‘ਸੱਸੀ’ ਲਿਖਣ ਲਈ ਚੋਤੁਕੀਆ ਦਵੱਈਆ ਛੰਦ ਦੀ ਵਰਤੋਂ ਕੀਤੀ, ਜਿਸ ਦੇ ਕੁੱਲ 124 ਬੰਦ ਹਨ। ਹਾਸ਼ਮ ਦੇ ਕਿੱਸੇ ਵਿੱਚੋਂ ਨਮੂਨੇ ਵਜੋਂ ਇੱਕ ਬੰਦ ਕੁਝ ਇਸ ਤਰ੍ਹਾਂ ਹੈ :

ਤੁਰਸਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪਰ ਧਰਸਾਂ।

ਜਬ ਲਗ ਸਾਸ ਨਿਰਾਸ ਨਾ ਹੋਵਾਂ, ਮਰਨੋਂ ਮੂਲ ਨਾ ਡਰਸਾਂ।

ਜੇ ਰੱਬ ਕੂਕ ਸੱਸੀ ਦੀ ਸੁਣਸੀ, ਜਾਇ ਮਿਲਾਂ ਪਗ ਪਰਸਾਂ।

ਹਾਸ਼ਮ ਨਹੀਂ ਸ਼ਹੀਦ ਹੋ ਵੈਸਾਂ, ਥਲ ਮਾਰੂ ਵਿਚ ਮਰਸਾਂ।।

ਪੰਜਾਬੀ ਕਿੱਸਾਕਾਰਾ ਨੇ ਸੱਸੀ ਪੁੰਨੂੰ ਦੀ ਪ੍ਰੀਤ ਕਹਾਣੀ ਨੂੰ ਜਦੋਂ ਕਿੱਸਿਆਂ ਦੇ ਰੂਪ ਵਿੱਚ ਕਲਮਬੱਧ ਕੀਤਾ ਤਾਂ ਕਾਵਿ ਰੂਪ ਵਿੱਚ ਹੋਣ ਕਰਕੇ ਇਸ ਨੂੰ ਲੋਕਾਂ ਵਿੱਚ ਮਕਬੂਲ ਕਰਨ ਵਿੱਚ ਓਸ ਜ਼ਮਾਨੇ ਦੇ ਗਵੱਈਆਂ ਨੇ ਵੱਡੀ ਭੂਮਿਕਾ ਅਦਾ ਕੀਤੀ। ਸਤਾਰਵੀਂ ਅਤੇ ਅਠਾਰਵੀਂ ਸਦੀ ਵਿੱਚ ਜਦੋਂ ਬਹੁਤ ਸਾਰੇ ਕਿੱਸਿਆਂ ਦੀ ਰਚਨਾ ਹੋਈ ਤਾਂ ਨਾਲ ਹੀ ਇਨ੍ਹਾਂ ਨੂੰ ਗਾਉਣ ਦੇ ਦੌਰ ਦਾ ਵੀ ਆਰੰਭ ਹੋਇਆ। ਉਸ ਦੌਰ ਵਿੱਚ ਢੱਡ ਸਾਰੰਗੀ ਨਾਲ ਗਾਉਣ ਵਾਲੇ ਗਵੱਈਏ ਜਿਨ੍ਹਾਂ ਨੂੰ ਢਾਡੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ, ‘ਚ ਕਿੱਸਿਆਂ ਨੂੰ ਗਾਉਣ ਦਾ ਰੁਝਾਨ ਬਹੁਤ ਸੀ। ਉਨੀਵੀਂ ਅਤੇ ਵੀਹਵੀ ਸਦੀ ਤੱਕ ਢਾਡੀ ਜਥੇ ਪ੍ਰੀਤ ਗਾਥਾਵਾਂ ਗਾ ਕੇ ਲੋਕਾਂ ਦਾ ਭਰਭੂਰ ਮਨੋਰੰਜਨ ਕਰਦੇ ਰਹੇ। ਉਹ ਮੇਲਿਆਂ, ਸੱਥਾਂ, ਅਖਾੜਿਆਂ ਵਿੱਚ ਪੰਜਾਬੀ ਕਿੱਸੇ ਗਾਇਆ ਕਰਦੇ ਸਨ ਜਿਨ੍ਹਾਂ ਨੂੰ ਅਵਾਮ ਦਾ ਵੱਡਾ ਹਜ਼ੂਮ ਸੁਣਨ ਲਈ ਜੁੜ ਬੈਠਦਾ ਸੀ। ਅੱਜ ਵੀ ਛਪਾਰ ਤੇ ਜਰਗ ਦੇ ਮੇਲੇ ਵਿੱਚ ਢੱਡ ਸਾਰੰਗੀ ਨਾਲ ਸੱਸੀ, ਹੀਰ, ਮਿਰਜ਼ਾ, ਸੋਹਣੀ ਮਹੀਂਵਾਲ ਦੇ ਕਿੱਸੇ ਗਾਉਂਦੇ ਢਾਡੀ ਜਥੇ ਸੁਣੇ ਜਾ ਸਕਦੇ ਹਨ। ਵੀਹਵੀ ਸਦੀ ਦੇ ਕੁਝ ਮਸ਼ਹੂਰ ਢਾਡੀਆਂ ਵਿੱਚ ਢਾਡੀ ਅਮਰ ਸਿੰਘ ਸ਼ੌਂਕੀ, ਢਾਡੀ ਨਿਰੰਜਣ ਸਿੰਘ, ਢਾਡੀ ਦੀਦਾਰ ਸਿੰਘ ਰਟੈਂਡਾ ਅਤੇ ਢਾਡੀ ਮੋਹਣ ਸਿੰਘ ਉਹ ਪ੍ਰਮੁੱਖ ਨਾਂ ਹਨ ਜਿਨ੍ਹਾਂ ਨੇ ਲੋਕ ਗਾਥਾਵਾਂ ਗਾ ਕੇ ਅਥਾਹ ਪ੍ਰਸਿੱਧੀ ਹਾਸਲ ਕੀਤੀ।

ਸੱਸੀ ਪੁੰਨੂੰ ਦੀ ਪ੍ਰੀਤ ਗਾਥਾ ਨੂੰ ਗਾਉਣ ਵਿੱਚ ਤੂੰਬੀ, ਅਲਗੋਜ਼ੇ ਅਤੇ ਹੋਰ ਪੰਜਾਬੀ ਲੋਕ ਸਾਜ਼ਾਂ ਨਾਲ ਗਾਉਣ ਵਾਲੇ ਲੋਕ ਗਾਇਕਾਂ ਦੀ ਵੀ ਲੰਮੀ ਸੂਚੀ ਹੈ ਜਿਸ ਵਿੱਚ ਸਭ ਤੋਂ ਉੱਪਰ ਜਿਸ ਲੋਕ ਗਾਇਕ ਦਾ ਨਾਂ ਆਉਂਦਾ ਹੈ ਉਹ ਹਨ ਲਹਿੰਦੇ ਪੰਜਾਬ ਦੇ ਆਲਮ ਲੁਹਾਰ। ਤੀਖਣ ਬੁੱਧੀ ਦੇ ਮਾਲਕ ਆਲਮ ਲੁਹਾਰ ਨੂੰ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੱਸੀ ਪੁੰਨੂੰ, ਸੋਹਣੀ ਮਹੀਂਵਾਲ, ਯੂਸਫ਼ ਜ਼ੁਲੈਖਾ ਸਭ ਕਿੱਸੇ ਜ਼ੁਬਾਨੀ ਯਾਦ ਸਨ। ਜਦੋਂ ਆਲਮ ਲੁਹਾਰ ਹੱਥ ਵਿੱਚ ਚਿਮਟਾ ਫੜੀ ਆਪਣੀ ਮੰਡਲੀ ਨਾਲ ਅਖਾੜਾ ਲਾਉਂਦਾ ਤਾਂ ਸਾਰੀ ਸਾਰੀ ਰਾਤ ਉਹ ਕਿੱਸੇ ਗਾਉਂਦਾ ਨਾ ਥੱਕਦਾ ਤੇ ਲੋਕ ਸੁਣਦੇ ਨਾ ਅੱਕਦੇ। ਸੱਸੀ ਪੁੰਨੂੰ ਦਾ ਪੂਰਾ ਕਿੱਸਾ ਆਲਮ ਲੁਹਾਰ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਅੱਜ ਵੀ ਸੁਣਿਆ ਜਾ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਲੋਕ ਗਾਇਕ ਲਾਲ ਚੰਦ ਯਮਲਾ ਜੱਟ, ਸਦੀਕ ਮੁਹੰਮਦ ਔੜ, ਫ਼ਜ਼ਲ ਮੁਹੰਮਦ ਟੁੰਡਾ, ਸਾਂਈ ਦੀਵਾਨਾ ਅਤੇ ਕੁਲਦੀਪ ਮਾਣਕ ਅਜਿਹੇ ਨਾਂ ਹਨ ਜਿਨ੍ਹਾਂ ਨੇ ਸੱਸੀ ਪੁੰਨੂੰ ਦੇ ਕਿੱਸੇ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਅਮਰ ਕੀਤਾ। ਲੋਕ ਗਾਇਕਾ ਨਰਿੰਦਰ ਬੀਬਾ ਜਿਨ੍ਹਾਂ ਦੀ ਓਪੇਰਾ ਗਾਇਕੀ ਵਿੱਚ ਵਿਲੱਖਣ ਪਹਿਚਾਣ ਸੀ, ਵੱਲੋਂ ਵੀ ਸੱਸੀ ਪੁੰਨੂੰ ਦੀ ਪ੍ਰੀਤ ਗਾਥਾ ਨੂੰ ਓਪੇਰੇ ਦੇ ਰੂਪ ਵਿੱਚ ਰਿਕਾਰਡ ਕਰਵਾਇਆ ਗਿਆ ਜਿਸ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਸੀ ਲੋਕ ਗਾਇਕ ਰਣਬੀਰ ਸਿੰਘ ਰਾਣਾ, ਗੁਰਚਰਨ ਪੋਹਲੀ, ਪ੍ਰੋਮਿਲਾ ਪੰਮੀ, ਬੀਰ ਚੰਦ ਗੋਪੀ ਅਤੇ ਮੋਹਣੀ ਨਰੂਲਾ ਨੇ। ਪੰਜਾਬੀ ਸੰਗੀਤ ਦੇ ਹਵਾਲੇ ਨਾਲ ਸੱਸੀ ਪੁੰਨੂ ਦੇ ਇਸ਼ਕ ਦੀ ਦਾਸਤਾਨ ‘ਤੇ ਰਚੇ ਕਿੱਸਿਆਂ ਅਤੇ ਲੋਕ ਗੀਤਾਂ ਨੂੰ ਹੁਣ ਤੱਕ ਅਨੇਕਾਂ ਲੋਕ ਗਾਇਕਾਂ ਨੇ ਆਪਣੀਆਂ ਕੋਮਲ ਸੁਰਾਂ ਨਾਲ ਛੂਹ ਕੇ ਅਮਰ ਕੀਤਾ ਹੈ। ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕਿਆਂ ਵਾਲੇ) ਨੇ ਕਲੀਆਂ ਦੇ ਰੂਪ ਵਿੱਚ ਪੰਜਾਬੀ ਲੋਕ ਗਾਥਾਵਾਂ ਜਿਸ ਵਿੱਚ ਸੱਸੀ ਪੁੰਨੂੰ ਦੀ ਲੋਕ ਗਾਥਾ ਵੀ ਲਿਖੀ। ਲੋਕ ਗਾਇਕ ਕੁਲਦੀਪ ਮਾਣਕ ਨੇ ਆਪਣੀ ਬੁਲੰਦ ਆਵਾਜ਼ ਵਿੱਚ ਇਨ੍ਹਾਂ ਕਲੀਆਂ ਨੂੰ ਗਾ ਕੇ ਲੋਕ ਗਾਥਾਵਾਂ ਨੂੰ ਦੁਬਾਰਾ ਜਿਉਂਦਾ ਕੀਤਾ। ਕਲੀ ਛੰਦ ਨੂੰ ਗਾਉਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ, ਪਰ ਮਾਣਕ ਕਲੀ ਗਾਉਣ ਵਿੱਚ ਪੂਰਾ ਮਾਹਿਰ ਸੀ। ਮਾਣਕ ਨੇ ਜਿੰਨੀਆਂ ਵੀ ਲੋਕ ਗਾਥਾਵਾਂ ਦੇ ਰੂਪ ਵਿੱਚ ਕਲੀਆਂ ਗਾਈਆਂ, ਲੋਕਾਂ ਵੱਲੋਂ ਉਨ੍ਹਾਂ ਨੂੰ ਰੱਜਵਾਂ ਪਿਆਰ ਦਿੱਤਾ ਗਿਆ। ਸੱਸੀ ਪੁੰਨੂੰ ਦੀ ਇੱਕ ਕਲੀ ਜੋ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਬਹੁਤ ਮਸ਼ਹੂਰ ਹੈ ਉਸ ਦੇ ਬੋਲ ਹਨ :

ਅੱਜ ਕਿਸਮਤ ਮੱਥੇ ਦੀ,

ਲਿਖੀ ਹੋਈ ਆਪੇ ਉੱਘੜ ਆਈ।

ਕੋਈ ਦੋਸ਼ ਕਿਸੇ ਦਾ ਨਾ,

ਤੱਤੀ ਨੇ ਧੁਰੋਂ ਸੀ ਏਵੇਂ ਲਿਖਾਈ।

ਮੈਂ ਸੁੱਤੀ ਰਹਿ ਗਈ ਨੀਂ,

ਛੱਡਕੇ ਤੁਰ ਗਿਆ ਦਿਲ ਦਾ ਦਰਦੀ।

ਫਿਰੇ ਲੱਭਦੀ ਵਿੱਚ ਥਲ ਦੇ,

ਸੱਸੀ ਪੁੰਨਣਾ ਪੁੰਨਣਾ ਕਰਦੀ।

ਕਿੱਸਿਆਂ, ਕਹਾਣੀਆਂ, ਢਾਡੀਆਂ, ਗਵੱਈਆਂ ਰਾਹੀਂ ਪੰਜਾਬੀਆਂ ਦੇ ਦਿਲਾਂ ਵਿੱਚ ਵਸੀ ਸੱਸੀ ਪੁੰਨੂੰ ਦੀ ਪਾਕ ਮੁਹੱਬਤ ਦੀ ਦਾਸਤਾਨ ਨੇ ਵੀਹਵੀਂ ਸਦੀ ਵਿੱਚ ਲੋਕਾਂ ਦੇ ਮਨੋਰੰਜਨ ਲਈ ਉੱਭਰ ਰਹੇ ਨਵੇ ਮਾਧਿਅਮ ਫਿਲਮਾਂ ਰਾਹੀਂ ਸੁਨਹਿਰੀ ਪਰਦੇ ‘ਤੇ ਦਸਤਕ ਦਿੱਤੀ। ਸੱਸੀ ਪੁੰਨੂੰ ਦੇ ਇਸ਼ਕ ਦੀ ਦਾਸਤਾਨ ਨੂੰ ਵੱਡੇ ਪਰਦੇ ‘ਤੇ ਦਿਖਾਉਣ ਦਾ ਮੁੱਢ ਓਦੋਂ ਈ ਬੱਝ ਗਿਆ ਸੀ ਜਦੋਂ ਅਜੇ ਭਾਰਤੀ ਸਿਨਮਾ ਆਪਣੇ ਸ਼ੁਰੂਆਤੀ ਦੌਰ ਵਿੱਚ ਸੀ। ਮੂਕ ਫਿਲਮਾਂ ਦੇ ਦੌਰ ਵਿੱਚ ਸੱਸੀ ਪੁੰਨੂੰ ਦੀ ਪਾਕ ਮੁਹੱਬਤ ਨੂੰ ਪਹਿਲੀ ਵਾਰ 1928 ਵਿੱਚ ਫਿਲਮੀ ਪਰਦੇ ‘ਤੇ ਵਿਖਾਇਆ ਗਿਆ। ਸ਼ਾਰਧਾ ਫਿਲਮ ਕੰਪਨੀ ਬੰਬਈ ਦੇ ਬੈਨਰ ਹੇਠ ਬਣੀ ਅਤੇ ਹਰਸ਼ਦ ਰਾਏ ਮਹਿਤਾ ਦੁਆਰਾ ਨਿਰਦੇਸ਼ਤ ਹਿੰਦੀ ਫਿਲਮ ‘ਸੱਸੀ ਪੁੰਨੂੰ’ ਵਿੱਚ ਮਾਸਟਰ ਵਿੱਠਲ, ਜ਼ੇਬੂਨਿਸਾ, ਮਣੀ ਅਤੇ ਏ.ਪੀ. ਕਪੂਰ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ।

ਭਾਰਤੀ ਸਿਨਮਾ ਜਦੋਂ 1931 ਵਿੱਚ ਬੋਲਦੀਆਂ ਫਿਲਮਾਂ ਦੇ ਨਵੇ ਦੌਰ ਵਿੱਚ ਦਾਖਲ ਹੋਇਆ ਤਾਂ ਗੀਤ ਸੰਗੀਤ ਨਾਲ ਸ਼ਿੰਗਾਰੀਆਂ ਫਿਲਮਾਂ ਆਉਣ ਲੱਗੀਆਂ। ਉਸ ਦੌਰ ਵਿੱਚ 1932 ਵਿੱਚ ਲੋਕ ਦਾਸਤਾਨ ਸੱਸੀ ਪੁਨੂੰ ਨੂੰ ਇੱਕ ਵਾਰ ਫਿਰ ਸੁਨਹਿਰੀ ਪਰਦੇ ‘ਤੇ ਉਤਾਰਿਆ ਗਿਆ। ਸ਼ਾਰਦਾ ਮੂਵੀਟੋਨ ਦੇ ਬੈਨਰ ਹੇਠ ਬਣੀ ਹਿੰਦੀ ਫਿਲਮ ‘ਸੱਸੀ ਪੁੰਨੂੰ’ ਦੇ ਨਿਰਦੇਸ਼ਕ ਸਨ ਐੱਸ.ਆਰ. ਆਪਟੇ ਅਤੇ ਚਮਨ ਲਾਲ ਲੂਥਰ, ਫਿਲਮ ਦਾ ਸੰਗੀਤ ਤਿਆਰ ਕੀਤਾ ਸੀ ਬੀ.ਆਰ. ਦੇਵਧਰ ਨੇ। ਫਿਲਮ ਵਿੱਚ ਮੁੱਖ ਭੂਮਿਕਾਵਾਂ ਅਦਾ ਕਰਨ ਵਾਲੇ ਅਦਾਕਾਰ ਸਨ ਬਾਬੂ ਰਾਏ ਆਪਟੇ, ਸ਼ਿਵਾਨੀ ਘੋਸ਼, ਲੱਭੂ, ਨੰਦਰਾਮ, ਮਜੂਮਦਾਰ, ਭਗਵਾਨ ਦਾਸ ਅਤੇ ਸੁਸ਼ੀਲਾ।

ਪੰਜਾਬੀ ਸਿਨਮਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਸ਼ੁਰੂਆਤੀ ਦੌਰ ਵਿੱਚ ਪੰਜਾਬੀ ਫਿਲਮਸਾਜ਼ਾਂ ਨੇ ਪੰਜਾਬ ਦੀਆਂ ਪ੍ਰਸਿੱਧ ਲੋਕ ਦਾਸਤਾਨਾਂ ‘ਤੇ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹਾਸ਼ਮ ਦੇ ਕਿੱਸੇ ‘ਤੇ ਆਧਾਰਿਤ ਪਹਿਲੀ ਪੰਜਾਬੀ ਫਿਲਮ ‘ਸੱਸੀ ਪੁੰਨੂੰ’ 1939 ਵਿੱਚ ਰਿਲੀਜ਼ ਹੋਈ। ਇੰਦਰਾ ਮੂਵੀਟੋਨ ਦੇ ਬੈਨਰ ਹੇਠ ਬਣਨ ਵਾਲੀ ਇਸ ਫਿਲਮ ਦੇ ਨਿਰਦੇਸ਼ਕ ਸਨ ਦਾਊਦ ਚਾਂਦ। ਨਿਰਦੇਸ਼ਕ ਦਾਊਦ ਚਾਂਦ ਦੀ ਫਿਲਮ ਨਿਰਦੇਸ਼ਕ ਵਜੋਂ ਇਹ ਪਹਿਲੀ ਫਿਲਮ ਸੀ। ਇਸ ਫਿਲਮ ਵਿੱਚ ਪੰਜਾਬੀ ਸੰਗੀਤ ਦੀਆਂ ਨਾਮੀ ਹਸਤੀਆਂ ਨੇ ਕੰਮ ਕੀਤਾ ਸੀ। ਫਿਲਮ ਵਿੱਚ ਮੁੱਖ ਕਿਰਦਾਰ ਅਦਾ ਕੀਤੇ ਸਨ ਬਾਲੋ, ਮੁਹੰਮਦ ਅਸਲਮ, ਨਜ਼ੀਰ ਬੇਗ਼ਮ, ਨੂਰਜਹਾਂ, ਈਦਨ ਬਾਈ, ਕਮਲਾ ਝਰੀਆ ਅਤੇ ਅਬਦੁੱਲ ਰਹਿਮਾਨ ਕਸ਼ਮੀਰੀ ਨੇ। ਇਸ ਫਿਲਮ ਤੋਂ ਸੱਤ ਸਾਲ ਬਾਅਦ 1946 ਵਿੱਚ ਸੱਸੀ ਪੁੰਨੂੰ ਦੀ ਪ੍ਰੇਮ ਕਹਾਣੀ ਨੂੰ ਇੱਕ ਵਾਰ ਫਿਰ ਤੋਂ ਫਿਲਮੀ ਪਰਦੇ ‘ਤੇ ਦਿਖਾਇਆ ਗਿਆ। ਗੀਤਾ ਨਿਜ਼ਾਮੀ, ਜਯਰਾਜ ਗੋਪੀ ਅਤੇ ਯਸ਼ੋਧਰਾ ਕਾਟਜੂ ਦੀ ਅਦਾਕਾਰੀ ਨਾਲ ਸਜੀ ਇਸ ਹਿੰਦੀ ਫਿਲਮ ਦੇ ਨਿਰਦੇਸ਼ਕ ਸਨ ਜੇ.ਪੀ. ਅਡਵਾਨੀ ਅਤੇ ਸੰਗੀਤਕਾਰ ਸਨ ਗੋਵਿੰਦ ਰਾਮ। ਗਾਇਕ ਮੁਹੰਮਦ ਰਫ਼ੀ, ਜੀ.ਐੱਮ. ਦੁਰਾਨੀ, ਸ਼ਮਸ਼ਾਦ ਬੇਗ਼ਮ ਅਤੇ ਜ਼ੋਹਰਾ ਬਾਈ ਅੰਬਾਲੇ ਵਾਲੀ ਦੀਆਂ ਆਵਾਜ਼ਾਂ ਵਿੱਚ ਇਸ ਫਿਲਮ ਵਿੱਚ 9 ਗੀਤ ਸ਼ਾਮਲ ਕੀਤੇ ਗਏ ਸਨ ਜੋ ਬੇਹੱਦ ਮਕਬੂਲ ਹੋਏ।

ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਅਗਲੇ ਤਿੰਨ ਦਹਾਕਿਆਂ ਤੱਕ ਦੋਵਾਂ ਮੁਲਕਾਂ ਵਿੱਚ ਸੱਸੀ ਪੁੰਨੂੰ ਦੇ ਇਸ਼ਕ ਦੀ ਦਾਸਤਾਨ ‘ਤੇ ਫਿਲਮਾਂ ਦਾ ਨਿਰਮਾਣ ਹੁੰਦਾ ਰਿਹਾ। ਨਿਰਦੇਸ਼ਕ ਦਾਊਦ ਚਾਂਦ ਜਿਨ੍ਹਾਂ ਨੇ 1939 ਵਿੱਚ ਪਹਿਲੀ ਵਾਰ ਪੰਜਾਬੀ ਫਿਲਮ ‘ਸੱਸੀ ਪੁੰਨੂੰ’ ਬਣਾਈ ਸੀ, ਉਹ ਪਾਕਿਸਤਾਨ ਬਣਨ ਤੋਂ ਬਾਅਦ ਲਾਹੌਰ ਜਾ ਵੱਸੇ ਜਿੱਥੇ ਉਨ੍ਹਾਂ ਨੇ ਪਾਕਿਸਤਾਨ ਫਿਲਮ ਇੰਡਸਟਰੀ ਨੂੰ ਮੁੜ ਤੋਂ ਪੈਰਾ ਸਿਰ ਕਰਨ ਵਿੱਚ ਆਪਣਾ ਭਰਭੂਰ ਯੋਗਦਾਨ ਪਾਇਆ। ਪਹਿਲੀ ਪਾਕਿਸਤਾਨੀ ਫਿਲਮ ਦਾ ਨਿਰਦੇਸ਼ਕ ਬਣਨ ਦਾ ਮਾਣ ਵੀ ਦਾਊਦ ਚਾਂਦ ਨੂੰ ਹੀ ਹਾਸਲ ਹੈ, ਜਿਨ੍ਹਾਂ ਨੇ 1948 ਵਿੱਚ ਪਹਿਲੀ ਉਰਦੂ ਫਿਲਮ ‘ਤੇਰੀ ਯਾਦ’ ਬਣਾਈ ਸੀ। 1954 ਵਿੱਚ ਉਨ੍ਹਾਂ ਨੇ ਇੱਕ ਵਾਰ ਫਿਰ ‘ਸੱਸੀ ਪੁੰਨੂੰ’ ਦੇ ਇਸ਼ਕ ਦੀ ਦਾਸਤਾਨ ਨੂੰ ਉਰਦੂ ਫਿਲਮ ‘ਸੱਸੀ’ ਰਾਹੀਂ ਪੇਸ਼ ਕੀਤਾ। ਇਹ ਫਿਲਮ 3 ਜੂਨ 1954 ਨੂੰ ਪਾਕਿਸਤਾਨ ਦੇ ਸਾਰੇ ਸਿਨਮ ਘਰਾਂ ਵਿੱਚ ਰਿਲੀਜ਼ ਹੋਈ। ਉਸ ਸਾਲ ‘ਸੱਸੀ’ ਪਾਕਿਸਤਾਨ ਦੀ ਪਹਿਲੀ ਅਜਿਹੀ ਫਿਲਮ ਸੀ ਜਿਸ ਨੇ ਸਿਨਮਿਆਂ ਵਿੱਚ ਸ਼ਾਨਦਾਰ 51 ਹਫ਼ਤੇ ਪੂਰੇ ਕੀਤੇ ਅਤੇ ਗੋਲਡਨ ਜੁਬਲੀ ਮਨਾਈ। ਲਾਹੌਰ ਦੇ ਫਿਲਮ ਸਟੂਡੀਓ ਵਿੱਚ ਬਣ ਕੇ ਤਿਆਰ ਹੋਈ ਇਸ ਫਿਲਮ ਵਿੱਚ ਮੁੱਖ ਕਿਰਦਾਰ ਅਦਾ ਕੀਤੇ ਸਨ ਅਦਾਕਾਰ ਸੁਧੀਰ, ਸਬੀਹਾ ਖਾਨੁਮ, ਆਸ਼ਾ ਪੋਸਲੇ, ਬੇਗ਼ਮ ਪਰਵੀਨ ਅਤੇ ਨਜ਼ਰ ਨੇ। ਵੱਡੇ ਬਜਟ ਦੀ ਇਸ ਫਿਲਮ ਨੂੰ ਫਿਲਮਸਾਜ਼ ਜਗਦੀਸ਼ ਚੰਦਰ ਅਨੰਦ ਜੋ ਵੰਡ ਤੋਂ ਬਾਅਦ ਵੀ ਪਾਕਿਸਤਾਨੀ ਫਿਲਮਾਂ ਨੂੰ ਫੰਡ ਮੁਹੱਈਆ ਕਰਵਾਉਂਦੇ ਰਹੇ, ਵੱਲੋਂ ਪੂਰੀ ਕਰਨ ਲਈ ਨਿਰਦੇਸ਼ਕ ਦਾਊਦ ਚਾਂਦ ਦੀ ਆਰਥਿਕ ਤੌਰ ‘ਤੇ ਮਦਦ ਕੀਤੀ ਗਈ ਸੀ।

ਬਾਬਾ ਗੁਲਾਮ ਅਹਿਮਦ ਚਿਸ਼ਤੀ ਦੇ ਸੰਗੀਤ ਨਾਲ ਸਜੀ ਇਸ ਫਿਲਮ ਵਿੱਚ ਕੁੱਲ 8 ਗੀਤ ਸ਼ਾਮਲ ਕੀਤੇ ਗਏ ਜੋ ਬੇਹੱਦ ਮਕਬੂਲ ਹੋਏ ਸਨ। ਇਸ ਫਿਲਮ ਤੋਂ ਬਾਅਦ ਲਾਹੌਰ ਫਿਲਮ ਇੰਡਸਟਰੀ ਵੱਲੋਂ 1968 ਵਿੱਚ ਪੰਜਾਬੀ ਫਿਲਮ ‘ਸੱਸੀ ਪੁੰਨੂੰ’ ਬਣਾਈ ਗਈ ਜਿਸ ਦੇ ਨਿਰਦੇਸ਼ਕ ਸਨ ਰਿਆਜ਼ ਅਹਿਮਦ ਅਤੇ ਫਿਲਮ ਵਿੱਚ ਮੁੱਖ ਕਿਰਦਾਰ ਅਦਾ ਕੀਤੇ ਸਨ ਇਕਬਾਲ ਹਸਨ, ਮੁਨੱਵਰ ਜ਼ਰੀਫ਼, ਮਜ਼ਹਰ ਸ਼ਾਹ, ਨਗ਼ਮਾ ਬੇਗ਼ਮ, ਆਲੀਆ ਬੇਗ਼ਮ ਅਤੇ ਜ਼ੀਨਤ ਬੇਗ਼ਮ ਨੇ।

ਸਿਨਮਾ ਸੁਪਨਿਆਂ ਦਾ ਇੱਕ ਅਜਿਹਾ ਸੰਸਾਰ ਹੈ ਜਿਸ ਨੂੰ ਇਨਸਾਨ ਖੁਦ ਹੀ ਸਿਰਜਦਾ ਹੈ, ਉਹ ਪਰਦੇ ‘ਤੇ ਆਪਣੇ ਖਿੱਤੇ ਦੇ ਜੀਵਨ, ਇਤਿਹਾਸ, ਕਿੱਸੇ ਕਹਾਣੀਆਂ ਨੂੰ ਹੂਬਹੂ ਸਾਕਾਰ ਕਰਦਾ ਹੈ। ਕਿੱਸਾਕਾਰ ਹਾਸ਼ਮ ਨੇ ਸੱਸੀ ਪੁੰਨੂੰ ਨੂੰ ਕਲਮ ਦੇ ਜ਼ਰੀਏ ਪੇਸ਼ ਕੀਤਾ, ਗਵੱਈਆਂ ਨੇ ਉਸ ਨੂੰ ਸੁਰ ਦਿੱਤੇ ਤੇ ਸਿਨਮਾ ਜ਼ਰੀਏ ਫਿਲਮਸਾਜ਼ਾਂ ਨੇ ਉਸ ਨੂੰ ਹੂਬਹੂ ਪਰਦੇ ‘ਤੇ ਸਜੀਵ ਕਰ ਦਿੱਤਾ। ਇਹ ਹੀ ਤਾਂ ਸਿਨਮਾ ਦੀ ਖੂਬਸੂਰਤੀ ਹੈ। ਵੰਡ ਤੋਂ ਬਾਅਦ ਪੰਜਾਬੀ ਸਿਨਮਾ ਨੇ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਲੰਬਾ ਸੰਘਰਸ਼ ਕੀਤਾ। ਇਸ ਸੰਘਰਸ਼ ਦੇ ਦੌਰਾਨ ਵੀ ਪੰਜਾਬੀ ਫਿਲਮਸਾਜ਼ਾਂ ਨੇ ਕਈ ਖੂਬਸੂਰਤ ਫਿਲਮਾਂ ਬਣਾ ਕੇ ਸਿਨੇ ਪ੍ਰੇਮੀਆਂ ਨੂੰ ਪੰਜਾਬੀ ਸਿਨਮਾ ਨਾਲ ਜੋੜੀ ਰੱਖਿਆ। ਪੰਜਾਬੀ ਫਿਲਮਸਾਜ਼ਾਂ ਨੇ ਸੱਸੀ ਪੁੰਨੂੰ ਦੀ ਪ੍ਰੀਤ ਗਾਥਾ ‘ਤੇ ਆਧਾਰਿਤ ਸੱਠ ਅਤੇ ਅੱਸੀ ਦੇ ਦਹਾਕੇ ਦੌਰਾਨ 2 ਬਿਹਤਰੀਨ ਸੰਗੀਤ ਨਾਲ ਸਜੀਆਂ ਖੂਬਸੂਰਤ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ। ਪਹਿਲੀ ਫਿਲਮ 1965 ਵਿੱਚ ਬਣੀ ਫਿਲਮੀਸਤਾਨ, ਬੰਬੇ ਦੇ ਬੈਨਰ ਹੇਠ ਨਿਰਮਾਤਾ ਤੋਲਾ ਰਾਮ ਜਲਨ ਦੀ ਪੰਜਾਬੀ ਫਿਲਮ ‘ਸੱਸੀ ਪੁੰਨੂੰ’ ਦੇ ਨਿਰਦੇਸ਼ਕ ਸਨ ਸ਼ਾਂਤੀ ਪ੍ਰਕਾਸ਼ ਬਖਸ਼ੀ। ਫਿਲਮ ਵਿੱਚ ਮੁੱਖ ਕਿਰਦਾਰ ਅਦਾ ਕੀਤੇ ਸਨ ਅਦਾਕਾਰ ਰਵਿੰਦਰ ਕਪੂਰ, ਇੰਦਰਾ ਬਿੱਲੀ, ਚਮਨਪੁਰੀ ਅਤੇ ਬੀ.ਐੱਮ. ਵਿਆਸ ਨੇ। ਪੰਜਾਬੀ ਸਿਨਮਾ ਦੀ ਇਹ ਇੱਕ ਖਾਸ ਫਿਲਮ ਸੀ। 1961 ਵਿੱਚ ਹਿੰਦੀ ਸਿਨਮਾ ਵਿੱਚ ਈਸਟਮੈਨ ਕਲਰ ਤਕਨੀਕ ਦੀ ਆਮਦ ਤੋਂ ਬਾਅਦ ਫਿਲਮ ਨਿਰਮਾਤਾਵਾਂ ਦਾ ਰੁਝਾਨ ਬਲੈਕ ਐਂਡ ਵ੍ਹਾਈਟ ਤੋਂ ਕਲਰ ਫਿਲਮਾਂ ਬਣਾਉਣ ਵੱਲ ਹੋ ਗਿਆ ਜਿਸ ਦੇ ਚਲਦੇ ਪੰਜਾਬੀ ਸਿਨਮਾ ਨੇ ਵੀ ਇਹ ਤਕਨੀਕ ਅਪਣਾ ਲਈ ਸੋ ਈਸਟਮੈਨ ਕਲਰ ਨਾਲ ਬਣਾਈ ਇਹ ਪਹਿਲੀ ਰੰਗੀਨ ਪੰਜਾਬੀ ਫਿਲਮ ਸੀ।

ਇਸ ਫਿਲਮ ਤੋਂ ਬਾਅਦ ਅੱਸੀ ਦੇ ਦਹਾਕੇ ਵਿੱਚ ਸੱਸੀ ਪੁੰਨੂੰ ਦੇ ਕਿੱਸੇ ‘ਤੇ ਆਧਾਰਿਤ ਇੱਕ ਅਜਿਹੀ ਫਿਲਮ ‘ਸੱਸੀ ਪੁੰਨੂੰ’ ਪੰਜਾਬੀ ਸਿਨਮਾ ਦੀ ਝੋਲੀ ਪਈ ਜਿਸ ਦਾ ਸੰਗੀਤ ਸਦਾਬਹਾਰ ਹੈ। ਰੂਹ ਨੂੰ ਸਕੂਨ ਦੇਣ ਵਾਲੇ ਗੀਤਾਂ ਨਾਲ ਸ਼ਿੰਗਾਰੀ ਦਸਮੇਸ਼ ਆਰਟ ਪ੍ਰੋਡਕਸ਼ਨਜ਼, ਲੁਧਿਆਣਾ ਦੀ ਪੇਸ਼ਕਸ਼, ਨਿਰਮਾਤਾ ਮਹਿੰਦਰ ਕੈਲੇ ਅਤੇ ਦਰਸ਼ਨ ਗਰੇਵਾਲ ਦੀ ਇਸ ਫਿਲਮ ਦਾ ਨਿਰਦੇਸ਼ਨ ਦਿੱਤਾ ਸੀ ਸਤੀਸ਼ ਭਾਖੜੀ ਨੇ। 1983 ਵਿੱਚ ਫਿਲਮੀ ਪਰਦੇ ‘ਤੇ ਰਿਲੀਜ਼ ਹੋਈ ਇਸ ਫਿਲਮ ਵਿੱਚ ਮੁੱਖ ਕਿਰਦਾਰ ਅਦਾ ਕੀਤੇ ਸਨ ਅਦਾਕਾਰ ਸ਼ਤੀਸ਼ ਕੌਲ, ਭਾਵਨਾ ਭੱਟ, ਨਜ਼ੀਰ ਹੁਸੈਨ, ਮਨਮੋਹਣ ਕ੍ਰਿਸ਼ਨ, ਵਿਜੈ ਟੰਡਨ ਅਤੇ ਮਿਹਰ ਮਿੱਤਲ ਨੇ। ਸੰਗੀਤਕਾਰ ਰਵੀ ਦੇ ਮਧੁਰ ਸੰਗੀਤ ਨੇ ਇਸ ਫਿਲਮ ਨੂੰ ਅੱਜ ਵੀ ਸੁਰਜੀਤ ਰੱਖਿਆ ਹੈ। ਮੁਹੰਮਦ ਰਫ਼ੀ ਦੀ ਦਰਦਭਰੀ ਆਵਾਜ਼ ਵਿੱਚ ਗਾਏ ਗੀਤ ‘ਤੇ ਪੁੰਨੂੰ ਬਣਿਆ ਅਦਾਕਾਰ ਸਤੀਸ਼ ਕੌਲ ਜਦੋਂ “ਲੱਗੀ ਵਾਲੇ ਤੇ ਕਦੇ ਨਈਓ ਸੌਂਦੇ ਨੀਂ ਤੇਰੀ ਕਿਵੇਂ ਅੱਖ ਲੱਗ ਗਈ” ਤੇ ਅਭਿਨੈ ਕਰਦਾ ਤਾਂ ਉਹ ਸਚਮੁੱਚ ਹੀ ਸੱਸੀ ਲਈ ਪੁੰਨੂੰ ਦੇ ਦਿਲ ਦਾ ਦਰਦ ਅਤੇ ਉਸ ਦੀ ਸੱਚੀ ਸੁੱਚੀ ਚਾਹਤ ਨੂੰ ਪ੍ਰਗਟਾ ਰਿਹਾ ਪ੍ਰਤੀਤ ਹੁੰਦਾ। ਇਸ ਗੀਤ ਨੂੰ ਸੁਣ ਕੇ ਅਤੇ ਦੇਖ ਕੇ ਅੱਜ ਵੀ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਇਸ ਫਿਲਮ ਵਿੱਚ ਕੁੱਲ 9 ਗੀਤ ਸ਼ਾਮਲ ਕੀਤੇ ਗਏ ਜਿਨ੍ਹਾਂ ਵਿੱਚ ਮੁਹੰਮਦ ਰਫ਼ੀ ਅਤੇ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਗਾਇਆ ਗੀਤ ‘ਦੱਸ ਮੇਰਿਆ ਦਿਲਬਰਾ ਵੇ’ ਤਾਂ ਐਸਾ ਖੂਬਸੂਰਤ ਗੀਤ ਹੈ ਕਿ ਉਸ ਨੂੰ ਤਰਸੇਮ ਜੱਸੜ ਤੇ ਸਿੰਮੀ ਚਾਹਲ ਅਭਿਨੀਤ ਫਿਲਮ ‘ਰੱਬ ਦਾ ਰੇਡੀਓ’ ਵਿੱਚ ਦੁਬਾਰਾ ਸ਼ਾਮਲ ਕੀਤਾ ਗਿਆ। ਇਸ ਫਿਲਮ ਵਿੱਚ ਭਾਵਨਾ ਭੱਟ ਸੱਸੀ ਦੇ ਕਿਰਦਾਰ ਵਿੱਚ ਅਤੇ ਸਤੀਸ਼ ਕੌਲ ਪੁੰਨੂੰ ਦੇ ਕਿਰਦਾਰ ਵਿੱਚ ਖੂਬ ਜਚੇ। ਸੱਸੀ ਪੁੰਨੂੰ ਦੇ ਕਿੱਸੇ ‘ਤੇ ਬਣੀ ਇਹ ਇੱਕ ਬਿਹਤਰੀਨ ਪੰਜਾਬੀ ਫਿਲਮ ਹੈ।

ਕਿੱਸੇ, ਕਹਾਣੀਆਂ, ਸੰਗੀਤ ਅਤੇ ਸਿਨਮਾ ਰਾਹੀਂ ਲੋਕਾਂ ਦੇ ਦਿਲਾਂ ‘ਤੇ ਉਕਰੀ ਸੱਸੀ ਪੁੰਨੂੰ ਦੀ ਦਾਸਤਾਨ ਨੂੰ ਪੰਜਾਬੀ ਥੀਏਟਰ ਨੇ ਵੀ ਅਪਣਾਇਆ। ਬੇਸ਼ੱਕ ਪੰਜਾਬੀ ਥੀਏਟਰ ਵਿੱਚ ਸੱਸੀ ਪੁੰਨੂੰ ਦੀ ਲੋਕ ਦਾਸਤਾਨ ‘ਤੇ ਆਧਾਰਿਤ ਇੱਕਾ ਦੁੱਕਾ ਨਾਟਕ ਹੀ ਖੇਡੇ ਗਏ, ਪਰ ਇਸ ਦਾਸਤਾਨ ‘ਤੇ ਨਾਟਕ ਲਿਖ ਕੇ ਉਸ ਨੂੰ ਰੰਗਮੰਚ ‘ਤੇ ਪੇਸ਼ ਕਰਨ ਦਾ ਸ਼ਰਫ਼ ਪ੍ਰਸਿੱਧ ਨਾਟਕਕਾਰ, ਸਾਹਿਤਕਾਰ, ਨਿਰਦੇਸ਼ਕ ਅਤੇ ਅਦਾਕਾਰ ਸ. ਬਲਕਾਰ ਸਿੰਘ ਸਿੱਧੂ ਨੂੰ ਹੀ ਹਾਸਲ ਹੋਇਆ। ਉਨ੍ਹਾਂ ਵੱਲੋਂ ਸੱਸੀ ਪੁੰਨੂੰ ਦੀ ਲੋਕ ਦਾਸਤਾਨ ਨੂੰ ਕਾਵਿ-ਬਿਰਤਾਂਤ, ਸੰਵਾਦ, ਨਾਚ ਅਤੇ ਗੀਤ ਸੰਗੀਤ ਜ਼ਰੀਏ ਉਪੇਰਾ ਰੂਪ ਵਿੱਚ ਰੰਗਮੰਚ ‘ਤੇ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਅੱਸੀਵਿਆਂ ਦੇ ਦੌਰ ਵਿੱਚ ਉਹ ਪ੍ਰਸਿੱਧ ਗੀਤਕਾਰ ਸ. ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਨ੍ਰਿਤ ਨਾਟ (ਬੈਲੇ) ‘ਸੱਸੀ ਪੁੰਨੂੰ’ ਵੀ ਥੀਏਟਰ ਵਿੱਚ ਖੇਡ ਚੁੱਕੇ ਹਨ। ਹਾਸ਼ਮ ਦੇ ਕਿੱਸੇ ‘ਸੱਸੀ’ ਦੇ ਆਖਰੀ ਬੰਦ ਦੀਆਂ ਆਖਰੀ ਤੁਕਾਂ ਨਾਲ ਇਸ ਲੇਖ ਨੂੰ ਸਮੇਟਦੇ ਹਾਂ:

ਖ਼ਾਤਰ ਇਸ਼ਕ ਗਈ ਰਲਿ ਮਾਟੀ,

ਸੂਰਤ ਹੁਸਨ ਜਵਾਨੀ।

ਹਾਸ਼ਮ ਇਸ਼ਕ ਬਲੋਚ ਸੱਸੀ ਦਾ,

ਜੁਗ ਜੁਗ ਰਹਗੁ ਕਹਾਣੀ।
ਸੰਪਰਕ: 94646-28857



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -