12.4 C
Alba Iulia
Friday, May 10, 2024

ਸਾਡਾ ਸਭ ਤੋਂ ਵੱਡਾ ਦੁਸ਼ਮਣ ਗੁੱਸਾ

Must Read


ਹਰਪ੍ਰੀਤ ਸਿੰਘ ਸਵੈਚ

ਪੂੰਜੀਵਾਦੀ ਯੁੱਗ ਦੀ ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਖਿਝਣਾ, ਅੜਨਾ, ਸੜਨਾ ਤੇ ਨਿੱਕੀ-ਨਿੱਕੀ ਗੱਲ ‘ਤੇ ਘੂਰੀਆਂ ਵੱਟਣਾ ਆਮ ਜਿਹਾ ਵਰਤਾਰਾ ਬਣ ਚੁੱਕਾ ਹੈ। ਇਸ ਮੁਕਾਬਲੇ ਦੇ ਯੁੱਗ ਨੇ ਇਨਸਾਨ ਨੂੰ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਥਕਾ ਕੇ ਰੱਖ ਦਿੱਤਾ ਹੈ। ਆਪਣੀਆਂ ਬੇਲੋੜੀਆਂ ਖਾਹਸ਼ਾਂ ਦੀ ਪੂਰਤੀ ਲਈ ਇਨਸਾਨ ਅੱਠੇ ਪਹਿਰ ਦੌੜਿਆ ਫਿਰਦਾ ਹੈ, ਜਿਸ ਕਾਰਨ ਉਹ ਆਪਣੇ ਸਭ ਤੋਂ ਵੱਡੇ ਦੁਸ਼ਮਣ ਗੁੱਸੇ ਦਾ ਆਸਾਨੀ ਨਾਲ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰ ਗੁੱਸੇ ਵਿੱਚ ਬੋਲੇ ਗਏ ਬੋਲਾਂ ਦਾ ਖਮਿਆਜ਼ਾ ਸਾਨੂੰ ਜ਼ਿੰਦਗੀ ਭਰ ਭੁਗਤਣਾ ਪੈਂਦਾ ਹੈ। ਇਸੇ ਕਰਕੇ ਕਿਹਾ ਗਿਆ ਹੈ ‘ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ’।

ਨਰਿੰਦਰ ਸਿੰਘ ਕਪੂਰ ਦਾ ਕਥਨ ਹੈ ਕਿ ਜੇਕਰ ਜ਼ਿੰਦਗੀ ਸੌਖਿਆਂ ਜਿਉਣੀ ਹੈ ਤਾਂ ਥੋੜ੍ਹੀ-ਬਹੁਤੀ ਬੇਇੱਜ਼ਤੀ ਬਰਦਾਸ਼ਤ ਕਰਨੀ ਸਿੱਖ ਲਓ। ਇਹ ਕਥਨ ਅਜੋਕੇ ਸਮਾਜ ਲਈ ਕਿਸੇ ਗੁਰਮੰਤਰ ਤੋਂ ਘੱਟ ਨਹੀਂ ਹੈ, ਪਰ ਬੇਇੱਜ਼ਤੀ ਸਹਿਣਾ ਕਿਹੜਾ ਖਾਲਾ ਜੀ ਦਾ ਵਾੜਾ ਹੈ। ਸਾਡੇ ਅੰਦਰ ਵੜਿਆ ਸੂਖਮ ਅਹਿਮ ਸਾਨੂੰ ਸਾਡੇ ਖਿਲਾਫ਼ ਇੱਕ ਸ਼ਬਦ ਵੀ ਸੁਣਨ ਨਹੀਂ ਦਿੰਦਾ। ਲੋਕ ਹਰ ਗੱਲ ਨੂੰ ਆਪਣੀ ਫੋਕੀ ਆਨ ਦਾ ਮਸਲਾ ਬਣਾ ਲੈਂਦੇ ਹਨ ਅਤੇ ਆਪਣੀ ਆਨ ਦੀ ਆੜ ਵਿੱਚ ਦੂਸਰੇ ਦੀ ਆਨ ਨੂੰ ਠੇਸ ਪਹੁੰਚਾ ਬੈਠਦੇ ਹਨ ਤੇ ਮਾਮਲਾ ਵਧ ਜਾਂਦਾ ਹੈ। ਅਕਸਰ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਹੈ ਕਿ ਕਾਸ਼! ਉਸ ਵੇਲੇ ਮੈਂ ਗੁੱਸਾ ਨਾ ਕਰਦਾ ਤਾਂ ਸ਼ਾਇਦ ਗੱਲ ਐਨੀ ਨਾ ਵਿਗੜਦੀ। ਸੋ, ਸਾਨੂੰ ਆਪਣੇ ਅਹਿਮ ਨੂੰ ਪੱਠੇ ਪਾਉਣ ਦੀ ਬਜਾਏ ਗੁੱਸੇ ਨੂੰ ਛੱਡ ਕੇ ਨਿਮਰਤਾ ਦਾ ਸੁਭਾਅ ਅਪਣਾਉਣਾ ਚਾਹੀਦਾ ਹੈ। ਮੁਆਫ਼ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਛੋਟੀਆਂ ਛੋਟੀਆਂ ਗੱਲਾਂ ਨੂੰ ਭੁੱਲਣ ਵਾਲੇ ਰਾਹ ਪੈਣਾ ਚਾਹੀਦਾ ਹੈ। ਰਾਈ ਦਾ ਪਹਾੜ ਬਣਾਉਣ ਤੋਂ ਸਦਾ ਗੁਰੇਜ਼ ਕਰਨਾ ਚਾਹੀਦਾ ਹੈ। ਨਿਮਰਤਾ, ਹਲੀਮੀ, ਮਿੱਠਾ ਬੋਲਣਾ ਤੇ ਸਹਿਣਸ਼ੀਲਤਾ ਵਰਗੇ ਗੁਣਾਂ ਦਾ ਧਾਰਨੀ ਮਨੁੱਖ ਕਿਸੇ ਉੱਚੀ ਅਵਸਥਾ ਵਾਲੇ ਫਕੀਰ ਤੋਂ ਘੱਟ ਨਹੀਂ ਹੁੰਦਾ।

ਹਰ ਬੰਦਾ ਦੂਸਰੇ ਨੂੰ ਹੰਕਾਰੀ ਦੱਸਦਾ ਹੈ, ਪਰ ਆਪਣੇ ਸੂਖਮ ਅਹੰਕਾਰ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਦੂਜਿਆਂ ਨੂੰ ਕੋਸਣਾ ਤਾਂ ਬਹੁਤ ਆਸਾਨ ਹੈ, ਪਰ ਆਪਣੇ ਅੰਦਰ ਝਾਤੀ ਮਾਰਨਾ ਬੇਹੱਦ ਮੁਸ਼ਕਿਲ। ਕਿਸੇ ਦੀ ਗਲਤੀ ‘ਤੇ ਗੁੱਸਾ ਹੋਣ ਤੋਂ ਪਹਿਲਾਂ ਇੱਕ ਵਾਰ ਉਸ ਦੇ ਹਾਲਾਤ ਨੂੰ ਸਮਝ ਲੈਣਾ ਚਾਹੀਦਾ ਹੈ ਜਾਂ ਫਿਰ ਆਪਣੇ ਆਪ ਨੂੰ ਉਸ ਦੀ ਜਗ੍ਹਾ ਰੱਖ ਕੇ ਸੋਚ ਲੈਣਾ ਚਾਹੀਦਾ ਹੈ। ਕ੍ਰਿਸ਼ਨ ਭਗਵਾਨ ਨੇ ਅਰਜੁਨ ਨੁੂੰ ਗੀਤਾ ਦਾ ਉਪਦੇਸ਼ ਦਿੰਦਿਆਂ ਸਮਝਾਇਆ ਸੀ ਕਿ ਬਹੁਤ ਜ਼ਿਆਦਾ ਗੁੱਸੇ ਅਤੇ ਬਹੁਤ ਜ਼ਿਆਦਾ ਖੁਸ਼ੀ ਦੀ ਅਵਸਥਾ ਵਾਲਾ ਮਨੁੱਖ ਕੁਝ ਵੀ ਸੋਚਣ-ਸਮਝਣ ਦੇ ਸਮਰੱਥ ਨਹੀਂ ਹੁੰਦਾ। ਇਸ ਲਈ ਕਿਸੇ ਮਨੁੱਖ ਨੂੰ ਕੋਈ ਗੱਲ ਸਮਝਾਉਣ ਲਈ ਪਹਿਲਾਂ ਦਰਮਿਆਨੀ ਅਵਸਥਾ ਵਿੱਚ ਲਿਆਉਣਾ ਪੈਂਦਾ ਹੈ। ਜੇਕਰ ਕੋਈ ਵਿਅਕਤੀ ਗੁੱਸੇ ਦੇ ਵੇਗ ਵਿੱਚ ਵਹਿ ਕੇ ਤੁਹਾਨੂੰ ਮਾੜਾ-ਚੰਗਾ ਬੋਲ ਰਿਹਾ ਹੈ ਤਾਂ ਇਹ ਸਮਝ ਲਓ ਕਿ ਹਾਲੇ ਉਹ ਸੋਚਣ-ਸਮਝਣ ਦੀ ਅਵਸਥਾ ਵਿੱਚ ਨਹੀਂ ਹੈ। ਬਹੁਤ ਜ਼ਿਆਦਾ ਕਲੇਸ਼ ਦੇ ਸਮੇਂ ਚੁੱਪ ਰਹਿਣਾ ਹੀ ਸਮਝਦਾਰੀ ਕਹਾਉਂਦੀ ਹੈ। ਅਗਲੇ ਵਿਅਕਤੀ ਦਾ ਗੁੱਸਾ ਠੰਢਾ ਹੋਣ ‘ਤੇ ਬੈਠ ਕੇ ਆਰਾਮ ਨਾਲ ਗੱਲਬਾਤ ਕਰਕੇ ਕੋਈ ਵੀ ਮਸਲਾ ਹੱਲ ਕੀਤਾ ਜਾ ਸਕਦਾ ਹੈ, ਬਸ਼ਰਤੇ ਕਿ ਦੋਵੇਂ ਧਿਰਾਂ ਮਸਲਾ ਹੱਲ ਕਰਨਾ ਚਾਹੁੰਦੀਆਂ ਹੋਣ।

ਗੁੱਸੇ ਦਾ ਸਭ ਤੋਂ ਵੱਡਾ ਕਾਰਨ ਸਾਡੇ ਅਹਿਮ ਨੂੰ ਸੱਟ ਵੱਜਣਾ ਹੁੰਦਾ ਹੈ। ਇਸ ਆਲਮੀ ਸੱਚਾਈ ਤੋਂ ਹਰ ਕੋਈ ਵਾਕਿਫ਼ ਹੈ ਕਿ ਦੁਨੀਆ ਦੀ ਕੋਈ ਵੀ ਸ਼ੈਅ ਸਥਾਈ ਨਹੀਂ ਹੈ ਚਾਹੇ ਕੋਈ ਅਹੁਦਾ ਹੋਵੇ, ਧੰਨ-ਦੌਲਤ ਹੋਵੇ, ਕੋਈ ਵਸਤੂ ਹੋਵੇ, ਕੋਈ ਰਿਸ਼ਤਾ ਹੋਵੇ, ਚਾਹੇ ਕੋਈ ਅਹਿਸਾਸ ਹੋਵੇ, ਕੁਝ ਵੀ ਸਦੀਵੀ ਨਹੀਂ ਹੈ। ਇਸ ਦੇ ਬਾਵਜੂਦ ਕਿਸੇ ਚੀਜ਼ ਦਾ ਗੁਮਾਨ ਕਰਨਾ ਨਿਰੀ ਮੂਰਖਤਾ ਦੀ ਨਿਸ਼ਾਨੀ ਹੈ।

ਮੇਰੇ ਇੱਕ ਮਿੱਤਰ ਨੇ ਮੈਨੂੰ ਇੱਕ ਵਾਰ ਇੱਕ ਕਿੱਸਾ ਸੁਣਾਇਆ ਕਿ ਕੋਈ ਨੌਜੁਆਨ ਨਵਾਂ-ਨਵਾਂ ਕਿਸੇ ਸਰਕਾਰੀ ਮਹਿਕਮੇ ਵਿੱਚ ਵੱਡਾ ਅਫ਼ਸਰ ਲੱਗਿਆ ਤੇ ਨੌਕਰੀ ਲੱਗਦਿਆਂ ਹੀ ਅਫ਼ਸਰੀ ਦਿਮਾਗ਼ ਨੂੰ ਚੜ੍ਹਨ ਲੱਗ ਗਈ। ਛੋਟੇ ਮੁਲਾਜ਼ਮਾਂ ਸਾਹਮਣੇ ਉਹ ਧੌਣ ਵਿੱਚ ਕਿੱਲਾ ਗੱਡ ਕੇ ਫਿਰਿਆ ਕਰੇ। ਇੱਕ ਵਾਰ ਕਿਸੇ ਨਵੇਂ ਸੁਰੱਖਿਆ ਕਰਮੀ ਨੇ ਉਸ ਨੂੰ ਨਾ ਪਛਾਣਨ ਕਾਰਨ ਮਹਿਕਮੇ ਅੰਦਰ ਦਾਖਲ ਹੋਣ ਸਮੇਂ ਸ਼ਨਾਖਤੀ ਕਾਰਡ ਮੰਗ ਲਿਆ, ਇੰਨਾ ਸੁਣਦਿਆਂ ਹੀ ਉਸ ਦੇ ਦਿਮਾਗ਼ ਵਿੱਚ ਬੈਠੀ ਅਫ਼ਸਰੀ ਸੱਤਵੇਂ ਅਸਮਾਨ ‘ਤੇ ਪਹੁੰਚ ਗਈ। ਬਸ ਫਿਰ ਕੀ ਸੀ ਲੱਗਿਆ ਅਵਾ ਤਵਾ ਬੋਲਣ, ਭਾਸ਼ਾ ਦੀ ਮਰਿਆਦਾ ਹੀ ਭੁੱਲ ਬੈਠਾ। ਛੋਟੀ ਜਿਹੀ ਗੱਲ ਬਹੁਤ ਵਧ ਗਈ। ਗੁਮਾਨ ਨਾਲ ਭਰੇ ਉਸ ਦੇ ਬੋਲੇ ਕੌੜੇ ਬੋਲ ਉਸ ਨੂੰ ਥਾਣੇ ਕਚਹਿਰੀ ਦੀਆਂ ਪਾਉੜੀਆਂ ਤੱਕ ਘਸੀਟ ਲਿਆਏ। ਪੈਸੇ ਤੇ ਸਮੇਂ ਦੀ ਬਰਬਾਦੀ ਤਾਂ ਹੋਣੀ ਹੀ ਸੀ, ਇੱਜ਼ਤ ਤੇ ਸਕੂਨ ਵੀ ਗਿਆ।

ਅਜਿਹੀਆਂ ਸਥਿਤੀਆਂ ਸਾਡੇ ਆਲੇ-ਦੁਆਲੇ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਸੜਕਾਂ ‘ਤੇ ਸਫ਼ਰ ਕਰਦੇ ਸਮੇਂ ਜੇਕਰ ਕੋਈ ਤੁਹਾਡੇ ਤੋਂ ਅੱਗੇ ਲੰਘ ਗਿਆ ਤਾਂ ਇਹ ਸਮਝ ਲਿਆ ਜਾਂਦਾ ਹੈ ਕਿ ਅਸੀਂ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਗਏ ਹਾਂ। ਵਿਚਾਰ ਚਰਚਾ ਕਦੋਂ ਤਕਰਾਰਬਾਜ਼ੀ ਵਿੱਚ ਬਦਲ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਦਫ਼ਤਰ ਵਿੱਚ ਕਿਸੇ ਅਫ਼ਸਰ ਜਾਂ ਸਾਥੀ ਕਰਮਚਾਰੀ ਵੱਲੋਂ ਕੋਈ ਅਜਿਹੀ ਗੱਲ ਆਖ ਦਿੱਤੀ ਗਈ ਕਿ ਤੁਹਾਡੇ ਸੱਤੀਂ ਕੱਪੜੀਂ ਅੱਗ ਲੱਗ ਗਈ। ਕਿਸੇ ਗੁਆਂਢੀ ਨੇ ਕੋਈ ਅਜਿਹਾ ਬੋਲ ਮਾਰਿਆ ਕਿ ਸੁਣ ਨਾ ਹੋਇਆ। ਕਿਸੇ ਵਿਆਹ ਜਾਂ ਪ੍ਰੋਗਰਾਮ ‘ਤੇ ਰਿਸ਼ਤੇਦਾਰ ਦਾ ਮਾਰਿਆ ਮਿਹਣਾ ਅੰਦਰ ਤੱਕ ਸਾੜ ਗਿਆ। ਅਜਿਹੇ ਹਾਲਾਤ ਵਿੱਚ ਲੋਕ ਅਕਸਰ ਆਪਾ ਖੋ ਬੈਠਦੇ ਹਨ, ਜੋ ਅੱਗੇ ਜਾ ਕੇ ਕਿਸੇ ਵੱਡੇ ਸੰਕਟ ਦਾ ਰੂਪ ਧਾਰ ਲੈਂਦਾ ਹੈ। ਸੋ, ਅਜਿਹੇ ਹਾਲਾਤ ਵਿੱਚ ਗੁੱਸੇ ਦੀ ਬਜਾਏ ਥੋੜ੍ਹਾ ਜਿਹਾ ਹਲੀਮੀ ਤੇ ਨਿਮਰਤਾ ਨਾਲ ਕੰਮ ਲੈਣ ਦੀ ਲੋੜ ਹੁੰਦੀ ਹੈ।

ਛੋਟੀ ਜਿਹੀ ਜ਼ਿੰਦਗੀ ਹੈ, ਅਗਲੇ ਪਲ ਦਾ ਭਰੋਸਾ ਨਹੀਂ। ਸਾਨੂੰ ਇਹ ਹਯਾਤੀ ਹੱਸ-ਖੇਡ ਕੇ ਸ਼ੁਗਲ ਮੇਲਾ ਕਰਦਿਆਂ ਗੁਜ਼ਾਰਨੀ ਚਾਹੀਦੀ ਹੈ। ਸਭ ਨੂੰ ਪਿਆਰ ਕਰੋ, ਤੁਹਾਨੂੰ ਵੀ ਪਿਆਰ ਮਿਲੇਗਾ। ਜਿੱਥੋਂ ਨਕਾਰਾਤਮਕ ਊਰਜਾ ਆਉਂਦੀ ਹੋਵੇ, ਉੱਥੇ ਜਾਣ ਤੋਂ ਗੁਰੇਜ਼ ਕਰੋ। ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਹਰ ਹਾਲਤ ਵਿੱਚ ਠੰਢਾ ਰੱਖੋ। ਆਪਣੇ ਹੱਸਮੁਖ ਮਿੱਤਰਾਂ ਪਿਆਰਿਆਂ ਨਾਲ ਸਮਾਂ ਬਿਤਾਓ। ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕਈ ਅਜਿਹੇ ਚਿਹਰੇ ਹੁੰਦੇ ਹਨ, ਜਿਨ੍ਹਾਂ ਨੂੰ ਵੇਖਦਿਆਂ ਹੀ ਸਾਡੇ ਚਿਹਰੇ ‘ਤੇ ਮੁਸਕਾਨ ਆ ਜਾਂਦੀ ਹੈ। ਸੋ, ਅਜਿਹੇ ਚਿਹਰਿਆਂ ਦੀ ਸੰਗਤ ਦਾ ਲੁਤਫ ਉਠਾਓ, ਖ਼ੁਦ ਵੀ ਖੁਸ਼ ਰਹੋ ਤੇ ਹੋਰਾਂ ਨੂੰ ਵੀ ਖੁਸ਼ ਰੱਖੋ।

ਬੇਲੋੜੇ ਟਕਰਾਅ ਤੋਂ ਜਿੰਨਾ ਹੋ ਸਕੇ ਬਚਣ ਵਿੱਚ ਹੀ ਸਿਆਣਪ ਹੈ। ਜਦੋਂ ਤੱਕ ਜੰਗ ਲਾਜ਼ਮੀ ਨਾ ਹੋਵੇ ਮਨੁੱਖ ਨੂੰ ਨਿਮਰਤਾ ਦਾ ਵਿਵਹਾਰ ਨਹੀਂ ਛੱਡਣਾ ਚਾਹੀਦਾ। ਸਾਨੂੰ ਸਮਝਣਾ ਪਵੇਗਾ ਕਿ ਇਸ ਦੁਨੀਆ ਵਿੱਚ ਪਿਆਰ, ਮੁਹੱਬਤ ਤੋਂ ਸਿਵਾਏ ਕੁਝ ਵੀ ਨਹੀਂ ਰੱਖਿਆ। ਹੱਸਦੇ ਚਿਹਰਿਆਂ ਨੂੰ ਵੇਖ ਕੇ ਖੁਸ਼ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਦੇ ਚਿਹਰੇ ਦੀ ਮੁਸਕਾਨ ਨਹੀਂ ਬਣ ਸਕਦੇ ਤਾਂ ਘੱਟੋ-ਘੱਟ ਕਿਸੇ ਦੀ ਮੁਸਕਾਨ ਖੋਹਣ ਦਾ ਕਾਰਨ ਵੀ ਨਾ ਬਣੋ। ਬਾਬਾ ਫਰੀਦ ਜੀ ਫਰਮਾਉਂਦੇ ਹਨ:

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ।।

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ।।
ਸੰਪਰਕ: 98782-24000



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -