ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਫ਼ਿਲਮਸਾਜ਼ ਦਿਨੇਸ਼ ਵਿਜਨ ਦੀ ਆਉਣ ਵਾਲੀ ਡਰਾਉਣੀ ਫ਼ਿਲਮ ‘ਵੈਂਪਾਇਰ’ ਵਿੱਚ ਕੰਮ ਕਰਨ ਦੇ ਸੰਕੇਤ ਦਿੱਤੇ ਹਨ। ਇਹ ਵੀ ਚਰਚੇ ਹਨ ਕਿ ਇਹ ਫ਼ਿਲਮ ਸਾਲ 2018 ਵਿੱਚ ਆਈ ਅਮਰ ਕੌਸ਼ਿਕ ਦੀ ਫ਼ਿਲਮ ‘ਸਤ੍ਰੀ’ ਦਾ ਅਗਲਾ ਭਾਗ ਹੈ, ਜਿਸ ਦਾ ਨਾਮ ‘ਵੈਂਪਾਇਰ’ ਰੱਖਿਆ ਗਿਆ ਹੈ। ਇਸ ਫ਼ਿਲਮ ਵਿੱਚ ਆਯੂਸ਼ਮਾਨ ਖੁਰਾਣਾ ਅਤੇ ਸਾਮੰਥਾ ਰੂਥ ਪ੍ਰਭੂ ਅਹਿਮ ਭੂਮਿਕਾਵਾਂ ਵਿੱਚ ਹਨ। ਜਦੋਂ ਆਯੂਸ਼ਮਾਨ ਨੂੰ ਫ਼ਿਲਮ ‘ਵੈਂਪਾਇਰ’ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਖਿਆ ਕਿ ਫ਼ਿਲਮ ਦੇ ਨਿਰਮਾਤਾ ਜਲਦ ਹੀ ਅਧਿਕਾਰਤ ਤੌਰ ‘ਤੇ ਇਸ ਬਾਰੇ ਐਲਾਨ ਕਰਨਗੇ। 38 ਸਾਲਾ ਅਦਾਕਾਰ ਨੇ ਆਖਿਆ,”ਦਿਨੇਸ਼ ਤੇ ਅਮਰ ਕੌਸ਼ਿਕ ਇਕ ਵੱਡੀ ਡਰਾਉਣੀ ਫ਼ਿਲਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤੀ ਦਰਸ਼ਕਾਂ ਲਈ ਇਹ ਫ਼ਿਲਮ ਦਿਲਚਸਪ ਤੇ ਨਿਵੇਕਲੀ ਹੋਵੇਗੀ ਪਰ ਇਹ ਦੇਖਣਾ ਹੋਵੇਗਾ ਕਿ ਇਹ ਕਦੋਂ ਬਣਦੀ ਹੈ ਅਤੇ ਅਸੀਂ ਇਸ ਬਾਰੇ ਅਧਿਕਾਰਤ ਐਲਾਨ ਜਲਦੀ ਕਰਾਂਗੇ।” ਜਾਣਕਾਰੀ ਅਨੁਸਾਰ ਕੌਮੀ ਪੁਰਸਕਾਰ ਜੇਤੂ ਦਿਨੇਸ਼ ਤੇ ਕੌਸ਼ਿਕ ਨੇ ਇਸ ਤੋਂ ਪਹਿਲਾਂ ਸਾਲ 2019 ਵਿੱਚ ਆਈ ਸੁੁਪਰਹਿਟ ਫ਼ਿਲਮ ‘ਬਾਲਾ’ ਵਿੱਚ ਇਕੱਠਿਆਂ ਕੰਮ ਕੀਤਾ ਸੀ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਫ਼ਿਲਮ ‘ਵੈਂਪਾਇਰ’ ਰਾਜਸਥਾਨ ਦੀ ਲੋਕ-ਧਾਰਾ ਬਾਰੇ ਹੈ। ਇਸ ਫ਼ਿਲਮ ਵਿੱਚ ਆਯੂਸ਼ਮਾਨ ‘ਭੂਤ’ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ ਜਦਕਿ ਸਾਮੰਥਾ ‘ਰਾਜਕੁਮਾਰੀ’ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। -ਪੀਟੀਆਈ