ਮੁੰਬਈ, 12 ਨਵੰਬਰ
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਤੋਂ ਸ਼ੁੱਕਰਵਾਰ ਦੇਰ ਰਾਤ ਮੁੰਬਈ ਏਅਰਪੋਰਟ ‘ਤੇ ਕਰੀਬ ਇਕ ਘੰਟੇ ਤੱਕ ਪੁੱਛ ਪੜਤਾਲ ਕੀਤੀ ਗਈ। ਸ਼ਾਹਰੁਖ ਖਾਨ 11 ਨਵੰਬਰ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਮੁੰਬਈ ਪਰਤ ਰਹੇ ਸਨ। ਅਦਾਕਾਰ ਦੁਬਈ ਵਿੱਚ ਸ਼ਾਰਜਾਹ ਬੁੱਕ ਫੇਅਰ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਨਿੱਜੀ ਚਾਰਟਰ ਜਹਾਜ਼ ਵਿੱਚ ਮੁੰਬਈ ਪਹੁੰਚਿਆ। ਕਰੀਬ ਰਾਤ 12.30 ਵਜੇ ਏਅਰਪੋਰਟ ਦੇ ਟੀ3 ਟਰਮੀਨਲ ‘ਤੇ ਚੈਕਿੰਗ ਦੌਰਾਨ ਅਦਾਕਾਰ ਦੇ ਸਾਮਾਨ ‘ਚੋਂ ਕਰੀਬ 18 ਲੱਖ ਰੁਪਏ ਦੀਆਂ ਮਹਿੰਗੀਆਂ ਘੜੀਆਂ ਮਿਲੀਆਂ, ਜਦੋਂ ਕਸਟਮ ਵਿਭਾਗ ਨੇ ਇਨ੍ਹਾਂ ਘੜੀਆਂ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਅਦਾਕਾਰ ਨੇ ਇਨ੍ਹਾਂ ਘੜੀਆਂ ਨੂੰ ਭਾਰਤ ਲਿਆਉਣ ਲਈ ਕੋਈ ਕਸਟਮ ਡਿਊਟੀ ਨਹੀਂ ਅਦਾ ਕੀਤੀ। ਇਸ ਤੋਂ ਬਾਅਦ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਏਅਰਪੋਰਟ ‘ਤੇ ਰੋਕ ਦਿੱਤਾ ਗਿਆ। ਕਸਟਮ ਅਧਿਕਾਰੀਆਂ ਨੇ ਪੁੱਛ ਪੜਤਾਲ ਕੀਤੀ ਅਤੇ ਕਰੀਬ ਇਕ ਘੰਟੇ ਬਾਅਦ ਅਦਾਕਾਰ ਅਤੇ ਮੈਨੇਜਰ ਪੂਜਾ ਡਡਲਾਨੀ ਨੂੰ ਛੱਡ ਦਿੱਤਾ ਗਿਆ।
ਹਾਲਾਂਕਿ, ਕਸਟਮ ਵਿਭਾਗ ਨੇ ਅਭਿਨੇਤਾ ਦੇ ਬਾਡੀਗਾਰਡ ਰਵੀ ਅਤੇ ਕੁਝ ਹੋਰ ਮੈਂਬਰਾਂ ਨੂੰ ਅਗਲੇਰੀ ਪ੍ਰਕਿਰਿਆ ਪੂਰੀ ਕਰਨ ਲਈ ਹਵਾਈ ਅੱਡੇ ‘ਤੇ ਰੋਕ ਦਿੱਤਾ। ਘੜੀਆਂ ਦੀ ਕੀਮਤ ਦਾ ਅੰਦਾਜ਼ਾ ਲਗਾਉਣ ਤੋਂ ਬਾਅਦ 6,83,000 ਰੁਪਏ ਦੀ ਕਸਟਮ ਡਿਊਟੀ ਅਦਾ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਪੂਰੀ ਟੀਮ ਨੂੰ ਛੱਡ ਦਿੱਤਾ ਗਿਆ।