ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਦੀ ਨਵੀਂ ਆ ਰਹੀ ਫ਼ਿਲਮ ‘ਕੋਡ ਨੇਮ ਤਿਰੰਗਾ’ ਦੀ ਪਹਿਲੇ ਦਿਨ ਟਿਕਟ 100 ਰੁਪਏ ਰਹੇਗੀ। ਇਹ ਫ਼ਿਲਮ ਭਲਕੇ 14 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਰਿਭੂ ਦਾਸਗੁਪਤਾ ਨੇ ਕੀਤਾ ਹੈ, ਜਿਸ ਨੂੰ ਫ਼ਿਲਮ ‘ਦਿ ਗਰਲ ਆਨ ਦਿ ਟਰੇਨ’ ਲਈ ਜਾਣਿਆ ਜਾਂਦਾ ਹੈ। ਇਸ ਫ਼ਿਲਮ ਵਿੱਚ ਪਰਿਨੀਤੀ ਖੁਫ਼ੀਆ ਏਜੰਟ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫ਼ਿਲਮ ਵਿੱਚ ਹਾਰਡੀ ਸੰਧੂ ਵੀ ਨਜ਼ਰ ਆਵੇਗਾ। ਫ਼ਿਲਮ ਦੀ ਟਿਕਟ 100 ਰੁਪਏ ਕਰਨ ਦਾ ਐਲਾਨ ਰਿਲਾਇੰਸ ਐਂਟਰਟੇਨਮੈਂਟ ਦੇ ਅਧਿਕਾਰਤ ਟਵਿੱਟਰ ਪੇਜ ‘ਤੇ ਕੀਤਾ ਗਿਆ ਹੈ। ਕੰਪਨੀ ਨੇ ਟਵੀਟ ਰਾਹੀਂ ਆਖਿਆ,”14 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਕੋਡ ਨੇਮ ਤਿਰੰਗਾ’ ਲਈ ਦੇਸ਼ ਵਾਸੀਆਂ ਵਾਸਤੇ ਵਿਸ਼ੇਸ਼ ਤੋਹਫਾ! ਟਿਕਟ ਮੁੱਲ 100 ਰੁਪਏ… ਆਪਣੀ ਟਿਕਟ ਹੁਣੇ ਹੀ ਬੁੱਕ ਕਰੋ..!” ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਕੌਮੀ ਸਿਨੇਮਾ ਦਿਵਸ ਮੌਕੇ ਸਿਨੇਮਾਘਰਾਂ ਵਿੱਚ 75 ਰੁਪਏ ਟਿਕਟ ਕਰ ਦਿੱਤੀ ਗਈ ਸੀ, ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਇਸ ਸਫ਼ਲਤਾ ਤੋਂ ਬਾਅਦ ਬੌਲੀਵੁੱਡ ਦੀਆਂ ਕਈ ਫ਼ਿਲਮਾਂ ਦੀਆਂ ਟਿਕਟਾਂ ਦੇ ਭਾਅ ਘਟਾਏ ਗਏ ਹਨ। ਇਸੇ ਦੌਰਾਨ ਫ਼ਿਲਮ ‘ਵਿਕਰਮ ਵੇਧਾ’ ਦੇ ਨਿਰਮਾਤਾਵਾਂ ਨੇ ਵੀ 12 ਤੋਂ 14 ਅਕਤੂਬਰ ਤੱਕ ਟਿਕਟ ਦਾ ਮੁੱਲ 100 ਰੁਪਏ ਕੀਤਾ ਹੋਇਆ ਹੈ। -ਪੀਟੀਆਈ