ਅਹਿਮਦਾਬਾਦ: ਆਸਕਰ ਐਵਾਰਡ 2023 ਲਈ ਭਾਰਤ ਦੀ ਅਧਿਕਾਰਤ ਐਂਟਰੀ ਫਿਲਮ ‘ਛੇਲੋ ਸ਼ੋਅ’ ਦੇ ਬਾਲ ਅਭਿਨੇਤਾ ਰਾਹੁਲ ਕੋਲੀ ਦਾ 10 ਸਾਲ ਦੀ ਉਮਰ ‘ਚ ਕੈਂਸਰ ਕਾਰਨ ਦੇਹਾਂਤ ਹੋ ਗਿਆ ਹੈ। ਪਾਨ ਨਲਿਨ ਵੱਲੋਂ ਨਿਰਦੇਸ਼ਿਤ ਇਹ ਫਿਲਮ ਦੇਸ਼ ਭਰ ਵਿੱਚ 14 ਅਕਤੂਬਰ ਨੂੰ ਰਿਲੀਜ਼ ਕੀਤੀ ਜਾਣੀ ਹੈ ਤੇ ਰਾਹੁਲ ਬੜੀ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਸੀ। ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਦੇ ਪਿੰਡ ਹਾਪਾ ਦੇ ਵਸਨੀਕ ਰਾਹੁਲ ਕੋਲੀ ਦੇ ਪਿਤਾ ਰਾਮੂ ਕੋਲੀ, ਜੋ ਰੋਜ਼ੀ-ਰੋਟੀ ਲਈ ਆਟੋ-ਰਿਕਸ਼ਾ ਚਲਾਉਂਦੇ ਹਨ, ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਰਾਹੁਲ ਨੂੰ ਅਹਿਮਦਾਬਾਦ ਦੇ ਕੈਂਸਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਥੇ ਬੀਤੀ 2 ਅਕਤੂਬਰ ਨੂੰ ਰਾਹੁਲ ਨੇ ਸਵੇਰ ਦਾ ਨਾਸ਼ਤਾ ਕੀਤਾ, ਪਰ ਥੋੜ੍ਹੀ ਦੇਰ ਮਗਰੋਂ ਉਸ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ। ਅਗਲੇ ਘੰਟਿਆਂ ਵਿੱਚ ਵਾਰ-ਵਾਰ ਬੁਖਾਰ ਆਉਣ ਤੋਂ ਬਾਅਦ ਰਾਹੁਲ ਨੇ ਤਿੰਨ ਵਾਰ ਖੂਨ ਦੀਆਂ ਉਲਟੀਆਂ ਕੀਤੀਆਂ ਅਤੇ ਉਸ ਦੀ ਮੌਤ ਹੋ ਗਈ। ਰਾਮੂ ਕੋਲੀ ਨੇ ਕਿਹਾ, ‘ਰਾਹੁਲ ਇਸ ਫਿਲਮ ਨੂੰ ਵੱਡੀ ਸਕਰੀਨ ‘ਤੇ ਵੇਖਣ ਲਈ ਬੇਤਾਬ ਸੀ। ਉਹ ਆਖਦਾ ਸੀ ਕਿ ਇਸ ਫਿਲਮ ਦੀ ਰਿਲੀਜ਼ ਮਗਰੋਂ ਉਸ ਦਾ ਭਵਿੱਖ ਬਦਲ ਜਾਵੇਗਾ, ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਹ ਸਭ ਤੋਂ ਵਿਛੜ ਜਾਵੇਗਾ।’ ਜ਼ਿਕਰਯੋਗ ਹੈ ਕਿ ਰਾਹੁਲ ਨੂੰ ਲੁਕੇਮੀਆ (ਬਲੱਡ ਕੈਂਸਰ) ਦੀ ਬਿਮਾਰੀ ਸੀ, ਜਿਸ ਦਾ ਪਿਛਲੇ ਕੁਝ ਮਹੀਨਿਆਂ ਤੋਂ ਇਲਾਜ ਚੱਲ ਰਿਹਾ ਸੀ। -ਪੀਟੀਆਈ