ਮੁੰਬਈ: ਕਾਮੇਡੀਅਨ ਤੇ ਟੀਵੀ ਸ਼ਖ਼ਸੀਅਤ ਭਾਰਤੀ ਸਿੰਘ ਨੇ ਆਪਣੀ ਮਾਂ ਕਮਲਾ ਸਿੰਘ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਪਰਿਵਾਰ ਤੇ ਸਮਾਜ ਦੀਆਂ ਪਾਬੰਦੀਆਂ ਦੇ ਬਾਵਜੂਦ ਉਸ ਦੀ ਮਾਂ ਨੇ ਉਸ ਨੂੰ ਇੱਕ ਆਜ਼ਾਦ ਔਰਤ ਵਜੋਂ ਉਭਾਰਿਆ ਹੈ। ਭਾਰਤੀ ਨੇ ਕਿਹਾ, ”ਮੇਰੀ ਮਾਂ ਨੇ ਮੈਨੂੰ ਇਕੱਲਿਆਂ ਪਾਲਿਆ ਹੈ ਤੇ ਉਸ ਨੇ ਮੈਨੂੰ ਮਜ਼ਬੂਤ ਅਤੇ ਆਜ਼ਾਦ ਔਰਤ ਬਣਾਇਆ ਹੈ।” ਭਾਰਤੀ ਨੇ ‘ਝਲਕ ਦਿਖਲਾ ਜਾ 5’, ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’, ‘ਕਾਮੇਡੀ ਸਰਕਸ’ ਵਰਗੇ ਕਈ ਰਿਐਲਿਟੀ ਸ਼ੋਅਜ਼ ਵਿੱਚ ਭਾਗ ਲਿਆ ਅਤੇ ‘ਇੰਡੀਆਜ਼ ਗੌਟ ਟੇਲੈਂਟ 5’, ‘ਇੰਡੀਆਜ਼ ਗੌਟ ਟੇਲੈਂਟ 6’, ‘ਹਮ ਤੁਮ ਔਰ ਕੁਆਰੰਟਾਈਨ’, ‘ਹੁਨਰਬਾਜ਼: ਦੇਸ਼ ਕੀ ਸ਼ਾਨ’ ਵਰਗੇ ਕਈ ਰਿਐਲਿਟੀ ਸੀਰੀਜ਼ ਦੀ ਮੇਜ਼ਬਾਨੀ ਵੀ ਕੀਤੀ ਹੈ। ਭਾਰਤੀ ਨੇ ਆਪਣੇ ਪਹਿਲੇ ਸ਼ੋਅ ਵਿੱਚ ਚੁਣੇ ਜਾਣ ਅਤੇ ਆਪਣੀ ਮਾਂ ਨਾਲ ਮੁੰਬਈ ਆਉਣ ਦੀ ਯਾਦ ਨੂੰ ਤਾਜ਼ਾ ਕੀਤਾ ਹੈ। ਭਾਰਤੀ ਸਿੰਘ ਗਾਇਕੀ ਦੇ ਰਿਐਲਟੀ ਸ਼ੋਅ ‘ਸਾ ਰੇ ਗਾ ਮਾ ਪਾ ਲਿਟਲ ਚੈਂਪਸ’ ਦੀ ਮੇਜ਼ਬਾਨੀ ਕਰ ਰਹੀ ਹੈ। ਇਸ ਸ਼ੋਅ ਵਿੱਚ 12 ਸਾਲਾ ਗ੍ਰੰਥਿਕ ਦੀ ਮਾਂ ਦੇ ਸ਼ੰਘਰਸ਼ ਬਾਰੇ ਤੇ ਪਿਤਾ ਦੇ ਸਮਰਥਨ ਤੋਂ ਬਗੈਰ ਉਸ ਦੇ ਪਾਲਣ ਪੋਸ਼ਣ ਬਾਰੇ ਸੁਣਨ ਤੋਂ ਬਾਅਦ ਭਾਰਤੀ ਸਿੰਘ ਵੀ ਭਾਵੁਕ ਹੋ ਗਈ ਅਤੇ ਆਪਣੀ ਮਾਂ ਦੇ ਸੰਘਰਸ਼ ਬਾਰੇ ਖੁੱਲ੍ਹ ਕੇ ਦੱਸਿਆ। ਭਾਰਤੀ ਨੇ ਕਿਹਾ, ”ਜਦੋਂ ਮੈਂ ਪਹਿਲੇ ਸ਼ੋਅ ਲਈ ਚੁਣੀ ਗਈ ਸੀ ਤੇ ਅਸੀਂ ਮੁੰਬਈ ਆ ਗਏ ਸੀ। ਮੇਰੀ ਮਾਂ ਤੋਂ ਮੇਰੇ ਰਿਸ਼ਤੇਦਾਰਾਂ ਨੇ ਬਹੁਤ ਸਾਰੇ ਸਵਾਲ ਕੀਤੇ ਪਰ ਉਸ ਨੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਹਮੇਸ਼ਾ ਮੇਰੀ ਪਿੱਠ ‘ਤੇ ਰਹੀ।” -ਆਈਏਐੱਨਐੱਸ