ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਆਉਣ ਵਾਲੀ ਫਿਲਮ ‘ਛਕੜਾ ਐਕਸਪ੍ਰੈੱਸ’ ਦੇ ਅੱਜ ਵੇਰਵੇ ਸਾਂਝੇ ਕੀਤੇ। ਅਨੁਸ਼ਕਾ ਨੇ ਇੰਸਟਾਗ੍ਰਾਮ ‘ਤੇ ਇਸ ਫਿਲਮ ਦੀ ਕਹਾਣੀ ਸਬੰਧੀ ਤਸਵੀਰ ਸਾਂਝੀ ਕਰਦਿਆਂ ਫ਼ਿਲਮ ਦੀ ਵਿਦੇਸ਼ ਵਿਚ ਸ਼ੂਟਿੰਗ ਮੁਕੰਮਲ ਹੋਣ ਦਾ ਖੁਲਾਸਾ ਕੀਤਾ। ‘ਰਬ ਨੇ ਬਨਾ ਦੀ ਜੋੜੀ’ ਦੀ ਅਦਾਕਾਰਾ ਇੰਗਲੈਂਡ ‘ਚ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ ਤੇ ਹੁਣ ਫਿਲਮ ਦੇ ਨਿਰਮਾਤਾਵਾਂ ਨੇ ਇਥੇ ਸ਼ੂਟਿੰਗ ਮੁਕੰਮਲ ਕਰ ਲਈ ਹੈ। ‘ਛਕੜਾ ਐਕਸਪ੍ਰੈੱਸ’ ਦਾ ਨਿਰਦੇਸ਼ਨ ਪ੍ਰੋਸਿਤ ਰਾਏ ਨੇ ਕੀਤਾ ਹੈ ਤੇ ਇਹ ਫਿਲਮ ਸਾਬਕਾ ਭਾਰਤੀ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ ‘ਤੇ ਆਧਾਰਿਤ ਹੈ, ਜੋ ਨੈੱਟਫਲਿਕਸ ‘ਤੇ ਦਿਖਾਈ ਜਾਵੇਗੀ। ਇਸ ਫਿਲਮ ਦੇ ਰਿਲੀਜ਼ ਹੋਣ ਦੀ ਤਰੀਕ ਹਾਲੇ ਐਲਾਨੀ ਨਹੀਂ ਗਈ। ਅਨੁਸ਼ਕਾ ਇਸ ਫਿਲਮ ਰਾਹੀਂ ਪਹਿਲੀ ਵਾਰ ਆਪਣੇ ਕਰੀਅਰ ਵਿੱਚ ਇੱਕ ਕ੍ਰਿਕਟਰ ਦੇ ਰੂਪ ਵਿੱਚ ਨਜ਼ਰ ਆਵੇਗੀ ਅਤੇ ਉਸ ਨੇ 2022 ਦੀ ਸ਼ੁਰੂਆਤ ਵਿਚ ਇਸ ਸਬੰਧੀ ਇਕ ਵੀਡੀਓ ਵੀ ਜਾਰੀ ਕੀਤੀ ਸੀ। ਦੱਸਣਾ ਬਣਦਾ ਹੈ ਕਿ ਅਨੁਸ਼ਕਾ ਨੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਆਪਣੀ ਪੇਸ਼ੇਵਰ ਜ਼ਿੰਦਗੀ ਤੋਂ ਇੱਕ ਲੰਮਾ ਬਰੇਕ ਲਿਆ ਸੀ। ਅਨੁਸ਼ਕਾ ਦਾ ਭਰਾ ਕਰਨੇਸ਼ ਸ਼ਰਮਾ ਆਪਣੀ ਹੋਮ ਪ੍ਰੋਡਕਸ਼ਨ ਕੰਪਨੀ ਕਲੀਨ ਸਲੇਟ ਫਿਲਮਜ਼ ਨਾਲ ਮਿਲ ਕੇ ‘ਛਕੜਾ ਐਕਸਪ੍ਰੈੱਸ’ ਦਾ ਨਿਰਮਾਣ ਕਰੇਗਾ। -ਏਐੱਨਆਈ