ਨਵੀਂ ਦਿੱਲੀ: ਨਿਰਦੇਸ਼ਕ ਤੇ ਫ਼ਿਲਮ ਨਿਰਮਾਤਾ ਮਧੁਰ ਭੰਡਾਰਕਰ ਨੇ ਦੱਸਿਆ ਕਿ ਉਸ ਨੇ ਹਾਲ ਹੀ ਵਿੱਚ ਕਾਮੇਡੀ ਫ਼ਿਲਮ ਬਣਾਉਣ ਦਾ ਫ਼ੈਸਲਾ ਕਿਉਂ ਕੀਤਾ ਹੈ। ਫ਼ਿਲਮ ‘ਬਬਲੀ ਬਾਊਂਸਰ’ ਬਾਰੇ ਗੱਲ ਕਰਦਿਆਂ ਮਧੁਰ ਨੇ ਕਿਹਾ, ‘ਮੈਂ ਨਿੱਜੀ ਜ਼ਿੰਦਗੀ ਵਿੱਚ ਬਹੁਤ ਹਸਮੁੱਖ ਕਿਸਮ ਦਾ ਬੰਦਾ ਹਾਂ, ਪਰ ਫ਼ਿਲਮ ‘ਚਾਂਦਨੀ ਬਾਰ’ ਮਗਰੋਂ ਲੋਕਾਂ ਨੂੰ ਇੰਜ ਲੱਗਣ ਲੱਗ ਪਿਆ ਸੀ ਕਿ ਮੈਨੂੰ ਸਿਰਫ਼ ਇਸੇ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣਾ ਹੀ ਪਸੰਦ ਹੈ। ਜਦੋਂ ਮੈਨੂੰ ‘ਬਬਲੀ ਬਾਊਂਸਰ’ ਦੀ ਕਹਾਣੀ ਮਿਲੀ ਤਾਂ ਮੈਂ ਇੱਕ ਅਜਿਹੀ ਕਾਮੇਡੀ ਫ਼ਿਲਮ ਬਣਾਉਣਾ ਚਾਹੁੰਦਾ ਸੀ, ਜਿਸ ਵਿੱਚ ਜ਼ਿੰਦਗੀ ਦੀ ਕਿਰਨ ਮੌਜੂਦ ਹੋਵੇ। ਮੈਂ ਦਰਸ਼ਕਾਂ ਨੂੰ ਬਾਊਂਸਰਾਂ ਦੀ ਜ਼ਿੰਦਗੀ ਦਿਖਾਉਣੀ ਚਾਹੁੰਦਾ ਸੀ।’ ਮਧੁਰ ਦਾ ਕਹਿਣਾ ਹੈ, ‘ਮੈਨੂੰ ਲੱਗਦਾ ਹੈ ਕਿ ਕਰੋਨਾ ਮਹਾਮਾਰੀ ਮਗਰੋਂ ਸਾਨੂੰ ਸਾਰਿਆਂ ਨੂੰ ਅਜਿਹੀ ਕਾਮੇਡੀ ਫ਼ਿਲਮ ਦੀ ਲੋੜ ਹੈ ਜਿਸ ਨੂੰ ਲੋਕ ਪਰਿਵਾਰ ਵਿੱਚ ਬੈਠ ਕੇ ਦੇਖ ਸਕਣ।’ ਇਹ ਫ਼ਿਲਮ ਸਟਾਰ ਸਟੂਡੀਓਜ਼ ਤੇ ਜੰਗਲੀ ਪਿਕਚਰਜ਼ ਵੱਲੋਂ ਤਿਆਰ ਕੀਤੀ ਗਈ ਹੈ, ਜਿਸ ਦਾ ਨਿਰਦੇਸ਼ਨ ਮਧੁਰ ਭੰਡਾਰਕਰ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਤਮੰਨਾ ਭਾਟੀਆ ਨੇ ਮੁੱਖ ਭੂਮਿਕਾ ਨਿਭਾਈ ਹੈ ਤੇ ਉਸ ਨਾਲ ਸੌਰਭ ਸ਼ੁਕਲਾ, ਅਭਿਸ਼ੇਕ ਬਜਾਜ ਤੇ ਸਾਹਿਲ ਵੈਦ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 23 ਸਤੰਬਰ ਨੂੰ ਡਿਜ਼ਨੀ+ਹੌਟਸਟਾਰ ‘ਤੇ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। -ਏਐੱਨਆਈ